ਜਗਤਾਰ ਸਿੰਘ ਸਿੱਧੂ;
ਕੀ 18 ਜਨਵਰੀ ਦੀ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਿਸਾਨੀ ਅੰਦੋਲਨ ਲਈ ਏਕੇ ਦੇ ਸੁਨੇਹੇ ਨੂੰ ਅਮਲੀ ਜਾਮਾ ਪਹਿਨਾਏਗੀ? ਪਾਤੜਾਂ ਭਲਕੇ ਤਿੰਨ ਵੱਡੇ ਕਿਸਾਨ ਫੋਰਮਾਂ ਦੀ ਹੋਣ ਜਾ ਰਹੀ ਮੀਟਿੰਗ ਉੱਤੇ ਸਮੁੱਚੇ ਕਿਸਾਨ ਹਿਤੇਸ਼ੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਵੱਡੀ ਨੁਮਾਇੰਦਗੀ ਵਾਲਾ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੀ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅੰਦੋਲਨ ਬਾਰੇ ਕਈ ਮੁੱਦਿਆਂ ਉੱਪਰ ਸਹਿਮਤੀ ਦਾ ਮਾਹੌਲ ਬਣ ਗਿਆ ਸੀ। ਖਾਸ ਤੌਰ ਉੱਤੇ ਕਿਸਾਨ ਆਗੂਆਂ ਵਲੋਂ ਇਕ ਦੂਜੇ ਵਿਰੁੱਧ ਬਿਆਨਬਾਜ਼ੀ ਨਾ ਕਰਨ ਵਾਲਾ ਸਵੈ ਜਾਬਤਾ ਕਾਫੀ ਹੱਦ ਤੱਕ ਕਾਮਯਾਬੀ ਨਾਲ ਚੱਲ ਰਿਹਾ ਹੈ। ਕਿਸਾਨਾਂ ਦੀਆਂ ਮੰਗਾਂ ਬਾਰੇ ਵੀ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਚਕਾਰ ਸਹਿਮਤੀ ਹੈ। ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਮੁੱਦੇ ਉੱਤੇ ਵੀ ਸਾਰੇ ਕਿਸਾਨ ਫੋਰਮਾਂ ਦੀ ਡੱਟਵੀਂ ਹਮਾਇਤ ਹਾਸਲ ਹੋ। ਇਹ ਵੀ ਸਹਿਮਤੀ ਹੈ ਕਿ ਮੁੱਖ ਲੜਾਈ ਕੇਂਦਰ ਦੇ ਮੰਗਾਂ ਬਾਰੇ ਨਾਂਹ ਪੱਖੀ ਵਤੀਰੇ ਵਿਰੁੱਧ ਹੈ। ਅਜੇ ਤੱਕ ਕੇਂਦਰ ਵੱਲੋਂ ਮੰਗਾਂ ਨੂੰ ਲੈਕੇ ਗੱਲਬਾਤ ਕਰਨ ਦਾ ਕੋਈ ਸੁਨੇਹਾ ਤੱਕ ਨਹੀਂ ਆਇਆ। ਇੱਥੋਂ ਤੱਕ ਕਿ ਮੀਟਿੰਗ ਅਤੇ ਸਥਾਨ ਤੈਅ ਕਰਨ ਬਾਰੇ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਸੁਣਿਆ। ਕਿਸਾਨ ਅੰਦੋਲਨ ਦੇ ਮੁੱਦਿਆਂ ਨੂੰ ਲੈ ਕੇ ਸਹਿਮਤੀ ਵਾਲਾ ਸਫਰ ਹੀ ਭਲਕੇ ਦੀ ਮੀਟਿੰਗ ਦੇ ਠੋਸ ਫੈਸਲਿਆਂ ਦਾ ਰਾਹ ਖੋਲਦਾ ਹੈ।
ਅਕਸਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਕਿਸਾਨ ਅੰਦੋਲਨ ਦੀ ਦਿੱਲੀ ਨਾਲ ਟੱਕਰ ਬਾਰੇ ਆਖਦੇ ਹਨ ਕਿ ਕੋਈ ਵੀ ਜਥੇਬੰਦੀ ਆਪਣੇ ਤੌਰ ਤੇ ਲੜਕੇ ਜਿੱਤ ਨਹੀਂ ਸਕਦੀ ਸਗੋਂ ਇਹ ਤਾਂ ਸਾਂਝੇ ਤੌਰ ਤੇ ਹੀ ਲੜਕੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਦਿੱਲੀ ਦੀਆਂ ਬਰੂਹਾਂ ਉੱਤੇ ਲੜੇ ਕਿਸਾਨ ਅੰਦੋਲਨ ਦਾ ਤਜਰਬਾ ਸਭ ਦੇ ਸਾਹਮਣੇ ਹੈ। ਕੇਵਲ ਐਨਾ ਹੀ ਨਹੀ ਸਗੋਂ ਆਮ ਕਿਸਾਨੀ ਦੀ ਵੀ ਇਹ ਭਾਵਨਾ ਹੈ ਕਿ ਕਿਸਾਨ ਜਥੇਬੰਦੀਆਂ ਸਾਂਝੇ ਤੌਰ ਤੇ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ। ਦਿੱਲੀ ਅੰਦੋਲਨ ਵੇਲੇ ਵੀ ਜਥੇਬੰਦੀਆਂ ਦਾ ਆਪੋ ਆਪਣਾ ਢਾਂਚਾ ਸੀ ਪਰ ਅੰਦੋਲਨ ਸਾਂਝਾ ਰਿਹਾ। ਹੁਣ ਵੀ ਪਿਛਲੀ ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਦੋ ਫੋਰਮ ਸਹਿਮਤੀ ਨਾਲ ਪ੍ਰੋਗਰਾਮ ਦੇ ਰਹੇ ਹਨ। ਕੁਝ ਦਿਨਾਂ ਤੱਕ ਛੱਬੀ ਜਨਵਰੀ ਨੂੰ ਵੀ ਸਾਂਝੇ ਟਰੈਕਟਰ ਮਾਰਚ ਦੀ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਹੈ। ਉਮੀਦ ਹੈ ਕਿ ਭਲਕ ਦੀ ਸਾਰੇ ਕਿਸਾਨ ਫੋਰਮਾਂ ਦੀ ਪਾਤੜਾਂ ਸਾਂਝੀ ਮੀਟਿੰਗ ਕਿਸਾਨ ਹਿੱਤ ਵਿੱਚ ਭਵਿੱਖ ਦੇ ਸਾਂਝੇ ਅੰਦੋਲਨਾਂ ਦੇ ਪ੍ਰੋਗਰਾਮਾਂ ਲਈ ਠੋਸ ਰੂਪ ਰੇਖਾ ਲੈਕੇ ਸਾਹਮਣੇ ਆਏਗੀ। ਅਜਿਹੀ ਕਿਸਾਨ ਆਗੂਆਂ ਸਿਰ ਵੱਡੀ ਜਿੰਮੇਵਾਰੀ ਵੀ ਬਣਦੀ ਹੈ।
ਸੰਪਰਕ: 9814002186