ਨਿਊਜ਼ ਡੈਸਕ: ਪਾਕਿਸਤਾਨ ਦੇ ਸਿੰਧ ਸੂਬੇ ਤੋਂ ਇੱਕ ਵਾਰ ਫਿਰ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 10 ਸਾਲ ਦੀ ਨਾਬਾਲਗ ਹਿੰਦੂ ਲੜਕੀ ਨੂੰ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕਰਕੇ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਗਿਆ ਹੈ। ਇਹ ਘਟਨਾ ਨਾ ਸਿਰਫ਼ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਉਲੰਘਣਾ ਹੈ ਸਗੋਂ ਮਨੁੱਖਤਾ ‘ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਸਿੰਧ ਸੂਬੇ ਦੇ ਮੀਰਪੁਰਖਾਸ ਜ਼ਿਲ੍ਹੇ ਵਿੱਚ ਇੱਕ 10 ਸਾਲਾ ਹਿੰਦੂ ਬੱਚੀ ਨੂੰ ਉਸ ਦੇ ਘਰ ਦੇ ਬਾਹਰੋਂ ਅਗਵਾ ਕਰ ਲਿਆ ਗਿਆ। ਅਗਵਾ ਕਰਨ ਤੋਂ ਬਾਅਦ ਉਸ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਫਿਰ ਉਸ ਦਾ ਵਿਆਹ ਸ਼ਾਹਿਦ ਤਾਲਪੁਰ ਨਾਂ ਦੇ ਵਿਅਕਤੀ ਨਾਲ ਕਰ ਦਿੱਤਾ ਗਿਆ।
ਘਟਨਾ ਦੀ ਸੂਚਨਾ ਮਿਲਣ ‘ਤੇ ਸਿੰਧ ਪੁਲਿਸ ਦੇ ਸੀਨੀਅਰ ਅਧਿਕਾਰੀ ਅਨਵਰ ਅਲੀ ਤਾਲਪੁਰ ਨੇ ਕਾਰਵਾਈ ਕੀਤੀ। ਉਨ੍ਹਾਂ ਨੇ ਬੱਚੀ ਨੂੰ ਬਰਾਮਦ ਕਰ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਘੱਟ ਗਿਣਤੀਆਂ ‘ਤੇ ਹੋ ਰਹੇ ਅੱਤਿਆਚਾਰਾਂ ਦਰਮਿਆਨ ਇਹ ਕਾਰਵਾਈ ਰਾਹਤ ਦੀ ਖ਼ਬਰ ਹੈ। ਸਿੰਧ ਦੇ ਪੇਂਡੂ ਖੇਤਰਾਂ ਵਿੱਚ ਹਿੰਦੂ ਭਾਈਚਾਰੇ ਦੀਆਂ ਨਾਬਾਲਗ ਕੁੜੀਆਂ ਸਭ ਤੋਂ ਵੱਧ ਅਸੁੱਰਖਿਅਤ ਹਨ। ਅਗਵਾ, ਜਬਰੀ ਧਰਮ ਪਰਿਵਰਤਨ ਅਤੇ ਬਾਲ ਵਿਆਹ ਦੇ ਮਾਮਲੇ ਆਮ ਹੋ ਗਏ ਹਨ। ਇਹ ਸਮੱਸਿਆ ਸਥਾਨਿਕ ਪ੍ਰਸ਼ਾਸਨ ਅਤੇ ਸਮਾਜ ਦੀ ਲਾਪ੍ਰਵਾਹੀ ਨੂੰ ਉਜਾਗਰ ਕਰਦੀ ਹੈ।
ਇੱਕ ਹੋਰ ਘਟਨਾ ਵਿੱਚ ਸੰਘਰ ਇਲਾਕੇ ਵਿੱਚ ਇੱਕ 15 ਸਾਲਾ ਹਿੰਦੂ ਲੜਕੀ ਨੂੰ ਅਗਵਾ ਕਰਕੇ 50 ਸਾਲਾ ਮੁਸਲਿਮ ਵਿਅਕਤੀ ਨਾਲ ਜ਼ਬਰਦਸਤੀ ਵਿਆਹ ਕਰਵਾ ਦਿਤਾ ਗਿਆ। ਲੜਕੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਉਸ ਦੇ ਪਰਿਵਾਰ ਦੀਆਂ ਇਨਸਾਫ਼ ਮਿਲਣ ਦੀਆਂ ਉਮੀਦਾਂ ਧੁੰਦਲੀਆਂ ਨਜ਼ਰ ਆ ਰਹੀਆਂ ਹਨ।
ਪਾਕਿਸਤਾਨ ‘ਚ ਹਿੰਦੂਆਂ, ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ‘ਤੇ ਅੱਤਿਆਚਾਰ ਲਗਾਤਾਰ ਵਧ ਰਹੇ ਹਨ। ਜ਼ਬਰਦਸਤੀ ਧਰਮ ਪਰਿਵਰਤਨ, ਅਗਵਾ ਅਤੇ ਹਿੰਸਾ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਉਥੋਂ ਦੀਆਂ ਘੱਟ ਗਿਣਤੀਆਂ ਬੇਵੱਸੀ ਦੀ ਸਥਿਤੀ ਵਿਚ ਰਹਿਣ ਲਈ ਮਜਬੂਰ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।