ਬਰਤਾਨੀਆ ਵਿੱਚ ਭਾਰਤੀ ਮੂਲ ਦੀ ਮਹਿਲਾ ਸਿੱਖ ਫੌਜੀ ਅਫਸਰ ਕੈਪਟਨ ਹਰਪ੍ਰੀਤ ਚਾਂਡੀ ਨੇ ਲੰਬੇ ਸਮੇਂ ਤੱਕ ਬਿਨਾਂ ਕਿਸੇ ਮਦਦ ਦੇ ਧਰੁਵੀ ਖੇਤਰਾਂ ਵਿੱਚ ਆਪਣੀ ਮੁਹਿੰਮ ਨੂੰ ਪੂਰਾ ਕਰਕੇ ਇੱਕ ਵਿਸ਼ਵ ਰਿਕਾਰਡ ਬਣਾਇਆ ਹੈ। ਚਾਂਡੀ ਇੱਕ ਫਿਜ਼ੀਓਥੈਰੇਪਿਸਟ ਵੀ ਹੈ। ਹਰਪ੍ਰੀਤ ਨੂੰ ਪੋਲਰ ਪ੍ਰੀਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੱਖਣੀ ਧਰੁਵ ਤੱਕ ਇਕੱਲੇ ਘੁੰਮਣ ਦਾ ਰਿਕਾਰਡ ਬਣਾਇਆ ਸੀ।
ਭਾਰਤੀ ਮੂਲ ਦੇ ਚਾਂਡੀ ਨੇ ਅੰਟਾਰਕਟਿਕਾ ਵਿੱਚ 1397 ਕਿਲੋਮੀਟਰ ਦਾ ਸਫ਼ਰ ਇਕੱਲੇ ਹੀ ਪੂਰਾ ਕੀਤਾ। ਉਸਨੇ -50 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਇਕੱਲੇ ਹੀ ਚੁਣੌਤੀਆਂ ਦਾ ਸਾਹਮਣਾ ਕੀਤਾ। ਸਫ਼ਲਤਾ ਤੋਂ ਬਾਅਦ ਚਾਂਡੀ ਨੇ ਆਪਣੇ ਇੱਕ ਬਲਾਗ ਵਿੱਚ ਕਿਹਾ, ਇਹ ਸਫ਼ਰ ਬਹੁਤ ਠੰਢਾ, ਖ਼ਤਰਨਾਕ ਅਤੇ ਬਰਫੀਲੀਆਂ ਹਵਾਵਾਂ ਨਾਲ ਭਰਪੂਰ ਸੀ। ਮੈਂ ਅੱਗੇ ਵਧਦੀ ਗਈ, ਤਾਂ ਜੋ ਮੇਰਾ ਸਰੀਰ ਗਰਮ ਰਹੇ। ਕਿਉਂਕਿ ਰੁਕਣ ‘ਤੇ ਸਰੀਰ ਦੁਬਾਰਾ ਠੰਡਾ ਹੋ ਜਾਂਦਾ ਸੀ। ਹਾਲਾਂਕਿ, ਮੈਨੂੰ ਅਫਸੋਸ ਹੈ ਕਿ ਮੈਂ ਆਪਣੇ ਅਸਲ ਮਿਸ਼ਨ ‘ਤੇ ਖਰੀ ਨਹੀਂ ਉਤਰ ਸਕੀ। ਉਸ ਨੇ ਦੱਸਿਆ, ਮੈਂ ਇਕੱਲੀ ਪੂਰੀ ਅੰਟਾਰਕਟਿਕਾ ਪਾਰ ਕਰਨਾ ਚਾਹੁੰਦੀ ਸੀ।