ਵਾਸ਼ਿੰਗਟਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਅਮਰੀਕਾ ਦੌਰੇ ‘ਤੇ ਹਨ। ਇੱਥੇ ਪੀਐਮ ਮੋਦੀ ਨੇ ਕਵਾਡ ਸਮਿਟ ਵਿੱਚ ਹਿੱਸਾ ਲਿਆ। ਜੋਅ ਬਾਇਡਨ ਨੇ ਵਿਲਮਿੰਗਟਨ, ਡੇਲਾਵੇਅਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਮੋਦੀ ਦਾ ਸਵਾਗਤ ਕੀਤਾ ਅਤੇ ਦੋਵਾਂ ਨੇਤਾਵਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ। ਇਸ ਤੋਂ ਬਾਅਦ ਬਾਇਡਨ ਮੋਦੀ ਦਾ ਹੱਥ ਫੜ ਕੇ ਉਨ੍ਹਾਂ ਨੂੰ ਆਪਣੇ ਘਰ ਦੇ ਅੰਦਰ ਲੈ ਗਏ ਜਿੱਥੇ ਦੋ-ਪੱਖੀ ਗੱਲਬਾਤ ਹੋਈ। ਇਸ ਦੌਰਾਨ ਪੀਐਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੀ ਪਤਨੀ ਜਿੱਲ ਬਾਇਡਨ ਨੂੰ ਵੀ ਵਿਸ਼ੇਸ਼ ਤੋਹਫੇ ਦਿੱਤੇ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਪੀਐਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਕੀ ਤੋਹਫਾ ਦਿੱਤਾ ਹੈ।
ਪੀਐਮ ਮੋਦੀ ਨੇ ਜੋਅ ਬਾਇਡਨ ਨੂੰ ਚਾਂਦੀ ਦੀ ਬਣੀ ਹੱਥ ਨਾਲ ਉੱਕਰੀ ਹੋਈ ਰੇਲ ਗੱਡੀ ਦਾ ਮਾਡਲ ਤੋਹਫ਼ਾ ਦਿੱਤਾ ਹੈ। ਇਸ ਸਿਲਵਰ ਟਰੇਨ ਮਾਡਲ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਮਹਾਰਾਸ਼ਟਰ ਦੇ ਕਾਰੀਗਰਾਂ ਨੇ ਤਿਆਰ ਕੀਤਾ ਹੈ। ਚਾਂਦੀ ਦਾ ਸਾਰਾ ਕੰਮ ਹੱਥੀਂ ਕੀਤਾ ਗਿਆ ਹੈ। ਟਰੇਨ ਨੂੰ ਬਣਾਉਣ ‘ਚ 92.5 ਫੀਸਦੀ ਚਾਂਦੀ ਦੀ ਵਰਤੋਂ ਕੀਤੀ ਗਈ ਹੈ। ਇਹ ਮਾਡਲ ਰਵਾਇਤੀ ਤਕਨੀਕ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ। ਇਸ ਰੇਲ ਦੇ ਮਾਡਲ ‘ਤੇ ‘ਦਿੱਲੀ-ਡੇਲਾਵੇਅਰ’ ਵੀ ਲਿਖਿਆ ਹੋਇਆ ਹੈ।
ਜਿੱਲ ਬਾਇਡਨ ਲਈ ਵੀ ਵਿਸ਼ੇਸ਼ ਤੋਹਫ਼ਾ
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਜੋਅ ਬਾਇਡਨ ਦੀ ਪਤਨੀ ਜਿੱਲ ਬਾਇਡਨ ਨੂੰ ਵੀ ਖਾਸ ਤੋਹਫਾ ਦਿੱਤਾ ਹੈ। ਪੀਐਮ ਮੋਦੀ ਨੇ ਉਹਨਾਂ ਨੂੰ ਪਸ਼ਮੀਨਾ ਸ਼ਾਲ ਤੋਹਫੇ ਵਿੱਚ ਦਿੱਤੀ ਹੈ। ਬੇਮਿਸਾਲ ਸੁੰਦਰਤਾ ਪਸ਼ਮੀਨਾ ਸ਼ਾਲ ਜੰਮੂ ਅਤੇ ਕਸ਼ਮੀਰ ਤੋਂ ਆਉਂਦੇ ਹਨ। ਸ਼ਾਲ ਦੀ ਕਹਾਣੀ ਲੱਦਾਖ ਦੇ ਉੱਚੇ ਇਲਾਕਿਆਂ ਵਿੱਚ ਰਹਿਣ ਵਾਲੀ ਚੰਗਥਾਂਗੀ ਬੱਕਰੀ ਤੋਂ ਸ਼ੁਰੂ ਹੁੰਦੀ ਹੈ। ਸ਼ਾਲਾਂ ਲਈ ਨਰਮ ਰੇਸ਼ਾ ਹੱਥ ਨਾਲ ਕੰਘੀ ਕਰਕੇ ਬਣਾਇਆ ਜਾਂਦਾ ਹੈ ਜਿਸ ਨੂੰ ਪਸ਼ਮਾ ਕਿਹਾ ਜਾਂਦਾ ਹੈ। ਇਸ ਰੇਸ਼ੇ ਨੂੰ ਰਵਾਇਤੀ ਤੌਰ ‘ਤੇ ਧਾਗੇ ਵਿੱਚ ਕੱਤਿਆ ਜਾਂਦਾ ਹੈ ਜਿਸ ਤੋਂ ਬਾਅਦ ਪਸ਼ਮੀਨਾ ਸ਼ਾਲਾਂ ਬਣਾਈਆਂ ਜਾਂਦੀਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।