ਟੋਰਾਂਟੋ: ਨੈਨੋਜ਼ ਵਲੋਂ ਸਾਲ ਦਾ ਪਹਿਲਾ ਸਿਆਸੀ ਸਰਵੇਖਣ ਕੀਤਾ ਗਿਆ ਹੈ, ਜਿਸ ‘ਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀ ਚੜ੍ਹਤ ਨਜ਼ਰ ਆ ਰਹੀ ਹੈ। ਸਰਵੇਖਣ ਮੁਤਾਬਕ ਜੇਕਰ ਅੱਜ ਵੋਟਾਂ ਪੈ ਜਾਣ ਤਾਂ 35.6 ਫ਼ੀਸਦੀ ਟੋਰੀਆਂ ਦੀ ਸਰਕਾਰ ਬਣ ਸਕਦੀ ਹੈ। ਨੈਨੋਜ਼ ਰਿਸਰਚ ਦੇ ਸਰਵੇਖਣ ਮੁਤਾਬਕ ਲਿਬਰਲ ਪਾਰਟੀ 28.3 ਫ਼ੀਸਦੀ ਲੋਕਾਂ ਦੀ ਹਮਾਇਤ ਨਾਲ ਪਛੜਦੀ ਮਹਿਸੂਸ ਹੋ ਰਹੀ ਹੈ।
ਉੱਥੇ ਹੀ ਦੂਜੇ ਪਾਸੇ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਦਾ ਜ਼ਿਕਰ ਕੀਤਾ ਜਾਵੇ ਤਾਂ 20.7 ਫ਼ੀਸਦੀ ਦੇ ਅੰਕੜੇ ਨਾਲ ਤੀਜੇ ਸਥਾਨ ‘ਤੇ ਕਾਇਮ ਹੈ ਅਤੇ ਪਿਛਲੇ ਸਾਲ ਆਏ ਸਰਵੇਖਣਾਂ ਦੇ ਮੁਕਾਬਲੇ ਲੋਕ ਹੁੰਗਾਰੇ ‘ਚ ਸੁਧਾਰ ਹੋਇਆ ਹੈ। ਨੈਨੋਜ਼ ਰਿਸਰਚ ਦੇ ਬਾਨੀ ਨਿਕ ਨੈਨੋਜ਼ ਨੇ ਕਿਹਾ ਕਿ ਮੌਜੂਦਾ ਹਾਲਾਤ ਲਿਬਰਲ ਪਾਰਟੀ ਲਈ ਚਿੰਤਾਵਾਂ ਪੈਦਾ ਕਰ ਰਹੇ ਹਨ ਕਿਉਂਕਿ ਟੋਰੀਆਂ ਦੀ ਲੀਡ ਫੈਸਲਾਕੁੰਨ ਮੁੜ ਤੋਂ ਅੱਗੇ ਲੰਘ ਚੁੱਕੀ ਹੈ। ਇੱਕ ਵਾਰ ਫਿਰ ਕੈਨੇਡਾ ਦੇ ਲੋਕ ਕੰਜ਼ਰਟਿਵ ਪਾਰਟੀ ਵੱਲ ਦੇਖ ਰਹੇ ਹਨ ਅਤੇ ਐਨ.ਡੀ.ਪੀ. ਦਾ ਵਧਦਾ ਲੋਕ ਆਧਾਰ ਵੀ ਲਿਬਰਲ ਪਾਰਟੀ ਨੂੰ ਖੋਰਾ ਲਾ ਰਿਹਾ ਹੈ।
ਸਰਵੇਖਣ ਦੌਰਾਨ ਕੈਨੇਡਾ ਵਾਸੀਆਂ ਨੇ ਹੈਲਥ ਕੇਅਰ ਨੂੰ ਸਭ ਤੋਂ ਉੱਪਰ ਦੱਸਿਆ ਅਤੇ ਇਸ ਤੋਂ ਬਾਅਦ ਮਹਿੰਗਾਈ, ਰੁਜ਼ਗਾਰ, ਅਰਥਚਾਰਾ ਅਤੇ ਵਾਤਾਵਰਣ ਦੇ ਮੁੱਦੇ ਆਏ। ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਦਾ ਇਸ ਮੁੱਦੇ ‘ਤੇ ਮਜ਼ਬੂਤ ਸਟੈਂਡ ਹੋਣ ਕਾਰਨ ਲੋਕਾਂ ਦਾ ਝੁਕਾਅ ਉਨ੍ਹਾਂ ਵੱਲ ਵਧ ਰਿਹਾ ਹੈ। ਨਿਕ ਨੈਨੋਜ਼ ਨੇ ਅੱਗੇ ਕਿਹਾ ਕਿ ਇਸ ਸਾਲ ਦਾ ਫੈਡਰਲ ਬਜਟ ਲੋਕ ਲੁਭਾਉਣੇ ਐਲਾਨਾਂ ਨਾਲ ਭਰਪੂਰ ਹੋ ਸਕਦਾ ਹੈ ਅਤੇ ਜਸਟਿਨ ਟਰੂਡੋ ਦੀ ਸਰਕਾਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਫੇਰੀ ਦਾ ਲਾਹਾ ਲੈਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੇਗੀ। ਪ੍ਰਧਾਨ ਮੰਤਰੀ ਵਜੋਂ ਪਹਿਲੀ ਪਸੰਦ ਦਾ ਜ਼ਿਕਰ ਕੀਤਾ ਜਾਵੇ ਤਾਂ ਜਸਟਿਨ ਟਰੂਡੋ ਹੁਣ ਵੀ ਸਭ ਤੋਂ ਅੱਗੇ ਚੱਲ ਰਹੇ ਹਨ। 30 ਫ਼ੀਸਦੀ ਕੈਨੇਡੀਅਨ ਟਰੂਡੋ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ ਜਦਕਿ 27.5 ਫ਼ੀ ਸਦੀ ਲੋਕਾਂ ਨੇ ਟੋਰੀ ਆਗੂ ਪੌਇਲੀਅਵਰਾ ਨੂੰ ਪਹਿਲੀ ਪਸੰਦ ਦੱਸਿਆ। 16.2 ਫ਼ੀਸਦੀ ਲੋਕਾਂ ਦੀ ਪਹਿਲੀ ਪਸੰਦ ਜਗਮੀਤ ਸਿੰਘ ਰਹੇ ਜਦਕਿ 4.2 ਫ਼ੀਸਦੀ ਲੋਕਾਂ ਨੇ ਐਲਿਜ਼ਾਬੈਥ ਮੇਅ ਨੂੰ ਪਹਿਲੀ ਪਸੰਦ ਦੱਸਿਆ। ਮੈਕਸਿਮ ਬਰਨੀਅਰ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 2 ਫ਼ੀਸਦੀ ਦਰਜ ਕੀਤੀ ਗਈ। 16 ਫ਼ੀ ਸਦੀ ਕੈਨੇਡਾ ਵਾਸੀ ਯਕੀਨੀ ਤੌਰ ‘ਤੇ ਨਹੀਂ ਦੱਸ ਸਕੇ ਕਿ ਉਹ ਕਿਹੜੇ ਆਗੂ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ।