ਪਾਕਿਸਤਾਨ ‘ਚ ਸਿੱਖ ਦਾ ਗੋਲੀਆਂ ਮਾਰ ਕੇ ਕਤਲ

Global Team
2 Min Read

ਇਸਲਾਮਾਬਾਦ: ਪਾਕਿਸਤਾਨ ‘ਚ ਘੱਟ ਗਿਣਤੀਆਂ ਲਗਾਤਾਰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਚ ਵਾਧਾ ਹੋ ਰਿਹਾ ਹੈ। ਪੇਸ਼ਾਵਰ ਵਿੱਚ ਹੀ ਦੋ ਦਿਨ ਵਿੱਚ ਸਿੱਖਾਂ ‘ਤੇ ਹਮਲੇ ਦੀ ਦੋ ਘਟਨਾਵਾ ਵਾਪਰ ਗਈਆਂ। ਜਿੱਥੇ ਬੀਤੇ ਕੱਲ੍ਹ ਹੋਏ ਹਮਲੇ ਵਿੱਚ ਇੱਕ ਸਿੱਖ ਗੰਭੀਰ ਜ਼ਖਮੀ ਹੋਇਆ ਸੀ, ਉੱਥੇ ਅੱਜ ਇੱਕ ਹੋਰ ਸਿੱਖ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਸ ਘਟਨਾ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈਐਸਕੇਪੀ) ਨੇ ਲਈ ਹੈ। ਮ੍ਰਿਤਕ ਦੀ ਪਛਾਣ ਪੇਸ਼ਾਵਰ ਦੇ 34 ਸਾਲਾ ਮਨਮੋਹਨ ਸਿੰਘ ਵਜੋਂ ਹੋਈ। ਇਹ ਘਟਨਾ ਸ਼ਨੀਵਾਰ ਸ਼ਾਮ ਖੈਬਰ ਪਖਤੂਨਖਵਾ ਸੂਬੇ ਦੇ ਯਾਕੂਤ ਇਲਾਕੇ ਵਿੱਚ ਵਾਪਰੀ, ਜਿੱਥੇ ਬਾਈਕ ‘ਤੇ ਆਏ ਅਣਪਛਾਤੇ ਵਿਅਕਤੀਆਂ ਨੇ ਮਨਮੋਹਨ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਮਗਰੋਂ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਏ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੇਸ਼ਾਵਰ ਦੇ ਰਾਸ਼ਿਦ ਗੜ੍ਹੀ ਇਲਾਕੇ ਵਿੱਚ ਇਸੇ ਤਰਜ਼ ‘ਤੇ ਸਿੱਖ ਦੁਕਾਨਕਾਰ ਤਰਲੋਕ ਸਿੰਘ ‘ਤੇ ਗੋਲੀਆਂ ਚਲਾਈਆਂ ਗਈਆਂ ਸੀ। ਇਸੇ ਤਰ੍ਹਾਂ ਮੋਟਰਸਾਈਕਲ ’ਤੇ ਹਮਲਾਵਰ ਆਏ ਅਤੇ ਦੁਕਾਨ ਵਿੱਚ ਬੈਠੇ ਤਰਲੋਕ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ। ਤਰਲੋਕ ਸਿੰਘ ਦੀ ਲੱਤ ‘ਤੇ ਗੋਲੀ ਲੱਗੀ ਸੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਲੱਤ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਜਾਨ ਬਚ ਗਈ। ਤਰਲੋਕ ਸਿੰਘ ’ਤੇ ਹਮਲੇ ਦੀ ਜ਼ਿੰਮੇਦਾਰੀ ਵੀ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ ਨੇ ਹੀ ਲਈ ਸੀ। ਸੰਗਠਨ ਨੇ ਇਹ ਵੀ ਦੱਸਿਆ ਕਿ ਉਸ ਦੇ ਗੁਰਗਿਆਂ ਨੇ ਤਰਲੋਕ ਸਿੰਘ ‘ਤੇ ਪਿਸਟਲ ਨਾਲ ਗੋਲੀਆਂ ਚਲਾਈਆਂ ਸੀ। ਪੁਲਿਸ ਨੇ ਕੇਸ ਦਰਜ ਕਰਨ ਮਗਰੋਂ ਇਨ੍ਹਾਂ ਦੋਵਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਬੀਤੇ ਦਿਨਾਂ ਦੌਰਾਨ ਘੱਟਗਿਣਤੀਆਂ ਦੇ ਧਾਰਮਿਕ ਸਥਾਨਾਂ ’ਤੇ ਹਮਲੇ ਮਗਰੋਂ ਹੁਣ ਕੱਟੜਵਾਦੀ ਸੋਚ ਵਾਲੇ ਇਸਲਾਮਿਕ ਸੰਗਠਨ ਟਾਰਗੇਟ ਕਿਲਿੰਗ ’ਤੇ ਉਤਰ ਆਏ ਨੇ, ਜੋ ਵੱਡੀ ਚਿੰਤਾ ਦੀ ਗੱਲ ਹੈ। ਇਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਅਤੇ ਇਹ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

Share This Article
Leave a Comment