ਕਿਸਾਨਾਂ ਲਈ ਕੀਮਤੀ ਨੁਕਤੇ: ਹਾੜ੍ਹੀ ਰੁੱਤ ਵਿੱਚ ਦਾਲਾਂ ਦੀ ਸਫ਼ਲ ਕਾਸ਼ਤ

TeamGlobalPunjab
10 Min Read

-ਵਿਵੇਕ ਕੁਮਾਰ

ਮਨੁੱਖੀ ਸਿਹਤ ਲਈ ਜ਼ਰੂਰੀ ਪ੍ਰੋਟੀਨ, ਵਿਟਾਮਿਨ ਅਤੇ ਹੋਰ ਖੁਰਾਕੀ ਤੱਤਾਂ ਦਾ ਚੰਗਾ ਸ੍ਰੋਤ ਹੋਣ ਕਰਕੇ ਭਾਰਤੀ ਲੋਕਾਂ ਦੀ ਖੁਰਾਕ ਵਿੱਚ ਦਾਲਾਂ ਦਾ ਅਹਿਮ ਸਥਾਨ ਹੈ। ਦਾਲਾਂ ਵਾਲੀਆਂ ਫ਼ਸਲਾਂ ਮਨੁੱਖੀ ਸਿਹਤ ਦੇ ਨਾਲ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ ਵਿੱਚ ਵੀ ਮਦਦਗਾਰ ਸਾਬਿਤ ਹੁੰਦੀਆਂ ਹਨ ਕਿਉਂਕਿ ਇਹ ਫ਼ਸਲਾਂ ਨਾ-ਸਿਰਫ਼ ਜ਼ਮੀਨ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਵਧਾÀਂਦੀਆਂ ਹਨ ਬਲਕਿ ਇਸ ਨੂੰ ਆਪਣੀ ਰਹਿੰਦ-ਖੂੰਹਦ ਨਾਲ ਜੈਵਿਕ ਮਾਦੇ ਨਾਲ ਵੀ ਭਰਪੂਰ ਬਣਾਉਂਦੀਆਂ ਹਨ। ਪੰਜਾਬ ਵਿੱਚ ਕਣਕ-ਝੋਨੇ ਦੇ ਫ਼ਸਲੀ ਚੱਕਰ ਦੀ ਪ੍ਰਮੁੱਖਤਾ ਹੋਣ ਕਰਕੇ ਦਾਲਾਂ ਹੇਠ ਰਕਬਾ ਅਤੇ ਉਤਪਾਦਨ ਕਾਫ਼ੀ ਘਟ ਗਿਆ ਹੈ। ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਸਾਡੀ ਰੋਜ਼ਾਨਾ ਖੁਰਾਕ ਵਿੱਚ ਦਾਲਾਂ ਦੀ ਖਪਤ ਘੱਟੋ ਘੱਟ 80 ਗ੍ਰਾਮ/ਮਨੱਖ/ਦਿਨ ਹੋਣੀ ਚਾਹੀਦੀ ਹੈ ਪਰ ਭਾਰਤ ਵਿੱਚ ਇਹ ਸਿਰਫ਼ 30-35 ਗ੍ਰਾਮ/ਮਨੱਖ/ਦਿਨ ਹੈ। ਇਸ ਲਈ ਦਾਲਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਹਾੜ੍ਹੀ ਰੁੱਤ ਦੀਆਂ ਦਾਲਾਂ ਹੇਠ ਰਕਬਾ ਵਧਾਉਣ ਦੀ ਜ਼ਰੂਰਤ ਹੈ। ਪੰਜਾਬ ਵਿੱਚ ਛੋਲੇ ਅਤੇ ਮਸਰ ਹਾੜ੍ਹੀ ਵਿੱਚ ਉਗਾਈਆਂ ਜਾਣ ਵਾਲੀਆਂ ਮੁੱਖ ਦਾਲਾਂ ਹਨ ਜਿਹਨਾਂ ਦੀ ਸਫ਼ਲ ਕਾਸ਼ਤ ਲਈ ਹੇਠ ਲਿਖੇ ਨੁਕਤੇ ਅਪਣਾਉਣੇ ਚਾਹੀਦੇ ਹਨ।

ਜ਼ਮੀਨ: ਲੂਣੀਆਂ-ਖਾਰੀਆਂ, ਕਲਰਾਠੀਆਂ ਜਾਂ ਸੇਮ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਛੋਲਿਆਂ ਦੀ ਫ਼ਸਲ ਨੂੰ ਚੰਗੇ ਜਲ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਅਤੇ ਮਸਰ ਨੂੰ ਲਗਭਗ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ।

ਕਿਸਮਾਂ ਦੀ ਚੋਣ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਦੇਸੀ ਛੋਲਿਆਂ ਲਈ ਪੀ.ਬੀ.ਜੀ. 8, ਪੀ.ਬੀ.ਜੀ. 7, ਪੀ.ਬੀ.ਜੀ. 5, ਜੀ.ਪੀ.ਐਫ਼. 2, ਪੀ.ਡੀ.ਜੀ. 4; ਕਾਬਲੀ ਛੋਲਿਆਂ ਲਈ ਐਲ. 552 ਅਤੇ ਮਸਰਾਂ ਲਈ ਐਲ.ਐਲ. 1373, ਐਲ.ਐਲ. 931 ਅਤੇ ਐਲ.ਐਲ. 699 ਕਿਸਮਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਹਨਾਂ ਵਿੱਚੋਂ ਦੇਸੀ ਛੋਲਿਆਂ ਦੀ ਕਿਸਮ ਪੀ.ਬੀ.ਜੀ. 7 ਸਾਰੇ ਪ੍ਰਾਂਤ ਵਿੱਚ ਸੇਂਜੂ ਹਾਲਤਾਂ ਲਈ, ਪੀ.ਬੀ.ਜੀ. 5 ਸਿੱਲ੍ਹ ਵਾਲੇ ਇਲਾਕਿਆਂ ਵਿੱਚ ਸੇਂਜੂ ਹਾਲਤਾਂ ਲਈ, ਪੀ.ਬੀ.ਜੀ. 8 ਅਤੇ ਜੀ.ਪੀ.ਐਫ਼. 2 ਸਿੱਲ੍ਹ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਂਤ ਵਿੱਚ ਸੇਂਜੂ ਹਾਲਤਾਂ ਲਈ ਅਤੇ ਪੀ.ਡੀ.ਜੀ. 4 ਸਿੱਲ੍ਹ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਂਤ ਵਿੱਚ ਬਰਾਨੀ ਹਾਲਤਾਂ ਲਈ ਸਿਫ਼ਾਰਸ਼ ਕੀਤੀਆਂ ਗਈਆਂ ਹਨ। ਕਾਬਲੀ ਛੋਲਿਆਂ ਦੀ ਕਿਸਮ ਐਲ. 552 ਨੂੰ ਸਿੱਲ੍ਹ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਂਤ ਵਿੱਚ ਸੇਂਜੂ ਹਾਲਤਾਂ ਲਈ ਸਿਫ਼ਾਰਸ਼ ਕੀਤਾ ਜਾਂਦਾ ਹੈ।

- Advertisement -

ਜ਼ਮੀਨ ਦੀ ਤਿਆਰੀ: ਛੋਲਿਆਂ ਦੀ ਫ਼ਸਲ ਲਈ ਜ਼ਮੀਨ ਨੂੰ ਬਹੁਤ ਭੁਰਭੁਰੀ ਕਰਨ ਦੀ ਲੋੜ ਨਹੀਂ ਪੈਂਦੀ, ਪਰ ਉਖੇੜਾ ਰੋਗ ਦਾ ਹਮਲਾ ਘਟਾਉਣ ਅਤੇ ਵੱਧ ਝਾੜ ਲੈਣ ਲਈ ਜ਼ਮੀਨ ਨੂੰ ਡੂੰਘਾ ਵਾਹੁਣਾ ਬਹੁਤ ਲਾਹੇਵੰਦ ਹੁੰਦਾ ਹੈ। ਜ਼ਮੀਨ ਦੀ 22.5 ਸੈਂਟੀਮੀਟਰ ਡੂੰਘੀ ਵਹਾਈ ਪੌਦੇ ਦੀਆਂ ਜੜਾਂ ਦੇ ਵਾਧੇ ਵਿੱਚ ਮਦਦ ਕਰਦੀ ਹੈ ਜਿਸ ਨਾਲ ਝਾੜ ਵਧਦਾ ਹੈ। ਮਸਰਾਂ ਦੀ ਬਿਜਾਈ ਸਮੇਂ ਖੇਤ ਵਿੱਚ ਮਿੱਟੀ ਦੇ ਢੇਲਿਆਂ ਨੂੰ ਤੋੜਣ ਅਤੇ ਨਦੀਨਾਂ ਦੇ ਖਾਤਮੇ ਲਈ ਜ਼ਮੀਨ ਨੂੰ 2-3 ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਤਿਆਰ ਕਰਨਾ ਚਾਹੀਦਾ ਹੈ।

ਬਿਜਾਈ ਦਾ ਸਹੀ ਸਮਾਂ: ਸੇਂਜੂ ਹਾਲਤਾਂ ਵਿੱਚ ਦੇਸੀ ਅਤੇ ਕਾਬਲੀ ਛੋਲਿਆਂ ਦੀ ਬਿਜਾਈ ਦਾ ਸਹੀ ਸਮਾਂ 25 ਅਕਤੂਬਰ ਤੋਂ 10 ਨਵੰਬਰ ਹੈ ਜਦਕਿ ਬਰਾਨੀ ਹਾਲਤਾਂ ਵਿੱਚ ਦੇਸੀ ਛੋਲਿਆਂ ਦੀ ਬਿਜਾਈ 10 ਤੋਂ 25 ਅਕਤੂਬਰ ਦੌਰਾਨ ਕਰਨੀ ਚਾਹੀਦੀ ਹੈ। ਮਸਰਾਂ ਦੀ ਬਿਜਾਈ ਨੀਮ ਪਹਾੜੀ ਇਲਾਕਿਆਂ ਵਿੱਚ ਅਕਤੂਬਰ ਦੇ ਦੂਜੇ ਪੰਦਰਵਾੜੇ ਅਤੇ ਬਾਕੀ ਇਲਾਕਿਆਂ ਵਿੱਚ ਅਕਤੂਬਰ ਦੇ ਅਖੀਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕਰਨੀ ਚਾਹੀਦੀ ਹੈ।

ਬੀਜ ਦੀ ਮਾਤਰਾ: ਦਾਲਾਂ ਵਾਲੀਆਂ ਫ਼ਸਲਾਂ ਤੋਂ ਵਧੀਆ ਝਾੜ ਲੈਣ ਲਈ ਕਿਸਮਾਂ ਅਤੇ ਬਿਜਾਈ ਦੇ ਸਮੇਂ ਅਨੁਸਾਰ ਬੀਜ ਦੀ ਮਾਤਰਾ ਵੱਲ ਧਿਆਨ ਦੇਣਾ ਜ਼ਰੂਰੀ ਹੈ। ਦੇਸੀ ਛੋਲਿਆਂ ਦੀਆਂ ਕਿਸਮਾਂ ਪੀ.ਬੀ.ਜੀ. 8, ਪੀ.ਬੀ.ਜੀ. 7, ਜੀ.ਪੀ.ਐਫ਼. 2 ਅਤੇ ਪੀ.ਡੀ.ਜੀ. 4 ਲਈ 15-18 ਕਿਲੋ; ਪੀ ਬੀ ਜੀ 5 ਲਈ 24 ਕਿਲੋ ਅਤੇ ਕਾਬਲੀ ਛੋਲਿਆਂ ਲਈ 37 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਜੇਕਰ ਦੇਸੀ ਛੋਲੇ ਨਵੰਬਰ ਦੇ ਦੂਜੇ ਪੰਦਰਵਾੜੇ ਵਿੱਚ ਬੀਜਣੇ ਹੋਣ ਤਾਂ ਬੀਜ ਦੀ ਮਾਤਰਾ 27 ਕਿਲੋ ਅਤੇ ਜੇਕਰ ਦਸੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜਣੇ ਹੋਣ ਤਾਂ ਬੀਜ ਦੀ ਮਾਤਰਾ 36 ਕਿਲੋ ਪ੍ਰਤੀ ਏਕੜ ਰੱਖਣੀ ਚਾਹੀਦੀ ਹੈ। ਮਸਰਾਂ ਦੀ ਕਿਸਮ ਐਲ ਐਲ 1373 ਲਈ 18 ਕਿਲੋ ਅਤੇ ਬਾਕੀ ਕਿਸਮਾਂ ਲਈ 12-15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ।

ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ ਲਾਉਣਾ: ਹਾੜ੍ਹੀ ਰੁੱਤ ਦੀਆਂ ਦਾਲਾਂ ਦਾ ਵਧੇਰੇ ਝਾੜ ਲੈਣ ਲਈ ਬੀਜਣ ਤੋਂ ਪਹਿਲਾਂ ਬੀਜ ਨੂੰ ਢੁਕਵੀਂ ਜੀਵਾਣੂੰ ਖਾਦ ਦੇ ਟੀਕੇ ਨਾਲ ਚੰਗੀ ਤਰ੍ਹਾਂ ਰਲਾ ਦੇਣਾ ਚਾਹੀਦਾ ਹੈ। ਛੋਲਿਆਂ ਲਈ ਮੀਜ਼ੋਰਾਈਜ਼ੋਬੀਅਮ (ਐਲ ਜੀ ਆਰ-33) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-1) ਜੀਵਾਣੂੰ ਖਾਦ ਦਾ ਇੱਕ-ਇੱਕ ਪੈਕੇਟ ਪ੍ਰਤੀ ਏਕੜ ਅਤੇ ਮਸਰਾਂ ਲਈ ਰਾਈਜ਼ੋਬੀਅਮ (ਐਲ ਐਲ ਆਰ-12) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-2) ਦਾ ਇੱਕ-ਇੱਕ ਪੈਕਟ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ।

ਬਿਜਾਈ ਦਾ ਢੰਗ: ਛੋਲਿਆਂ ਦੀ ਬਿਜਾਈ ਸਿਆੜ ਤੋਂ ਸਿਆੜ ਦਾ ਫ਼ਾਸਲਾ 30 ਸੈਂਟੀਮੀਟਰ ਰੱਖਦੇ ਹੋਏ ਖਾਦ ਬੀਜ ਡਰਿਲ ਜਾਂ ਪੋਰਨੀ ਨਾਲ ਚਾਹੀਦੀ ਹੈ। ਬੀਜ ਨੂੰ 10 ਤੋਂ 12.5 ਸੈਂਟੀਮੀਟਰ ਡੂੰਘਾ ਬੀਜਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਘੱਟ ਡੂੰਘਾਈ ਤੇ ਬੀਜੇ ਛੋਲਿਆਂ ਨੂੰ ਉਖੇੜੇ ਦੀ ਬਿਮਾਰੀ ਲੱਗਣ ਦਾ ਖਤਰਾ ਵੱਧ ਹੁੰਦਾ ਹੈ। ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਉਤੇ, ਖਾਸ ਤੌਰ ਤੇ ਝੋਨੇ ਤੋਂ ਬਾਅਦ, ਛੋਲਿਆਂ ਦੀ ਬਿਜਾਈ ਕਣਕ ਲਈ ਵਰਤੇ ਜਾਂਦੇ ਬੈਡ ਪਲਾਂਟਰ ਨਾਲ ਕੀਤੀ ਜਾ ਸਕਦੀ ਹੈ ਜਿਸ ਨਾਲ ਫ਼ਸਲ ਸਿੰਚਾਈ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਜਾਂਦੀ ਹੈ।

- Advertisement -

ਮਸਰਾਂ ਦੀ ਫ਼ਸਲ ਸਿਆੜਾਂ ਵਿੱਚ 22.5 ਸੈਂਟੀਮੀਟਰ ਦਾ ਫ਼ਾਸਲਾ ਰਖਦੇ ਹੋਏ ਖਾਦ ਬੀਜ ਡਰਿੱਲ, ਪੋਰੇ ਜਾਂ ਕੇਰੇ ਨਾਲ ਬੀਜਣੀ ਚਾਹੀਦੀ ਹੈ। ਪਛੇਤੀ ਬਿਜਾਈ ਨਾਲ ਸਿਆੜਾਂ ਵਿਚਕਾਰ ਫ਼ਾਸਲਾ ਘਟਾ ਕੇ 20 ਸੈਂਟੀਮੀਟਰ ਕਰ ਦੇਣਾ ਚਾਹੀਦਾ ਹੈ। ਜੇਕਰ ਇਹ ਫ਼ਸਲ ਝੋਨੇ ਦੀ ਫ਼ਸਲ ਪਿੱਛੋਂ ਬੀਜਣੀ ਹੋਵੇ ਅਤੇ ਸਮੇਂ ਦੀ ਘਾਟ ਕਾਰਨ ਜੇਕਰ ਜ਼ਮੀਨ ਦੀ ਤਿਆਰੀ ਸੰਭਵ ਨਾ ਹੋਵੇ ਤਾਂ ਬਿਜਾਈ ਛੱਟੇ ਨਾਲ ਵੀ ਕੀਤੀ ਜਾ ਸਕਦੀ ਹੈ।

ਖਾਦ ਪ੍ਰਬੰਧਨ: ਖਾਦਾਂ ਹਮੇਸ਼ਾ ਮਿੱਟੀ ਦੀ ਪਰਖ ਦੇ ਅਧਾਰ ਤੇ ਹੀ ਪਾਉਣੀਆਂ ਚਾਹੀਦੀਆਂ ਹਨ। ਜੇਕਰ ਪਰਖ ਨਾ ਕਰਾਈ ਹੋਵੇ ਤਾਂ ਦਰਮਿਆਨੀ ਮਿੱਟੀ ਵਿੱਚ ਦੇਸੀ ਅਤੇ ਕਾਬਲੀ ਛੋਲਿਆਂ ਨੂੰ 13 ਕਿਲੋ ਯੂਰੀਆ ਦੇ ਨਾਲ ਨਾਲ ਕ੍ਰਮਵਾਰ 50 ਅਤੇ 100 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਉਪਰੋਕਤ ਖਾਦਾਂ ਤੋਂ ਇਲਾਵਾ, ਫ਼ਸਲ ਬੀਜਣ ਤੋਂ 90 ਅਤੇ 110 ਦਿਨਾਂ ‘ਤੇ 2% ਯੂਰੀਆ (3 ਕਿਲੋ ਯੂਰੀਆ ਨੂੰ 150 ਲਿਟਰ ਪਾਣੀ ਵਿੱਚ) ਦਾ ਛਿੜਕਾਅ ਕਰਨਾ ਲਾਹੇਵੰਦ ਹੈ। ਮਸਰਾਂ ਦੇ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਲਗਾਇਆ ਹੋਵੇ ਤਾਂ 11 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਜੇਕਰ ਬੀਜ ਨੂੰ ਟੀਕਾ ਨਾ ਲਾਇਆ ਹੋਵੇ ਤਾਂ ਸਿੰਗਲ ਸੁਪਰਫ਼ਾਸਫ਼ੇਟ ਦੀ ਮਾਤਰਾ ਦੁੱਗਣੀ (100 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ) ਕਰ ਦੇਣੀ ਚਾਹੀਦੀ ਹੈ। ਸਾਰੀਆਂ ਖਾਦਾਂ ਬਿਜਾਈ ਸਮੇਂ ਹੀ ਪਾਉਣੀਆਂ ਚਾਹੀਦੀਆਂ ਹਨ।
ਨਦੀਨਾਂ ਦੀ ਰੋਕਥਾਮ: ਹਾੜ੍ਹੀ ਰੁੱਤ ਦੀਆਂ ਦਾਲਾਂ ਦਾ ਵਧੇਰੇ ਝਾੜ ਲੈਣ ਲਈ ਨਦੀਨਾਂ ਦੀ ਸਹੀ ਸਮੇਂ ਤੇ ਰੋਕਥਾਮ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਨਦੀਨ ਖੁਰਾਕੀ ਤੱਤਾਂ, ਰੌਸ਼ਨੀ, ਪਾਣੀ ਅਤੇ ਥਾਂ ਲਈ ਇਹਨਾਂ ਫ਼ਸਲਾਂ ਦਾ ਮੁਕਾਬਲਾ ਕਰਕੇ ਇਹਨਾਂ ਦੇ ਵਾਧੇ ਅਤੇ ਝਾੜ ਤੇ ਮਾੜਾ ਅਸਰ ਪਾਉਂਦੇ ਹਨ। ਨਦੀਨਾਂ ਨੂੰ ਬਿਜਾਈ ਤੋਂ 30 ਅਤੇ 60 ਦਿਨਾਂ ‘ਤੇ ਦੋ ਗੋਡੀਆਂ ਨਾਲ ਕਾਬੂ ਕੀਤਾ ਜਾ ਸਕਦਾ ਹੈ।

ਸਿੰਚਾਈ: ਜੜਾਂ ਦੇ ਡੂੰਘਾਈ ਤੱਕ ਵਾਧੇ ਨੂੰ ਯਕੀਨੀ ਬਣਾਉਣ ਲਈ ਸੇਂਜੂ ਜ਼ਮੀਨ ਵਿੱਚ ਛੋਲਿਆਂ ਦੀ ਬਿਜਾਈ ਤੋਂ ਪਹਿਲਾਂ ਭਰਵੀਂ ਰੌਣੀ ਕਰਨੀ ਚਾਹੀਦੀ ਹੈ। ਬਿਜਾਈ ਦੇ ਸਮੇਂ ਅਤੇ ਬਾਰਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸਿੰਚਾਈ ਅੱਧ ਦਸੰਬਰ ਤੋਂ ਅੰਤ ਜਨਵਰੀ ਦਰਮਿਆਨ ਦੇਣੀ ਚਾਹੀਦੀ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਸਿੰਚਾਈ ਕਿਸੇ ਵੀ ਹਾਲਤ ਵਿੱਚ ਬਿਜਾਈ ਤੋਂ 4 ਹਫ਼ਤੇ ਦੇ ਅੰਦਰ ਨਹੀਂ ਦੇਣੀ ਚਾਹੀਦੀ। ਬਾਰਸ਼ ਪਹਿਲਾਂ ਹੋ ਜਾਣ ਦੀ ਸੂਰਤ ਵਿੱਚ ਇਹ ਸਿੰਚਾਈ ਹੋਰ ਵੀ ਪਛੇਤੀ ਕਰ ਦੇਣੀ ਚਾਹੀਦੀ ਹੈ। ਜੇਕਰ ਛੋਲਿਆਂ ਨੂੰ ਭਾਰੀਆਂ ਜ਼ਮੀਨਾਂ ਵਿੱਚ, ਖਾਸ ਕਰਕੇ ਝੋਨੇ ਤੋਂ ਪਿੱਛੋਂ ਪੱਧਰੇ ਖੇਤ ਵਿੱਚ ਬੀਜਿਆ ਜਾਵੇ ਤਾਂ ਪਾਣੀ ਬਿਲਕੁਲ ਨਹੀਂ ਲਾਉਣਾ ਚਾਹੀਦਾ। ਝੋਨੇ ਪਿਛੋਂ ਵੱਟਾਂ ਉਤੇ ਬੀਜੇ ਛੋਲਿਆਂ ਵਿੱਚ ਡੱਡੇ ਬਨਣ ਵੇਲੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਸਿੰਚਾਈ ਕੀਤੀ ਜਾ ਸਕਦੀ ਹੈ।

ਮਸਰਾਂ ਨੂੰ ਬਾਰਸ਼ ਦੇ ਆਧਾਰ ਤੇ 1-2 ਪਾਣੀਆਂ ਦੀ ਲੋੜ ਪੈਂਦੀ ਹੈ। ਜੇ ਇੱਕ ਪਾਣੀ ਦੇਣਾ ਹੋਵੇ ਤਾਂ ਬਿਜਾਈ ਤੋਂ 6 ਹਫ਼ਤੇ ਬਾਅਦ ਦੇਣਾ ਚਾਹੀਦਾ ਹੈ। ਜੇਕਰ ਦੋ ਪਾਣੀ ਲਾਉਣੇ ਹੋਣ ਤਾਂ ਪਹਿਲਾ ਪਾਣੀ ਬਿਜਾਈ ਤੋਂ 4 ਹਫ਼ਤੇ ਬਾਅਦ ਅਤੇ ਦੂਜਾ ਫੁੱਲ ਪੈਣ ਸਮੇਂ ਜਾਂ ਫ਼ਲੀਆਂ ਪੈਣ ਸਮੇਂ ਮੌਸਮ ਅਨੁਸਾਰ ਦੇਣਾ ਚਾਹੀਦਾ ਹੈ।

ਵਾਢੀ: ਫ਼ਸਲ ਦੀ ਵਾਢੀ ਬੂਟੇ ਸੁੱਕ ਜਾਣ ਅਤੇ ਫ਼ਲੀਆਂ ਪੱਕ ਜਾਣ ਤੇ ਦਾਤਰੀ ਨਾਲ ਕਰਨੀ ਚਾਹੀਦੀ ਹੈ। ਫ਼ਸਲ ਦੀਆਂ ਜੜਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਹੀ ਰੱਖਣ ਲਈ ਫ਼ਸਲ ਨੂੰ ਹੱਥਾਂ ਨਾਲ ਨਹੀਂ ਪੁੱਟਣਾ ਚਾਹੀਦਾ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਫ਼ਲੀਆਂ ਜ਼ਿਆਦਾ ਨਾ ਪੱਕਣ, ਨਹੀਂ ਤਾਂ ਦਾਣੇ ਕਿਰਨ ਦਾ ਡਰ ਰਹਿੰਦਾ ਹੈ।

ਸੰਪਰਕ : 98556-03629

Share this Article
Leave a comment