ਬਰਨਾਲਾ : ਅੱਜਕਲ ਲੋਕਾਂ ਦੀ ਮਾਨਸਿਕਤਾ ਐਨੀ ਗਿਰ ਚੁੱਕੀ ਹੈ ਕਿ ਉਹ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਤੋਂ ਵੀ ਨਹੀਂ ਡਰ ਰਹੇ ।ਉਨ੍ਹਾਂ ਨੂੰ ਖੁਦ ਨਹੀਂ ਪਤਾ ਹੁੰਦਾ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਹਨ। ਜਦੋਂ ਬੇਅਦਬੀ ਕਰਨ ਵਾਲੇ ਵਿਅਕਤੀ ‘ਤੇ ਕਾਰਵਾਈ ਹੁੰਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਦਿਮਾਗੀ ਤੌਰ ‘ਤੇ ਸਹੀ ਨਹੀਂ ਸੀ। ਬਰਨਾਲਾ ਦੇ ਪਿੰਡ ਕੱਟੂ ਵਿੱਚ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ।ਹਾਲਾਂਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਖਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ।
ਇਹ ਘਟਨਾ 3 ਨਵੰਬਰ ਦੀ ਹੈ ਜਦੋਂ ਗੁਰੂ ਘਰ ਵਿੱਚ 22 ਦਿਨ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਕਰਨ ਲੱਗੇ ਤਾਂ ਪਤਾ ਚੱਲਿਆ ਕਿ ਅੰਗਾਂ ਦੀ ਬੇਅਦਬੀ ਹੋਈ ਹੈ । ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ । ਦੱਸਿਆ ਜਾ ਰਿਹਾ ਹੈ ਕਿ ਫੜਿਆ ਗਿਆ ਮੁਲਜ਼ਮ ਗੁਰੂ ਘਰ ਵਿੱਚ ਸੇਵਾ ਨਿਭਾਅ ਰਹੇ ਗ੍ਰੰਥੀ ਸਿੰਘ ਦਾ ਰਿਸ਼ਤੇਦਾਰ ਹੀ ਹੈ । ਪੁਲਿਸ ਮੁਤਾਬਿਕ ਜਦੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਗਈ ਤਾਂ ਦੋਸ਼ੀ ਦੀ ਪਹਿਚਾਣ ਸਾਹਮਣੇ ਆਈ ਹੈ। ਇਸ ਘਟਨਾ ਨੂੰ ਗ੍ਰੰਥੀ ਸਿੰਘ ਦੇ ਸਾਲੇ ਨੇ ਅੰਜਾਮ ਦਿੱਤਾ ਸੀ ।
ਹਾਸਿਲ ਜਾਣਕਾਰੀ ਅਨੁਸਾਰ 3 ਨਵੰਬਰ 2024 ਨੂੰ ਰਾਤ 11 ਤੋਂ 12 ਵਜੇ ਵਿਚਾਲੇ ਮੁਲਜ਼ਮ ਗੁਰੂ ਘਰ ਦੇ ਅੰਦਰ ਦਾਖਲ ਹੋਇਆ ਅਤੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ । ਘਟਨਾ ਨੂੰ ਅੰਜਾਮ ਦੇਣ ਵੇਲੇ ਮੁਲਜ਼ਮ ਵੱਲੋਂ ਸਾਰੇ ਕੈਮਰੇ ਬੰਦ ਕਰ ਦਿੱਤੇ ਗਏ । ਪਰ ਇਸ ਤੋਂ ਪਹਿਲਾਂ ਗੁਰੂ ਘਰ ਦੇ ਇੱਕ ਕੈਮਰੇ ਵਿੱਚ ਉਸ ਦੀ ਸਾਰੀ ਹਰਕਤ ਕੈਦ ਹੋ ਗਈ । ਮੁਲਜ਼ਮ ਡੇਢ ਮਹੀਨੇ ਤੋਂ ਗੁਰੂ ਘਰ ਵਿੱਚ ਰਹਿ ਰਿਹਾ ਸੀ ਉਸ ਨੇ ਇਸ ਨੂੰ ਕਿਉਂ ਅੰਜਾਮ ਦਿੱਤਾ ਸੀ ਪੜਤਾਲ ਚੱਲ ਰਹੀ ਹੈ । ਦੋਸ਼ੀ ਖਿਲਾਫ 298 BNS ਧਰਾਵਾਂ ਤਹਿਤ ਮੁਕਦਮਾ ਨੰਬਰ 168 ਦਰਜ ਕਰ ਲਿਆ ਹੈ । ਦੋਸ਼ੀ ਖਿਲਾਫ਼ ਮੁਕਦਮਾ ਦਰਜ ਕਰਕੇ ਦੋ ਦਿਨਾਂ ਰਿਮਾਂਡ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।