ਕੌਮਾਂਤਰੀ ਹਾਸਾ ਦਿਵਸ: ਹੱਸਣ ਦੀ ਆਦਤ ਪਾਓ ਤੇ ਰੋਗਾਂ ਨੂੰ ਦੂਰ ਭਜਾਓ

TeamGlobalPunjab
7 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

‘‘ ਜੇ ਜ਼ਿੰਦਗੀ ਵਿੱਚ ਹਾਸਾ ਹੈ ਤਾਂ ਜ਼ਿੰਦਗੀ ਸਚਮੁੱਚ ਹੀ ਜਿਊਣ ਦੇ ਲਾਇਕ ਹੈ’’    -ਐਲ.ਐਮ.ਮਿੰਟਗੁਮਰੀ।
ਇਹ ਇੱਕ ਕੌੜਾ ਸੱਚ ਹੈ ਕਿ ਸੰਸਾਰ ਦਾ ਹਰੇਕ ਜੀਵ ਖ਼ੁਸ਼ ਰਹਿਣਾ ਚਾਹੁੰਦਾ ਹੈ ਪਰ ਉਸਦੇ ਹਾਲਾਤ,ਉਸਦਾ ਸੁਭਾਅ ਤੇ ਉਸਦੀ ਸੋਚ ਉਸਨੂੰ ਖ਼ੁਸ਼ ਰਹਿਣ ਨਹੀਂ ਦਿੰਦੇ ਹਨ। ਸੰਸਾਰ ਦਾ ਹਰੇਕ ਵਿਅਕਤੀ ਜੇਕਰ ‘ ਆਪ ਖ਼ੁਸ਼ ਰਹੋ ਤੇ ਦੂਜਿਆਂ ਵਿੱਚ ਖ਼ੁਸ਼ੀਆਂ ਵੰਡੋ ’ ਦੇ ਸਿਧਾਂਤ ‘ਤੇ ਅਮਲ ਕਰ ਲਏ ਤਾਂ ਸੰਸਾਰ ਦਾ ਮਣਾ ਮੂੰਹੀਂ ਦੁੱਖ-ਦਰਦ ਤੇ ਪ੍ਰੇਸ਼ਾਨੀਆਂ ਘੜੀ-ਪਲ ਵਿੱਚ ਕਾਫ਼ੂਰ ਹੋ ਸਕਦੀਆਂ ਹਨ। ਜਿਨ੍ਹਾ ਵਿਦਵਾਨਾਂ ਤੇ ਮਹਾਂਪੁਰਸ਼ਾਂ ਨੇ ਜ਼ਿੰਦਗੀ ਦੇ ਸੱਚ ਨੂੰ ਸਮਝਿਆ ਤੇ ਜਾਣਿਆ ਹੈ ਉਨ੍ਹਾ ਨੇ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਜਾਣ ਕੇ ਅਡੋਲ ਭਾਵ ਨਾਲ ਦੋਵਾਂ ਨੂੰ ਹੰਢਾਉਣ ਦਾ ਉਪਦੇਸ਼ ਦਿੱਤਾ ਹੈ। ਇਹ ਸੱਚ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਜ਼ਿੰਦਗੀ ‘ਚ ਚੰਗੇ ਜਾਂ ਸੁੱਖ ਭਰੇ ਦਿਨ ਨਹੀਂ ਰਹੇ ਤਾਂ ਮਾੜੇ ਜਾਂ ਦੁੱਖ ਭਰੇ ਦਿਨ ਵੀ ਸਦਾ ਨਹੀਂ ਰਹਿਣਗੇ। ਸੋ ਹਰ ਹਾਲਾਤ ਵਿੱਚ ਖ਼ੁਸ਼ ਰਹਿਣ ਵਾਲਾ ਤੇ ਹਰ ਦੁੱਖ-ਸੁੱਖ ਨੂੰ ਪਰਮਾਤਮਾ ਦਾ ਤੋਹਫ਼ਾ ਜਾਣ ਕੇ ਖਿੜੇ ਮੱਥੇ ਕਬੂਲ ਕਰਨ ਵਾਲਾ ਸ਼ਖ਼ਸ ਹੀ ਇਸ ਦੁਨੀਆ ਵਿੱਚ ਸਫ਼ਲ ਜੀਵਨ ਜੀਅ ਕੇ ਜਾਂਦਾ ਹੈ ਬਾਕੀ ਸਭ ਤਾਂ ਕੇਵਲ ਜੂਨ ਹੀ ਭੋਗਦੇ ਹਨ।

ਖ਼ੁਸ਼ੀ ਦਾ ਪ੍ਰਗਟਾਵਾ ਬਹੁਤੀ ਵਾਰ ਮਿੰਨ੍ਹਾ-ਮਿੰਨ੍ਹਾ ਤੇ ਕਈ ਵਾਰ ਖੁੱਲ੍ਹ ਕੇ ਹੱਸ ਕੇ ਕੀਤਾ ਜਾਂਦਾ ਹੈ। ਹਰ ਸ਼ਖ਼ਸ ਦਾ ਹੱਸਣ ਦਾ ਅੰਦਾਜ਼ ਆਪਣਾ ਹੈ ਤੇ ਵਿਲੱਖਣ ਹੈ। ਦਰਅਸਲ ਹਾਸਾ ਤਾਂ ਤਨ ਅਤੇ ਮਨ ਨੂੰ ਸਕੂਨ ਦੇਣ ਅਤੇ ਚਿੰਤਾ ਤੇ ਫ਼ਿਕਰ ਨੂੰ ਕਾਫ਼ੂਰ ਕਰਨ ਦਾ ਇੱਕ ਸਾਧਨ ਹੈ। ਦੁਨੀਆਂ ਭਰ ਵਿੱਚ ਜਿੱਥੇ ਵੱਖ ਵੱਖ ਮੌਕਿਆਂ ਲਈ ਵਿਸ਼ੇਸ਼ ਦਿਨ ਨਿਰਧਾਰਤ ਕੀਤੇ ਗਏ ਹਨ ੳੁੱਥੇ ਹੀ ਹਾਸੇ ਲਈ ਵੀ ਕੌਮਾਂਤਰੀ ਪੱਧਰ ‘ਤੇ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਹੈ ਜਿਸਨੂੰ ‘ ਵਿਸ਼ਵ ਹਾਸਾ ਦਿਵਸ ’ ਵਜੋਂ ਹਰ ਸਾਲ ਮਈ ਮਹੀਨੇ ਦੇ ਪਹਿਲੇ ਐਤਵਾਰ ਵਾਲੇ ਦਿਨ ਮਨਾਇਆ ਜਾਂਦਾ ਹੈ ਜੋ ਕਿ ਇਸ ਵਾਰ 2 ਮਈ ਦਾ ਭਾਵ ਅੱਜ ਦਾ ਮੁਬਾਰਕ ਦਿਨ ਹੈ। ਜਿੱਥੋਂ ਤੱਕ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਦਾ ਸਬੰਧ ਹੈ ਤਾਂ ਭਾਰਤ ਵਿੱਚ ਸੰਨ 1998 ਵਿੱਚ ਇਸ ਦਿਵਸ ਨੂੰ ਮਨਾਉਣ ਦੀ ਅਰੰਭਤਾ ਡਾ. ਮਦਨ ਕਟਾਰੀਆ ਨੇ ਕੀਤੀ ਸੀ। ਉਸਨੇ ਸੰਨ 1995 ਵਿੱਚ ‘ਲਾਫ਼ਟਰ ਯੋਗਾ ’ ਨਾਮਕ ਮੁਹਿੰਮ ਦਾ ਆਗ਼ਾਜ਼ ਕੀਤੀ ਸੀ ਤੇ ਹਾਸੇ ਨੂੰ ਸ਼ਰੀਰਕ ਤੰਦਰੁਸਤੀ ਅਤੇ ਮਾਨਸਿਕ ਤਣਾਅ ਤੋਂ ਮੁਕਤੀ ਦਾ ਵੱਡਾ ਸਾਧਨ ਦੱਸਦਿਆਂ ਹੋਇਆਂ ਲੋਕਾਂ ਨੂੰ ਵੱਖ ਵੱਖ ਸਾਧਨਾਂ ਦੀ ਵਰਤੋਂ ਕਰਕੇ ਰੋਜ਼ਾਨਾ ਹੱਸਣ ਲਈ ਕੁਝ ਪਲ ਕੱਢਣ ਦੀ ਤਾਕੀਦ ਕੀਤੀ ਸੀ।

ਜਿੱਥੋਂ ਤੱਕ ਵਿਦੇਸ਼ਾਂ ਵਿੱਚ ‘ ਹਾਸਾ ਦਿਵਸ’ ਮਨਾਉਣ ਦਾ ਸਬੰਧ ਹੈ ਤਾਂ ਕਿਹਾ ਜਾਂਦਾ ਹੈ ਕਿ ਅਮਰੀਕਾ ਦੇ ਲਾਸ ਏਂਜਲਸ ਵਿੱਚ ਇਹ ਦਿਵਸ ਸੰਨ 2005 ਤੋਂ ਮਨਾਇਆ ਜਾ ਰਿਹਾ ਹੈ। ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਬਣੇ ‘ ਲਾਫ਼ਟਰ ਕਲੱਬਾਂ’ ਦੇ ਮੈਂਬਰ ਆਪਣੇ ਪਰਿਵਾਰਾਂ ਤੇ ਯਾਰਾਂ-ਦੋਸਤਾਂ ਸਣੇ ਇਸ ਦਿਨ ਸਥਾਨਕ, ਰਾਜ ਜਾਂ ਕੌਮੀ ਪੱਧਰ ‘ਤੇ ਇਕੱਤਰਤਾਵਾਂ ਕਰਦੇ ਹਨ ਤੇ ਹਾਸਰਸ ਭਰਪੂਰ ਵੱਖ-ਵੱਖ ਵੰਨ੍ਹਗੀਆਂ ਦੇ ਸਮਾਗਮ ਆਯੋਜਿਤ ਕਰਦੇ ਹਨ। ਸੰਨ 2000 ਵਿੱਚ ਡੈਨਮਾਰਕ ਦੇ ਸ਼ਹਿਰ ਕੋਪਨਹੈਗਨ ਦੇ ਟਾਊਨ ਹਾਲ ਵਿਖੇ ‘ ਹੈਪੀਡੇਮਿਕ’ ਭਾਵ ਹੱਸਣ ਦੀ ਮਹਾਂਮਾਰੀ ਸਿਰਲੇਖ ਹੇਠ ਦਸ ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠ ਨੇ ਹਾਸਰਸ ਭਰਪੂਰ ਸਮਾਗਮ ਕਰਕੇ ਵਿਸ਼ਵ ਹਾਸਾ ਦਿਵਸ ਮਨਾਇਆ ਸੀ ਜੋ ਕਿ ਉਸ ਵੇਲੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਦਰਜ ਕੀਤਾ ਗਿਆ ਸੀ।

- Advertisement -

ਵਿਸ਼ਵ ਪ੍ਰਸਿੱਧ ਹਾਸਰਸ ਕਲਾਕਾਰ ਚਾਰਲੀ ਚੈਪਲਿਨ ਨੇ ਕਿਹਾ ਸੀ-‘‘ ਹੱਸਣ ਤੋਂ ਬਿਨਾ ਗੁਜ਼ਾਰਿਆ ਦਿਨ ਵਿਅਰਥ ਹੀ ਹੁੰਦਾ ਹੈ। ਹਾਸਾ ਤਾਂ ਦੁੱਖ-ਦਰਦ ਤੋਂ ਨਿਜਾਤ ਦੁਆਉਣ ਵਾਲਾ ਇੱਕ ਕੀਮਤੀ ਟਾਨਿਕ ਹੈ’’। ਇਸੇ ਤਰ੍ਹਾਂ ਹਿਆਮ ਅਬੀਬ ਦੇ ਬੋਲ ਹਨ-‘‘ ਹਾਸਾ ਦਰਅਸਲ ਤੁਹਾਡੀ ਰੂਹ ਲਈ ਇੱਕ ਦਵਾਈ ਹੈ। ’’ ਉਪਰੋਕਤ ਦੋਵੇਂ ਕਥਨ ਮੈਡੀਕਲ ਪੱਖੋਂ ਪੂਰੀ ਤਰ੍ਹਾਂ ਸੱਚ ਹਨ ਕਿਉਂਕਿ ਮੈਡੀਕਲ ਮਾਹਿਰਾਂ ਦਾ ਮੰਨਣਾ ਹੈ ਕਿ ਹੱਸਣ ਨਾਲ ਸ਼ਰੀਰ ਅੰਦਰ ਅਜਿਹੇ ਪਰਿਵਰਤਨ ਆਉਂਦੇ ਹਨ ਜੋ ਸਰੀਰ ਨੂੰ ਰੋਗ ਮੁਕਤ ਹੋਣ ‘ਚ ਸਹਾਈ ਹੁੰਦੇ ਹਨ। ਮੈਡੀਕਲ ਸਾਇੰਸ ਮੰਨਦੀ ਹੈ ਕਿ ਸਰੀਰ ਅੰਦਰ ਮੌਜੂਦ ਰੋਗਾਂ ਨਾਲ ਲੜ੍ਹਨ ਦੀ ਪ੍ਰਣਾਲੀ ਵਿੱਚ ‘ ਟੀ ਸੈੱਲ’ ਮੌਜੁੂਦ ਹੁੰਦੇ ਹਨ ਜੋ ਉਦੋਂ ਹੀ ਐਕਟਿਵ ਹੁੰਦੇ ਹਨ ਜਦੋਂ ਅਸੀਂ ਹੱਸਦੇ ਹਾਂ। ਇਸ ਤਰ੍ਹਾਂ ਸਾਡੇ ਸਰੀਰ ਅੰਦਰ ‘ ਐਂਡੋਰਫਿਨ ’ ਨਾਮਕ ਪੇਨ ਕਿਲਰ ਭਾਵ ਦਰਦ ਨਿਵਾਰਕ ਵੀ ਮੌਜੂਦ ਹੁੰਦਾ ਹੈ ਜੋ ਉਦੋਂ ਹੀ ਰਿਲੀਜ਼ ਹੁੰਦਾ ਹੈ ਜਦੋਂ ਅਸੀਂ ਖਿੜਖਿੜਾ ਕੇ ਹੱਸਦੇ ਹਾਂ। ਹਿਰਦਾ ਰੋਗ ਮਾਹਿਰਾਂ ਦਾ ਮੰਨਣਾ ਹੈ ਕਿ ਹੱਸਣਾ ਤਾਂ ਦਿਲ ਲਈ ਇੱਕ ਲਾਭਦਾਇਕ ਕਸਰਤ ਹੈ। ਖਿੜਖਿੜਾ ਕੇ ਹੱਸਣ ਨਾਲ ਨਾ ਕੇਵਲ ਹਾਰਟ ਪੰਪ ਕਰਦਾ ਹੈ ਸਗੋਂ ਕੈਲਰੀਜ਼ ਦੀ ਵੀ ਖਪਤ ਹੁੰਦੀ ਹੈ। ਹੱਸਣ ਸਮੇਂ ਪੇਟ ਤੇਜ਼ੀ ਨਾਲ ਅੱਗੇ ਪਿੱਛੇ ਹੁੰਦਾ ਹੈ ਇਸ ਤਰ੍ਹਾਂ ਸਾਡੀਆਂ ਐਬਜ਼ ਦੀ ਵੀ ਕਸਰਤ ਤੇ ਟੋਨਿੰਗ ਹੋ ਜਾਂਦੀ ਹੈ। ਸ਼ਰੀਰ ਅੰਦਰ ਮੌਜੂਦ ਤਣਾਅ ਪੈਦਾ ਕਰਨ ਵਾਲੇ ਹਾਰਮੋਨਜ਼ ਅਤੇ ਬਲੱਡ ਪ੍ਰੈਸ਼ਰ ਵਿੱਚ ਕਮੀ ਆ ਜਾਂਦੀ ਹੈ ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਘਟ ਜਾਂਦਾ ਹੈ। ਮਾਹਿਰਾਂ ਦੀ ਰਾਇ ਹੈ ਕਿ ਹੱਸਣ ਨਾਲ ਖ਼ੂਨ ਵਿੱਚ ਆਕਸੀਜਨ ਦਾ ਪੱਧਰ ਵਧ ਜਾਂਦਾ ਹੈ ਜਿਸ ਨਾਲ ਸਰੀਰ ਵੱਧ ਚੁਸਤ-ਫ਼ੁਰਤ ਹੋ ਜਾਂਦਾ ਹੈ ਤੇ ਹੱਸਣ ਨਾਲ ਯਾਦ ਸ਼ਕਤੀ ਵਿੱਚ ਵੀ ਵਾਧਾ ਹੋ ਸਕਦਾ ਹੈ।

ਸੋ, ਮੁੱਕਦੀ ਗੱਲ ਇਹ ਹੈ ਕਿ ਜ਼ਿੰਦਗੀ ਵਿੱਚ ਹੱਸਣ ਨੂੰ ਪ੍ਰਮੁੱਖਤਾ ਦੇਣੀ ਹੀ ਚਾਹੀਦੀ ਹੈ ਤੇ ਹੱਸਣ ਲਈ ਹਾਸੇ ਵਾਲਾ ਸਾਹਿਤ ਪੜ੍ਹਨਾ,ਹਾਸੇ ਵਾਲੇ ਟੀ.ਵੀ.ਲੜੀਵਾਰ,ਫ਼ਿਲਮਾਂ ਜਾਂ ਵੀਡੀਓ ਵੇਖਣਾ, ਪਰਿਵਾਰ ਵਿੱਚ ਬੈਠ ਕੇ ਜ਼ਿੰਦਗੀ ਦੇ ਖ਼ੁਸ਼ੀਆਂ ਜਾਂ ਹਾਸੇ ਵਾਲੇ ਪਲ ਸਾਂਝੇ ਕਰਨਾ,ਚੁਟਕਲੇ ਪੜ੍ਹਨਾ,ਸੁਣਨਾ ਜਾਂ ਸੁਣਾਉਣਾ ਆਦਿ ਜਿਹੇ ਅਨੇਕਾਂ ਮਾਧਿਅਮ ਅਪਣਾਏ ਜਾ ਸਕਦੇ ਹਨ। ਦੁਨੀਆਂ ਭਰ ਦੇ 105 ਤੋਂ ਵੱਧ ਮੁਲਕਾਂ ਵਿੱਚ ਹਜ਼ਾਰਾਂ ਹੀ ‘ ਲਾਫ਼ਟਰ ਕਲੱਬ’ ਬਣੇ ਹੋਏ ਹਨ ਜਿਨ੍ਹਾ ਦੇ ਮੈਂਬਰ ਬਣਨਾ ਚਾਹੀਦਾ ਹੈ ਤੇ ਹੋ ਸਕੇ ਤਾਂ ਯੋਗਾ ਵਿੱਚ ਮੌਜੂਦ ਦਿਲ ਖੋਲ੍ਹ ਕੇ ਹੱਸਣ ਵਾਲੇ ਆਸਨ ਦਿਨ ਵਿੱਚ ਦੋ ਵਾਰ ਜ਼ਰੂਰ ਕਰਨੇ ਚਾਹੀਦੇ ਹਨ। ਚੇਤੇ ਰੱਖੋ ਦੁੱਖਾਂ ਤੇ ਕਸ਼ਟਾਂ ਵਿੱਚੋਂ ਬਾਹਰ ਕੱਢ ਕੇ ਇੱਕ ਹੀ ਚੀਜ਼ ਤੁਹਾਨੂੰ ਤੇ ਤੁਹਾਡੇ ਚਾਹੁਣ ਵਾਲਿਆਂ ਸਕੂਨ ਦੇ ਸਕਦੀ ਹੈ ਤੇ ਉਹ ਹੈ –ਹਾਸਾ। ਸੋ ਹੱਸਣ ਦੀ ਆਦਤ ਪਾਓ ਤੇ ਜ਼ਿੰਦਗੀ ਵਿੱਚੋਂ ਦੁੱਖਾਂ, ਕਲੇਸ਼ਾਂ ਤੇ ਰੋਗਾਂ ਨੂੰ ਭਜਾਓ।

ਮੋਬਾਇਲ: 97816-46008

Share this Article
Leave a comment