WHO ਦੀ ਚੇਤਾਵਨੀ ਤੋਂ ਬਾਅਦ ਮੇਡਨ ਫਾਰਮਾ ਦੇ ਖੰਘ ਦੇ ਸਿਰਪ ਦਾ ਉਤਪਾਦਨ ਮੁਅੱਤਲ

Rajneet Kaur
3 Min Read

ਨਵੀਂ ਦਿੱਲੀ: ਹਰਿਆਣਾ ਸਰਕਾਰ ਨੇ ਮੇਡਨ ਫਾਰਮਾਸਿਊਟੀਕਲਜ਼ ਲਿਮਟਿਡ ਦੁਆਰਾ ਖੰਘ ਦੇ ਸਿਰਪ ਦੇ ਉਤਪਾਦਨ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਨੇ ਇਹ ਕਦਮ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਇਸ ਕੰਪਨੀ ਦੇ ਖੰਘ ਦੇ ਸਿਰਪ ਨੂੰ ਲੈ ਕੇ ਜਾਰੀ ਕੀਤੇ ਅਲਰਟ ਤੋਂ ਬਾਅਦ ਚੁੱਕਿਆ ਹੈ।

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੋਨੀਪਤ ਫਾਰਮਾਸਿਊਟੀਕਲ ਕੰਪਨੀ ਦੀਆਂ ਤਿੰਨ ਦਵਾਈਆਂ ਦੇ ਨਮੂਨੇ ਜੋ ਕਿ WHO ਦੁਆਰਾ ਤਜਵੀਜ਼ ਕੀਤੇ ਗਏ ਸਨ, ਸੈਂਟਰਲ ਡਰੱਗ ਲੈਬ, ਕੋਲਕਾਤਾ ਨੂੰ ਭੇਜੇ ਗਏ ਹਨ। ਇਸ ਦੀ ਅਜੇ ਰਿਪੋਰਟ ਨਹੀਂ ਆਈ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।ਪਰ ਕੇਂਦਰ ਅਤੇ ਹਰਿਆਣਾ ਰਾਜ ਦੇ ਫਾਰਮਾਸਿਊਟੀਕਲ ਵਿਭਾਗਾਂ ਦੇ ਸਾਂਝੇ ਨਿਰੀਖਣ ਤੋਂ ਬਾਅਦ ਉਨ੍ਹਾਂ ਵਿੱਚ ਕਰੀਬ 12 ਖਾਮੀਆਂ ਪਾਈਆਂ ਗਈਆਂ। ਇਸ ਦੇ ਮੱਦੇਨਜ਼ਰ ਉਨ੍ਹਾਂ ਦਾ ਕੁੱਲ ਉਤਪਾਦਨ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਗੈਂਬੀਆ ਵਿੱਚ, ਖੰਘ ਦਾ ਸੀਰਪ ਪੀਣ ਨਾਲ 66 ਬੱਚਿਆਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਸੀਰਪ ਬਣਾਉਣ ਵਿੱਚ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਦਵਾਈਆਂ ਦੇ ਬੈਚ ਨੰਬਰ ਅਤੇ ਐਕਸਪਾਇਰੀ ਡੇਟ ਵਿੱਚ ਵੀ ਕਈ ਖਾਮੀਆਂ ਸਾਹਮਣੇ ਆਈਆਂ ਹਨ। ਇੰਨਾ ਹੀ ਨਹੀਂ ਦਵਾਈ ‘ਚ ਵਰਤੇ ਜਾਣ ਵਾਲੇ ਸਾਲਟ ਦੀ ਜਾਂਚ ਦਾ ਸਿਸਟਮ ਵੀ ਕੰਪਨੀ ‘ਚ ਨਹੀਂ ਬਣਾਇਆ ਗਿਆ। ਫਿਲਹਾਲ ਅਧਿਕਾਰੀਆਂ ਨੇ ਕੰਪਨੀ ਦਾ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਸੈਂਪਲ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਦਰਅਸਲ, ਵਿਸ਼ਵ ਸਿਹਤ ਸੰਗਠਨ (WHO) ਨੇ ਭਾਰਤ ਦੇ ਬੱਚਿਆਂ ਦੀ ਖੰਘ ਨਾਲ ਸਬੰਧਤ ਚਾਰ ਦਵਾਈਆਂ ਨੂੰ ਘਾਤਕ ਕਰਾਰ ਦਿੱਤਾ ਹੈ। ਕਈ ਦੇਸ਼ਾਂ ‘ਚ ਇਸ ਸੀਰਪ ਨੂੰ ਪੀਣ ਤੋਂ ਬਾਅਦ ਬੱਚਿਆਂ ਦੀ ਸਿਹਤ ਖਰਾਬ ਹੋਣ ਦੀ ਸੂਚਨਾ ਮਿਲੀ ਹੈ। WHO ਦੀ ਰਿਪੋਰਟ ਤੋਂ ਬਾਅਦ ਕੰਪਨੀ ਦੇ ਛੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਲਏ ਗਏ ਪੰਜ ਨਮੂਨੇ ਜਾਂਚ ਲਈ ਭੇਜੇ ਗਏ। ਅਧਿਕਾਰੀਆਂ ਨੇ ਤਿੰਨ ਦਿਨਾਂ ਤੱਕ ਰਿਕਾਰਡ ਚੈੱਕ ਕੀਤਾ ਸੀ।

- Advertisement -

WHO ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ, “ਇਹ ਉਤਪਾਦ ਹੁਣ ਤੱਕ ਸਿਰਫ ਗੈਂਬੀਆ ਵਿੱਚ ਪਾਏ ਗਏ ਹਨ, ਪਰ ਹੋ ਸਕਦਾ ਹੈ ਕਿ ਇਹਨਾਂ ਨੂੰ ਦੂਜੇ ਦੇਸ਼ਾਂ ਵਿੱਚ ਵੀ ਵੰਡਿਆ ਗਿਆ ਹੋਵੇ।” WHO ਨੇ ਸਲਾਹ ਦਿੱਤੀ ਕਿ ਮਰੀਜ਼ਾਂ ਨੂੰ ਹੋਰ ਨੁਕਸਾਨ ਤੋਂ ਬਚਣ ਲਈ ਸਾਰੇ ਦੇਸ਼ਾਂ ਨੂੰ ਇਨ੍ਹਾਂ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment