ਵਿਦਿਸ਼ਾ: ਮੱਧ ਪ੍ਰਦੇਸ਼ ਦੇ ਵਿਦਿਸ਼ਾ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਸਲ ‘ਚ ਇੱਥੇ ਇੱਕ ਭਾਜਪਾ ਆਗੂ ਨੇ ਆਪਣੀ ਪਤਨੀ ਅਤੇ ਦੋ ਪੁੱਤਰਾਂ ਨਾਲ ਮਿਲ ਕੇ ਜ਼ਹਿਰ ਖਾ ਲਿਆ। ਇਸ ਕਾਰਨ ਪਰਿਵਾਰ ਦੇ ਚਾਰਾਂ ਜੀਆਂ ਦੀ ਮੌਤ ਹੋ ਗਈ ਹੈ। ਵਿਦਿਸ਼ਾ ਦੇ ਇਸ ਭਾਜਪਾ ਆਗੂ ਦਾ ਨਾਮ ਸੰਜੀਵ ਮਿਸ਼ਰਾ ਸੀ। ਉਹ ਆਪਣੇ ਦੋ ਪੁੱਤਰਾਂ ਦੀ ਲਾਇਲਾਜ ਬਿਮਾਰੀ ਤੋਂ ਪਰੇਸ਼ਾਨ ਸੀ। ਇਸ ਕਾਰਨ ਵੀਰਵਾਰ ਸ਼ਾਮ ਉਸ ਨੇ ਆਪਣੀ ਪਤਨੀ ਅਤੇ ਦੋ ਪੁੱਤਰਾਂ ਨਾਲ ਮਿਲ ਕੇ ਸਲਫਾਸ ਖਾ ਲਈ। ਇਸ ਤੋਂ ਬਾਅਦ ਪੂਰੇ ਪਰਿਵਾਰ ਦੀ ਮੌਤ ਹੋ ਗਈ।
ਬੱਚਿਆਂ ਦੀ ਬੀਮਾਰੀ ਕਾਰਨ ਚੁੱਕਿਆ ਕਦਮ
ਭਾਜਪਾ ਦੇ ਵਿਦਿਸ਼ਾ ਮੰਡਲ ਦੇ ਮੁੱਖੀ ਸੁਰਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਵਿਦਿਸ਼ਾ ਦੇ ਬੰਟੀ ਨਗਰ ਇਲਾਕੇ ‘ਚ ਰਹਿਣ ਵਾਲਾ ਸੰਜੀਵ ਮਿਸ਼ਰਾ ਭਾਜਪਾ ਵਿਦਿਸ਼ਾ ਨਗਰ ਮੰਡਲ ਦਾ ਉਪ ਪ੍ਰਧਾਨ ਸੀ। ਉਹ ਭਾਜਪਾ ਦੇ ਸਾਬਕਾ ਕੌਂਸਲਰ ਵੀ ਰਹੇ ਹਨ। ਸੰਜੀਵ ਮਿਸ਼ਰਾ ਨੇ ਵੀਰਵਾਰ ਸ਼ਾਮ ਕਰੀਬ 6 ਵਜੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਲਿਖਿਆ ਕਿ ਪ੍ਰਮਾਤਮਾ ਦੁਸ਼ਮਣ ਦੇ ਬੱਚਿਆਂ ਨੂੰ ਇਹ Duchenne muscular dystrophy (ਡੀ.ਐਮ.ਡੀ.) ਨਾਮ ਦੀ ਬਿਮਾਰੀ ਨਾਂ ਦੇਵੇ।
ਚਾਰੇ ਜੀਆਂ ਦੀ ਹਸਪਤਾਲ ‘ਚ ਹੋਈ ਮੌਤ
ਜਦੋਂ ਸੰਜੀਵ ਮਿਸ਼ਰਾ ਦੇ ਜਾਣਕਾਰ ਨੇ ਇਹ ਪੋਸਟ ਦੇਖੀ ਤਾਂ ਉਹ ਉਸ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਪਰਿਵਾਰ ਦੇ ਚਾਰੇ ਮੈਂਬਰ ਬੇਹੋਸ਼ ਪਏ ਸਨ। ਇਸ ਤੋਂ ਬਾਅਦ ਸਾਰਿਆਂ ਨੂੰ ਜਲਦਬਾਜ਼ੀ ‘ਚ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਪਰਿਵਾਰ ਦੇ ਚਾਰਾਂ ਜੀਆਂ ਦੀ ਮੌਤ ਹੋ ਗਈ।
ਸੁਸਾਈਡ ਨੋਟ ‘ਚ ਲਿਖੀ ਇਹ ਗੱਲ
ਇਸ ਦੇ ਨਾਲ ਹੀ ਵਿਦਿਸ਼ਾ ਦੇ ਡੀਐਮ ਉਮਾਸ਼ੰਕਰ ਭਾਰਗਵ ਨੇ ਕਿਹਾ ਕਿ ਸੰਜੀਵ ਮਿਸ਼ਰਾ ਦੇ ਦੋਵੇਂ ਪੁੱਤਰਾਂ ਨੂੰ ਡੀਐਮਡੀ ਨਾਮਕ ਜੈਨੇਟਿਕ ਬਿਮਾਰੀ ਸੀ, ਇਸ ਦਾ ਕੋਈ ਇਲਾਜ ਨਹੀਂ ਹੈ। ਉਸ ਨੇ ਇਹ ਵੀ ਦੱਸਿਆ ਕਿ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ ‘ਚ ਸੰਜੀਵ ਮਿਸ਼ਰਾ ਨੇ ਲਿਖਿਆ ਕਿ ਉਹ ਆਪਣੇ ਬੱਚਿਆਂ ਨੂੰ ਨਹੀਂ ਬਚਾ ਪਾ ਰਿਹਾ, ਇਸ ਕਾਰਨ ਉਹ ਹੁਣ ਜਿਉਣਾ ਨਹੀਂ ਚਾਹੁੰਦਾ। ਐਡੀਸ਼ਨਲ ਐਸਪੀ ਸਮੀਰ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।