ਕੰਮ ਦੀ ਖਬਰ! ਹੁਣ ਪਿੰਡਾਂ ਦੇ ਘਰ-ਘਰ ਤੱਕ ਪਹੁੰਚਣਗੇ ਵਿਦੇਸ਼ਾਂ ਤੋਂ ਆਉਣ ਵਾਲੇ ਪੈਸੇ, ਡਾਕ ਵਿਭਾਗ ਨੇ ਸ਼ੁਰੂ ਕੀਤੀ ਸਹੂਲਤ

Global Team
3 Min Read

ਨਿਊਜ਼ ਡੈਸਕ: ਕੋਈ ਸਮਾਂ ਸੀ ਜਦੋਂ ਪੈਸਾ ਮਨੀ ਆਰਡਰ ਰਾਹੀਂ ਲੋਕਾਂ ਤੱਕ ਪਹੁੰਚਦਾ ਸੀ ਪਰ ਸਮੇਂ ਦੇ ਨਾਲ ਇਹ ਰੁਝਾਨ ਬੰਦ ਹੋ ਗਿਆ। ਇਸ ਦੌਰਾਨ ਦਹਾਕਿਆਂ ਤੋਂ ਮਨੀ ਆਰਡਰ ਰਾਹੀਂ ਪਿੰਡਾਂ ਵਿੱਚ ਪੈਸੇ ਪਹੁੰਚਾਉਣ ਵਾਲੇ ਡਾਕ ਵਿਭਾਗ ਨੇ ਇੱਕ ਵਾਰ ਫਿਰ ਤੋਂ ਪੇਂਡੂ ਖੇਤਰਾਂ ਵਿੱਚ ਵਿਦੇਸ਼ਾਂ ਤੋਂ ਪੈਸੇ ਸਿੱਧੇ ਘਰ-ਘਰ (ਡੋਰਸਟੈਪ) ਪਹੁੰਚਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ।

ਡਾਕ ਵਿਭਾਗ ਦੀ ਇਸ ਸਹੂਲਤ ਤਹਿਤ ਹੁਣ ਵਿਦੇਸ਼ਾਂ ਤੋਂ ਲੋਕਾਂ ਦਾ ਪੈਸਾ ਸਿੱਧਾ ਪਿੰਡਾਂ ਦੇ ਡਾਕਘਰਾਂ ਤੱਕ ਪਹੁੰਚ ਜਾਵੇਗਾ। ਜੇਕਰ ਤੁਹਾਡਾ ਖਾਤਾ ਹੈ ਤਾਂ ਠੀਕ ਹੈ, ਜੇਕਰ ਨਹੀਂ ਤਾਂ ਵੀ ਮੋਬਾਈਲ ਨੰਬਰ ਅਤੇ ਹੋਰ ਵੇਰਵਿਆਂ ਰਾਹੀਂ ਪੈਸੇ ਤੁਰੰਤ ਤੁਹਾਡੇ ਤੱਕ ਪਹੁੰਚ ਜਾਣਗੇ। ਜਿਸ ਤੋਂ ਬਾਅਦ ਲੋਕ ਆਪਣੇ ਪੈਸੇ ਸਿੱਧੇ ਡਾਕਖਾਨੇ ਜਾ ਕੇ ਲੈ ਸਕਣਗੇ ਜਾਂ ਘਰ ਬੈਠੇ ਡਾਕ ਸੇਵਕ ਤੋਂ ਵੀ ਪ੍ਰਾਪਤ ਕਰ ਸਕਣਗੇ।

15 ਦੇਸ਼ਾਂ ਤੋਂ ਸਿੱਧਾ ਭਾਰਤੀ ਪਿੰਡਾਂ ਤੱਕ ਪਹੁੰਚੇਗਾ ਪੈਸਾ

ਇੰਡੀਅਨ ਪੋਸਟ ਪੇਮੈਂਟ ਬੈਂਕ (IPPB) ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਆਰ ਵਿਸ਼ਵੇਸ਼ਰਨ ਨੇ ਵਿਦੇਸ਼ਾਂ ਤੋਂ ਪਿੰਡਾਂ ਵਿੱਚ ਪੈਸੇ (ਰੇਮਿਟੈਂਸ) ਭੇਜਣ ਦੀ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਸਹੂਲਤ ਰੀਆ ਮਨੀ ਟਰਾਂਸਫਰ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਤਹਿਤ 15 ਦੇਸ਼ਾਂ ਤੋਂ ਸਿੱਧਾ ਭਾਰਤ ਦੇ ਪਿੰਡਾਂ ਵਿੱਚ ਪੈਸਾ ਪਹੁੰਚ ਜਾਵੇਗਾ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਬਜ਼ੁਰਗ ਲੋਕ ਹਨ ਅਤੇ ਜੋ ਲੋਕ ਟੈਕਨਾਲੋਜੀ ਦੀ ਵਰਤੋਂ ਨਹੀਂ ਕਰਦੇ ਹਨ, ਉਨ੍ਹਾਂ ਪਿੰਡਾਂ ਵਿੱਚ ਆਈਪੀਪੀਬੀ ਸਿੱਧੇ ਤੌਰ ’ਤੇ ਅਜਿਹੇ ਲੋਕਾਂ ਦੇ ਘਰਾਂ ਵਿੱਚ ਪੈਸੇ ਪਹੁੰਚਾਏਗਾ ਜੋ ਕਾਫੀ ਮਿਹਨਤ ਤੋਂ ਬਾਅਦ ਹੀ ਬੈਂਕਾਂ ਜਾਂ ਹੋਰ ਸਾਧਨਾਂ ਰਾਹੀਂ ਪੈਸੇ ਪ੍ਰਾਪਤ ਕਰਦੇ ਸਨ। ਖਾਸ ਗੱਲ ਇਹ ਹੈ ਕਿ IPPB ਇਸ ਸੇਵਾ ਲਈ ਕੋਈ ਫੀਸ ਨਹੀਂ ਲਵੇਗਾ। ਹਾਲਾਂਕਿ, ਵਿਦੇਸ਼ਾਂ ਤੋਂ ਪੈਸੇ ਭੇਜਣ ਵਾਲਿਆਂ ਨੂੰ ਫੀਸ ਦੇਣੀ ਪਵੇਗੀ।

ਇਹ ਸਹੂਲਤ ਪਿੰਡਾਂ ਵਿੱਚ ਰਹਿੰਦੇ ਉਨ੍ਹਾਂ ਲੋਕਾਂ ਲਈ ਬਹੁਤ ਸਹਾਈ ਹੋਵੇਗੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਬਜ਼ੁਰਗਾਂ ਜਾਂ ਹੋਰ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਰਾਹੀਂ ਭੇਜੇ ਪੈਸੇ ਲੈਣ ਲਈ ਕਾਫੀ ਜੱਦੋ-ਜਹਿਦ ਕਰਨੀ ਪੈਂਦੀ ਸੀ। ਇਸ ਸਹੂਲਤ ਨਾਲ ਹੁਣ ਪੈਸੇ ਆਸਾਨੀ ਨਾਲ ਉਨ੍ਹਾਂ ਦੇ ਘਰ ਪਹੁੰਚ ਜਾਣਗੇ ਅਤੇ ਉਹ ਵੀ ਬਿਲਕੁਲ ਮੁਫਤ।

ਡਾਕ ਵਿਭਾਗ ਦੀ ਪਹੁੰਚ ਭਾਰਤ ਦੀ 65 ਫੀਸਦੀ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ, ਜਿਨ੍ਹਾਂ ਦੇ ਪਰਿਵਾਰਾਂ ਨੂੰ ਹੁਣ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਦੇਸ਼ ਵਿੱਚ ਡਾਕ ਵਿਭਾਗ ਦੇ ਕਰੀਬ 1.43 ਲੱਖ ਦਫ਼ਤਰ ਹਨ, ਜਿਨ੍ਹਾਂ ਵਿੱਚ ਛੋਟੇ ਅਤੇ ਵੱਡੇ ਦਫ਼ਤਰ ਹਨ। ਦੋ ਲੱਖ ਦੇ ਕਰੀਬ ਮੁਲਾਜ਼ਮ ਹਨ। ਅਜਿਹੀ ਸਥਿਤੀ ਵਿੱਚ, ਪੇਂਡੂ ਖੇਤਰਾਂ ਦੇ ਲੋਕਾਂ ਨੂੰ ਡੋਰ ਸਟੈਪ ਦੀ ਸਹੂਲਤ ਦਾ ਲਾਭ ਮਿਲੇਗਾ। ਵਿਭਾਗ ਵੱਲੋਂ ਇਸਦੀ ਤਸਦੀਕ ਲਈ ਬਾਇਓਮੈਟ੍ਰਿਕਸ ਦੀ ਵਰਤੋਂ ਵੀ ਕੀਤੀ ਜਾਵੇਗੀ।

 

Share This Article
Leave a Comment