ਜਗਤਾਰ ਸਿੰਘ ਸਿੱਧੂ;
ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਸਿੱਖ ਵਿਦਵਾਨਾ ਅਤੇ ਬੁੱਧੀਜੀਵੀਆਂ ਦੀ 6 ਅਕਤੂਬਰ ਨੂੰ ਬੁਲਾਈ ਮੀਟਿੰਗ ਉੱਪਰ ਸਾਰਿਆਂ ਦੀਆਂ ਨਜਰਾਂ ਟਿਕੀਆਂ ਹੋਈਆਂ ਹਨ। ਮੀਟਿੰਗ ਦਾ ਮੰਤਵ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਬਾਰੇ ਵਿਚਾਰ ਕਰਨੀ ਹੈ। ਜਿਕਰਯੋਗ ਹੈ ਕਿ ਪੰਥਕ ਮਾਮਲਿਆਂ ਬਾਰੇ ਆਈਆਂ ਸ਼ਕਾਇਤਾਂ ਦੇ ਅਧਾਰ ਉੱਤੇ ਸਿੰਘ ਸਾਹਿਬਾਨ ਵਲੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪਹਿਲਾਂ ਇਹ ਕਿਹਾ ਸੀ ਕਿ ਦੀਵਾਲੀ ਤੋਂ ਬਾਦ ਪੰਥਕ ਜਥੇਬੰਦੀਆਂ ਅਤੇ ਵਿਦਵਾਨਾ ਨਾਲ ਸਲਾਹ ਕਰਕੇ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਮਾਮਲੇ ਵਿਚ ਫੈਸਲਾ ਲਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਅਕਾਲੀ ਆਗੂਆਂ ਨੇ ਪਹਿਲਾਂ ਹੀ ਸੁਖਬੀਰ ਬਾਦਲ ਵਿਰੁੱਧ ਅਕਾਲੀ ਦਲ ਸੁਧਾਰ ਲਹਿਰ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਨਾ ਆਗੂਆਂ ਵਿਚ ਗੁਰਪ੍ਰਤਾਪ ਸਿੰਘ ਵਢਾਲਾ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ ਅਤੇ ਕਈ ਹੋਰ ਆਗੂ ਸ਼ਾਮਲ ਹਨ। ਇਨਾਂ ਆਗੂਆਂ ਵਲੋਂ ਪਹਿਲਾਂ ਸੁਖਬੀਰ ਬਾਦਲ ਵਿਰੁੱਧ ਲਿਖਤੀ ਤੌਰ ਤੇ ਪੰਥਕ ਮਾਮਲਿਆਂ ਵਿਚ ਢਾਅ ਲਾਉਣ ਦੇ ਦੋਸ਼ ਲਾਏ ਗਏ ਸਨ । ਇਨਾਂ ਦੋਸ਼ਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ, ਡੇਰਾ ਸਿਰਸਾ ਮੁੱਖੀ ਨੂੰ ਮਾਫੀ ਦੇਣਾ ਅਤੇ ਪੰਥਕ ਰਵਾਇਤਾਂ ਨੂੰ ਢਾਅ ਲਾਉਣਾ ਸ਼ਾਮਲ ਹੈ। ਸੁਧਾਰ ਲਹਿਰ ਦੇ ਆਗੂ ਸੁਖਬੀਰ ਸਿੰਘ ਬਾਦਲ ਤੋਂ ਪ੍ਰਧਾਨਗੀ ਦਾ ਅਸਤੀਫਾ ਮੰਗ ਰਹੇ ਹਨ। ਹਾਲਾਂਕਿ ਬਾਗੀ ਅਕਾਲੀ ਆਗੂਆਂ ਨੇ ਵੀ ਸਪਸ਼ਟੀਕਰਨ ਦਿਤੇ ਹੋਏ ਹਨ।ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਹਾਸ਼ੀਆ ਤੇ ਚਲਾ ਗਿਆ ਹੈ ਅਤੇ ਇਸ ਕਰਕੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ ਹੋ ਜਾਣਾ ਚਾਹੀਦਾ ਹੈ।
6 ਨਵੰਬਰ ਨੂੰ ਅਕਾਲ ਤਖਤ ਸਾਹਿਬ ਉਪਰ ਬੁਲਾਈ ਮੀਟਿੰਗ ਦੇ ਮੁੱਦੇ ਦਾ ਸੰਕੇਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਦਿਵਾਲੀ ਮੌਕੇ ਸਿੱਖ ਕੌਮ ਨੂੰ ਦਿਤੇ ਸੁਨੇਹੇ ਤੋੰ ਵੀ ਮਿਲਦਾ ਹੈ। ਇਸ ਮੌਕੇ ਸੁਨੇਹੇ ਵਿਚ ਕਿਹਾ ਗਿਆ ਸੀ ਕਿ ਸਿੱਖ ਪੰਥ ਨੂੰ ਪੇਸ਼ ਵੱਡੀਆਂ ਚੁਣੌਤੀਆਂ ਦਾ ਟਾਕਰਾ ਮਿਲ ਕੇ ਹੀ ਕੀਤਾ ਜਾ ਸਕਦਾ ਹੈ। ਉਨਾਂ ਨੇ ਇਹ ਵੀ ਕਿਹਾ ਹੈ ਕਿ ਅਕਾਲੀ ਦਲ ਦੁਬਿਧਾ ਵਿਚ ਘਿਰਿਆ ਹੋਇਆ ਹੈ ਅਤੇ ਇਸ ਸਥਿਤੀ ਵਿਚ ਹਾਸ਼ੀਆ ਤੇ ਚਲਾ ਗਿਆ ਹੈ।ਹੁਣ ਅਕਾਲੀ ਦਲ ਨੂੰ ਡੂੰਘੇ ਚਿਤੰਨ ਦੀ ਲੋੜ ਹੈ।
ਅਜਿਹਾ ਨਹੀਂ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਦੂਜੇ ਸਿੰਘ ਸਾਹਿਬਾਨ ਨੇ ਅਕਾਲੀ ਦਲ ਦੇ ਮਾਮਲੇ ਵਿਚ ਕੋਈ ਪਹਿਲੀਵਾਰ ਦਖਲ ਦਿਤਾ ਹੈ ਸਗੋਂ ਅਕਾਲੀ ਦਲ ਦੇ ਮਜਬੂਤ ਅਕਾਲੀ ਆਗੂਆਂ ਸਾਬਕਾ ਮੁੱਖ ਮੰਤਰੀਆਂ ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਜਥੇਦਾਰ ਵਲੋਂ ਬੁਲਾਈ ਮੀਟਿੰਗ ਵਿਚ ਰਾਇ ਲੈਣੀ ਮਸਲੇ ਦੀ ਤੈਅ ਤੱਕ ਜਾਣ ਦਾ ਉਸਾਰੂ ਉਪਰਾਲਾ ਹੈ ਪਰ ਅਹਿਮ ਸਵਾਲ ਤਾਂ ਇਹ ਹੈ ਕਿ ਅੰਤਿਮ ਫੈਸਲਾ ਸਿੰਘ ਸਾਹਿਬਾਨ ਲੈਣਗੇ। ਖੇਰੂੰ ਖੇਰੂੰ ਹੋਇਆ ਅਕਾਲੀ ਦਲ ਸਿੰਘ ਸਾਹਿਬਾਨ ਦੇ ਫੈਸਲੇ ਨਾਲ ਹਾਸ਼ੀਏ ਤੋਂ ਨਿਕਲਕੇ ਪੰਥ ਅਤੇ ਪੰਜਾਬ ਦਾ ਹਾਣੀ ਬਣ ਸਕੇਗਾ? ਇਸ ਜਵਾਬ ਲਈ ਸਿੰਘ ਸਾਹਿਬਾਨ ਦੇ ਫੈਸਲੇ ਦਾ ਇੰਤਜਾਰ ਰਹੇਗਾ।
ਸੰਪਰਕਃ 9814002186