ਨਿਊਜ਼ ਡੈਸਕ: ਇਟਲੀ ਦੇ ਲੋਂਬਾਰਦੀਆ ਸੂਬੇ ਵਿੱਚ ਅਦਾਲਤ ਨੇ ਦੋ ਪੰਜਾਬੀ ਭਰਾਵਾਂ ਨੂੰ ਰਣਜੀਤ ਬੈਂਸ ਦੇ ਕਤਲ ਮਾਮਲੇ ਵਿੱਚ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਨ੍ਹਾਂ ਨੂੰ 2 ਲੱਖ 40 ਹਜ਼ਾਰ ਯੂਰੋ ਹਰਜਾਨਾ ਭਰਨ ਦੇ ਵੀ ਹੁਕਮ ਦਿੱਤੇ। ਇਟਲੀ ਦੇ ਲੋਂਬਾਰਦੀਆ ਸੂਬੇ ਦੇ ਸੁਜ਼ਾਰਾ ਨੇੜ੍ਹੇ 7 ਫਰਵਰੀ 2022 ਨੂੰ ਮੈਟਲ ਵਰਕਿੰਗ ਕੰਪਨੀ ਕਵਾਟਰ ਵਿੱਚ ਵਾਪਰੀ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ ਵਾਪਰੀ ਸੀ, ਜਿਸ ਵਿੱਚ ਦੋ ਪੰਜਾਬੀ ਭਰਾਵਾਂ ਨੇ ਪੰਜਾਬੀ ਮੂਲ ਦੇ ਹੀ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ।
ਦੋ ਭਰਾਵਾਂ 43 ਸਾਲ ਦੇ ਚਰਨਜੀਤ ਸਿੰਘ ਅਤੇ 42 ਸਾਲਾ ਪਰਮਜੀਤ ਸਿੰਘ ਦੀ ਪੰਜਾਬੀ ਮੂਲ ਦੇ ਹੀ 38 ਸਾਲ ਦੇ ਰਣਜੀਤ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਉਨ੍ਹਾਂ ਦਾ ਇਹ ਝਗੜਾ ਇੱਥੋਂ ਤੱਕ ਵਧ ਗਿਆ ਕਿ ਚਰਨਜੀਤ ਤੇ ਪਰਮਜੀਤ ਨੇ ਰਣਜੀਤ ਦੀ ਧੌਣ ‘ਤੇ ਬੇਲਚੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਫੈਕਟਰੀ ਵਿੱਚ ਮੌਜੂਦ ਲੋਕਾਂ ਨੇ ਮੌਕੇ ‘ਤੇ ਤੁਰੰਤ ਹੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਤੁਰੰਤ ਏਅਰ ਐਂਬੂਲੈਂਸ ਦੀ ਸਹਾਇਤਾ ਨਾਲ ਗੰਭੀਰ ਜ਼ਖਮੀ ਰਣਜੀਤ ਹਸਪਤਾਲ ਪਹੁੰਚਾਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਿਸ ਨੇ ਦੋਵੇਂ ਭਰਾਵਾਂ ਪਰਮਜੀਤ ਸਿੰਘ ਅਤੇ ਚਰਨਜੀਤ ਸਿੰਘ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਸੀ। ਰਣਜੀਤ ਦੀ ਮੌਤ ਤੋਂ ਬਾਅਦ ਕਤਲ ਦਾ ਪਰਚਾ ਦਰਜ ਕਰ ਲਿਆ ਪੁਲਿਸ ਵੱਲੋਂ ਇਸ ਕੇਸ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ।
ਇਟਾਲੀਅਨ ਮੀਡੀਆ ਅਨੁਸਾਰ ਇਸ ਦਰਦਨਾਕ ਘਟਨਾ ਸਬੰਧੀ ਬੀਤੇ ਦਿਨੀਂ ਇਟਲੀ ਦੀ ਮਾਣਯੋਗ ਸਥਾਨਕ ਅਦਾਲਤ ਰਿਜੋਇਮਿਲੀਆ (Reggio Emilia) ਦੇ ਜੱਜ ਡਾਰੀਓ ਡੀ ਲੁਕਾ ਦੁਆਰਾ ਇਸ ਕਤਲੇਆਮ ਲਈ ਦੋਵਾਂ ਭਰਾਵਾਂ ਪਰਮਜੀਤ ਅਤੇ ਚਰਨਜੀਤ ਨੂੰ 10 10 ਸਾਲ ਕੈਦ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਕੋਰਟ ਨੇ ਦੋਵਾਂ ਭਰਾਵਾਂ ਨੂੰ 2 ਲੱਖ 40 ਹਜ਼ਾਰ ਯੂਰੋ ਹਰਜਾਨਾ ਭਰਨ ਦਾ ਵੀ ਹੁਕਮ ਦਿੱਤਾ। ਇਹ ਰਾਸ਼ੀ ਮੁਆਵਜ਼ੇ ਵਜੋਂ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ। ਇਸ ਸਜ਼ਾ ਨੂੰ ਮ੍ਰਿਤਕ ਦੇ ਪਰਿਵਾਰ ਸਮੇਤ ਇਟਾਲੀਅਨ ਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਘੱਟ ਦੱਸਿਆ ਹੈ ਤੇ ਉਹ ਮਾਣਯੋਗ ਅਦਾਲਤ ਦੇ ਇਸ ਫੈਸਲੇ ਤੋਂ ਨਾਖੁਸ਼ ਹਨ। ਜੱਜ ਸਾਹਿਬ ਦਾ ਇਹ ਫੈਸਲਾ 30 ਦਿਨ ਦੇ ਅੰਦਰ ਲਾਗੂ ਹੁੰਦਾ ਹੈ ਜਦੋਂ ਕਿ ਦੋਸ਼ੀ ਐਲਾਨੇ ਸਕੇ ਭਰਾ ਇਸ ਫੈਸਲੇ ਵਿਰੁੱਧ ਉੱਚ ਅਦਾਲਤ ਵਿੱਚ ਅਪੀਲ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਮ੍ਰਿਤਕ ਰਣਜੀਤ ਬੈਂਸ ਲਗਭਗ ਪਿਛਲੇ 22 ਸਾਲ ਤੋਂ ਆਪਣੇ ਪਰਿਵਾਰ ਸਮੇਤ ਇਟਲੀ ਵਿੱਚ ਰਹਿ ਰਿਹਾ ਸੀ ਅਤੇ ਉਸ ਕੋਲ ਇਟਾਲੀਅਨ ਪਾਸਪੋਰਟ ਸੀ। ਉਹ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਸੀ। ਉਹ ਇਟਲੀ ਵਿੱਚ ਆਪਣੀ ਪਤਨੀ ਦੋ ਪੁੱਤਰਾਂ ਨੂੰ ਦੁੱਖਦਾਈ ਵਿਛੋੜਾ ਦੇ ਗਿਆ, ਜਿਨ੍ਹਾਂ ਦੀ ਉਮਰ ਅਜੇ ਸਿਰਫ਼ 4 ਤੇ 8 ਸਾਲ ਦੀ ਹੈ।
ਮਰਹੂਮ ਰਣਜੀਤ ਸਿੰਘ ਦੇ ਪਿਤਾ ਰਾਮ ਲਾਲ ਨੇ ਪ੍ਰੈੱਸ ਨਾਲ ਆਪਣਾ ਦੁੱਖੜਾ ਸਾਂਝਾ ਕਰਦਿਆਂ ਕਿਹਾ ਕਿ ਉਹ ਮਾਣਯੋਗ ਅਦਾਲਤ ਦੇ ਇਸ ਫੈਸਲੇ ਤੋਂ ਨਾਖੁਸ਼ ਹੈ ਕਿਉਂਕਿ ਦੋਸ਼ੀ ਜ਼ਮਾਨਤ ‘ਤੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਹਨ ਤੇ ਹੁਣ ਵੀ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਪੂਰਾ ਇਨਸਾਫ਼ ਮਿਲੇਗਾ। ਹੋ ਸਕਦਾ ਹੈ ਕਿ ਦੋਸ਼ੀ ਉੱਚ ਅਦਾਲਤ ਵਿੱਚ ਅਪੀਲ ਕਰਕੇ ਸਜ਼ਾ ਤੇ ਹਰਜਾਨੇ ਤੋਂ ਵੀ ਮੁੱਕਤ ਹੋ ਜਾਣ। ਜਿਹੜਾ ਕਿ ਉਹਨਾਂ ਲਈ ਬਹੁਤ ਹੀ ਦੁੱਖਦਾਇਕ ਤੇ ਅਸਹਿ ਹੈ। ਉਹਨਾਂ ਦੇ ਜਿਗਰ ਦਾ ਟੁਕੜਾ ਸਦਾ ਵਾਸਤੇ ਦੁਨੀਆਂ ਤੋਂ ਚਲਾ ਗਿਆ ਤੇ ਉਸ ਦੇ ਮਾਸੂਮ ਬੱਚੇ ਤੇ ਵਿਧਵਾ ਪਤਨੀ ਕੋਰਟਾਂ ਕਚਹਿਰੀਆਂ ਵਿੱਚ ਇਸ ਆਸ ਨਾਲ ਗੁਹਾਰ ਲਗਾ ਰਹੇ ਸਨ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇਗੀ, ਪਰ ਉਹਨਾਂ ਨਾਲ ਕੀ ਹੋ ਰਿਹਾ ਹੈ ਸਮਝ ਤੋਂ ਪਰੇ ਹੈ।