ਮੱਧ ਪ੍ਰਦੇਸ਼: ਸਿੱਖਾਂ ਨੂੰ ਕੇਸਾਂ ਤੋਂ ਘੜੀਸਨ ਤੇ ਕੁੱਟਮਾਰ ਕਰਨ ਦੇ ਮਾਮਲੇ ‘ਚ ਦੋ ਪੁਲਿਸ ਮੁਲਾਜ਼ਮ ਸਸਪੈਂਡ

TeamGlobalPunjab
4 Min Read

ਬੜਵਾਨੀ: ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਕੇਸਾਂ ਤੋਂ ਫੜ ਕੇ ਘੜੀਸਿਆਂ ਜਾ ਰਿਹਾ ਹੈ ਤੇ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਜਾ ਰਹੀ ਹੈ।

ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਘਟਨਾ ਤੋਂ ਤੁਰੰਤ ਬਾਅਦ ਕੁੱਟ ਮਾਰ ਦੀ ਇਹ ਵੀਡੀਓ ਵਾਇਰਲ ਹੋ ਗਈ ਸੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਘਟਨਾ ਨੂੰ ‘ਗੈਰ-ਮਨੁੱਖੀ’ ਦੱਸਦੇ ਹੋਏ ਇਸ ਦੀ ਜਾਂਚ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਵੇਂ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਸਸਪੈਂਡ ਕਰਨ ਦੇ ਆਦੇਸ਼ ਦੇ ਦਿੱਤੇ।

ਪੀੜਤ ਗ੍ਰੰਥੀ ਗਿਆਨੀ ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਵਿੱਚ ਸਵੇਰੇ-ਸ਼ਾਮ ਸੇਵਾ ਕਰਦੇ ਹਨ, ਜਦਕਿ ਦਿਨ ਵਿੱਚ ਉਹ ਪੁਰਾਣੀ ਪੁਲਿਸ ਚੌਕੀ ਦੇ ਸਾਹਮਣੇ ਤਾਲੇ-ਚਾਬੀ ਦੀ ਦੁਕਾਨ ਲਗਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਘਟਨਾ ਦੇ ਦਿਨ ਪਲਸੂਦ ਦੇ ਥਾਣਾ ਮੁਖੀ ਅਤੇ ਦੂੱਜੇ ਪੁਲਿਸ ਅਧਿਕਾਰੀ ਉਨ੍ਹਾਂ ਤੋਂ ਪੈਸੇ ਦੀ ਮੰਗ ਕਰਨ ਲੱਗੇ ਅਤੇ ਨਾਂ ਦੇਣ ‘ਤੇ ਉਨ੍ਹਾਂ ਨੇ ਧਮਕੀ ਦਿੱਤੀ ਅਤੇ ਹੱਥੋਪਾਈ ਕੀਤੀ। ਪ੍ਰੇਮ ਸਿੰਘ ਨੇ ਕਿਹਾ ਕਿ ਇਸ ਦੌਰਾਨ ਉਸ ਦੀ ਦਸਤਾਰ ਵੀ ਖੁੱਲ੍ਹ ਗਈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪ੍ਰੇਮ ਸਿੰਘ ਦੀ ਦਸਤਾਰ ਖੁੱਲੀ ਹੈ ਅਤੇ ਪੁਲਿਸ ਵਾਲੇ ਉਨ੍ਹਾਂ ਦੇ ਵਾਲ ਫੜ ਕੇ ਖਿੱਚ ਰਹੇ ਹਨ।

ਉੱਧਰ ਇਸ ਘਟਨਾ ਨੂੰ ਲੈ ਕੇ ਪੁਲਿਸ ਨੇ ਕੋਈ ਹੋਰ ਹੀ ਕਹਾਣੀ ਦੱਸੀ ਹੈ। ਪੁਲਿਸ ਦੇ ਮੁਤਾਬਕ ਇਹ ਵੀਰਵਾਰ ਦੀ ਘਟਨਾ ਹੈ ਪੁਲਿਸ ਗੱਡੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਸਿੱਖ ਨੌਜਵਾਨ ਪ੍ਰੇਮ ਸਿੰਘ ਨੂੰ ਪੁਲਿਸ ਨੇ ਰੋਕਿਆ। ਉਹ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਜਦੋਂ ਉਸ ਤੋਂ ਲਾਈਸੈਂਸ ਮੰਗਿਆ ਗਿਆ ਤਾਂ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸਨੂੰ ਥਾਣੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਦੌਰਾਨ ਇਹ ਘਟਨਾ ਘਟੀ।

- Advertisement -

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ਦਿਲ ਦਹਿਲਾਉਣ ਵਾਲੀ ਘਟਨਾ ਦੱਸਿਆ। ਉਨ੍ਹਾਂ ਨੇ ਮੱਧ ਪ੍ਰਦੇਸ਼ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਗੈਰ ਮਨੁਖੀ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਦੇ ਕੁੱਝ ਘੰਟਿਆਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੋ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ।

Share this Article
Leave a comment