ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੁਨਾਮ ਦੀ ਅਦਾਲਤ ਨੇ ਇੱਕ ਪਰਿਵਾਰਕ ਝਗੜੇ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਦੋ ਸਾਲ ਦੀ ਸਜ਼ਾ ਸੁਣਾ ਦਿੱਤੀ। ਇਸੇ ਕੇਸ ਵਿੱਚ ਵੱਖਰੀ ਧਾਰਾ ਅਧੀਨ ਇੱਕ ਸਾਲ ਦੀ ਸਜ਼ਾ ਹੋਰ ਸੁਣਾਈ ਗਈ ਹੈ। ਇਹ ਕੇਸ ਮਾਰਚ 2008 ਦਾ ਹੈ ਅਤੇ ਫੈਸਲਾ ਹੁਣ ਆਇਆ ਹੈ। ਮਾਮਲਾ ਅਮਨ ਅਰੋੜਾ ਦੀ ਭੈਣ ਨਾਲ ਜਾਇਦਾਦ ਦੇ ਝਗੜੇ ਨੂੰ ਲੈ ਕੇ ਹੈ। ਇਸ ਪਰਿਵਾਰ ਦਾ ਇਲਾਕੇ ਵਿੱਚ ਤਕੜਾ ਪ੍ਰਭਾਵ ਹੈ ਕਿਉਂ ਜੋ ਪਹਿਲਾਂ ਅਮਨ ਅਰੋੜਾ ਦੇ ਪਿਤਾ ਭਗਵਾਨ ਦਾਸ ਅਰੋੜਾ ਸੁਨਾਮ ਦੇ ਕਾਂਗਰਸ ਵਲੋਂ ਵਿਧਾਇਕ ਰਹਿ ਚੁੱਕੇ ਹਨ।
ਭਗਵਾਨ ਦਾਸ ਅਰੋੜਾ ਦੇ ਜਵਾਈ ਰਾਜਿੰਦਰ ਦੀਪਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਦੇ ਪ੍ਰਧਾਨ ਰਹੇ ਹਨ ਅਤੇ ਹੁਣ ਅਕਾਲੀ ਦਲ ਦੇ ਆਗੂ ਹਨ। ਇਸ ਤਰਾਂ ਦੀਪਾ ਅਤੇ ਅਮਨ ਅਰੋੜਾ ਝਗੜੇ ਵਿਚ ਆਹਮੋ ਸਾਹਮਣੇ ਹਨ। ਬੇਸ਼ੱਕ ਅਦਾਲਤੀ ਸਿਸਟਮ ਵਿੱਚ ਅਮਨ ਅਰੋੜਾ ਜਮਾਨਤ ਲਈ ਅਰਜ਼ੀ ਦੇਣਗੇ ਅਤੇ ਹੇਠਲੇ ਫੈਸਲੇ ਵਿਰੁੱਧ ਉੱਪਰਲੀ ਅਦਾਲਤ ਵਿੱਚ ਜਾਣਗੇ ਪਰ ਸਜ਼ਾ ਦੇ ਫੈਸਲੇ ਕਰਕੇ ਵਿਰੋਧੀਆਂ ਦੇ ਨਿਸ਼ਾਨੇ ਉੱਪਰ ਆ ਗਏ ਹਨ। ਰਾਜਿੰਦਰ ਦੀਪਾ ਦੀ ਮੰਗ ਹੈ ਕਿ ਅਮਨ ਅਰੋੜਾ ਦੀ ਸੀਟ ਫੈਸਲੇ ਬਾਅਦ ਖਾਲੀ ਕਰਵਾਈ ਜਾਵੇ।
ਵਿਰੋਧੀ ਧਿਰ ਵਲੋਂ ਅਮਨ ਅਰੋੜਾ ਦੇ ਮਾਮਲੇ ਵਿੱਚ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਵਿਰੋਧੀ ਹਲਕਿਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਅਰੋੜਾ ਦੀ ਸਜ਼ਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਹਾਲਾਂਕਿ ਅਮਨ ਅਰੋੜਾ ਨੂੰ ਉਪਰਲੀ ਅਦਾਲਤ ਤੋਂ ਰਾਹਤ ਮਿਲ ਸਕਦੀ ਹੈ ਪਰ ਵਿਰੋਧੀਆਂ ਨੂੰ ਸਵਾਲ ਕਰਨ ਦਾ ਮੌਕਾ ਮਿਲ ਗਿਆ ਹੈ। ਦੇਸ਼ ਅੰਦਰ ਬਹੁਤ ਸਾਰੇ ਨੇਤਾ ਹਨ ਜਿਹੜੇ ਕਿ ਅਦਾਲਤਾਂ ਵਿੱਚ ਕੇਸ ਭੁਗਤ ਰਹੇ ਹਨ। ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਅਦਾਲਤੀ ਕੇਸਾਂ ਵਾਲੇ ਕਈ ਆਗੂ ਹਨ ਪਰ ਅਜਿਹੇ ਆਗੂਆਂ ਨੂੰ ਸਾਹਮਣਾ ਤਾਂ ਕਰਨਾ ਪੈਂਦਾ ਹੀ ਹੈ।
ਸੰਪਰਕਃ 9814002186