ਧਾਮੀ ਅਤੇ ਮਨਪ੍ਰੀਤ ਬਾਦਲ; ਪੰਜਾਬ ਦੀ ਅਜੋਕੀ ਤਸਵੀਰ

Global Team
4 Min Read

ਜਗਤਾਰ ਸਿੰਘ ਸਿੱਧੂ;
ਮੈਨੇਜਿੰਗ ਐਡੀਟਰ

ਪੰਜਾਬ ਵਿੱਚ ਅੱਜ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਹਨ। ਇੱਕ ਦਾ ਸੰਬੰਧ ਰਾਜਸੀ ਧਿਰ ਨਾਲ ਹੈ ਅਤੇ ਦੂਜੀ ਦਾ ਸੰਬੰਧ ਧਾਰਮਿਕ ਧਿਰਾਂ ਨਾਲ ਹੈ। ਮਿਸਾਲ ਵਜੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਤੋਂ ਅਸਤੀਫ਼ਾ ਦੇਣ ਬਾਅਦ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਰਾਜਸੀ ਕਦਰਾਂ-ਕੀਮਤਾਂ ਉੱਪਰ ਸਵਾਲ ਉੱਠੇ ਹਨ। ਜੇਕਰ ਆਪਾਂ ਧਾਰਮਿਕ ਖੇਤਰ ਦੀ ਗੱਲ ਕਰੀਏ ਤਾਂ ਸ਼ਾਮੀਂ ਚੰਡੀਗੜ੍ਹ-ਮੋਹਾਲੀ ਦੇ ਬਾਰਡਰ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਜਾ ਰਹੇ ਧਰਨੇ ਵਿੱਚ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਗੁੱਸੇ ਵਿੱਚ ਆਏ ਕੁੱਝ ਲੋਕਾਂ ਵੱਲੋਂ ਤਿੱਖੇ ਸਵਾਲ ਕੀਤੇ ਗਏ ਅਤੇ ਉਨ੍ਹਾਂ ਦੀ ਗੱਡੀ ਦਾ ਘਿਰਾਓ ਵੀ ਕੀਤਾ ਗਿਆ। ਉਨ੍ਹਾਂ ਦੀ ਗੱਡੀ ਦੇ ਪਿਛਲੇ ਪਾਸੇ ਦੇ ਸ਼ੀਸ਼ੇ ਵੀ ਤੋੜੇ ਗਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਾਅਦ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਵਿੱਚ ਸਮਰਥਨ ਦੇਣ ਆਏ ਸਨ। ਜਦੋਂ ਉਹ ਸੰਬੋਧਨ ਕਰ ਕੇ ਪੰਡਾਲ ਦੇ ਬਾਹਰ ਆਏ ਤਾਂ ਅਜਿਹੀ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਮੋਰਚੇ ਦੇ ਪ੍ਰਬੰਧਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹਾ ਨਹੀਂ ਵਾਪਰਨਾ ਚਾਹੀਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਮੁਹਿੰਮ ਪੂਰੇ ਜ਼ੋਰ ਨਾਲ ਜਾਰੀ ਰੱਖੇਗੀ ਅਤੇ ਫਰਵਰੀ ਵਿੱਚ ਲੱਖਾਂ ਦਸਖ਼ਤ ਕਰਵਾ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਾਦ ਪੱਤਰ ਰਾਸ਼ਟਰਪਤੀ ਦੇ ਨਾਂ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਜਾਵੇਗਾ। ਦੂਜੇ ਪਾਸੇ ਕਈ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ। ਇਸੇ ਤਰਾਂ ਅਕਾਲੀ ਦਲ ਨੇ ਆਪਣੀ ਸਰਕਾਰ ਵੇਲੇ ਵੀ ਬੰਦੀ ਸਿੰਘਾਂ ਦੀ ਕੋਈ ਸਾਰ ਨਹੀਂ ਲਈ। ਇਸ ਕਰ ਕੇ ਸਿੱਖ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਧਾਮੀ ਉੱਪਰ ਕੁੱਝ ਲੋਕਾਂ ਵੱਲੋਂ ਗੁੱਸੇ ਦਾ ਪ੍ਰਗਟਾਵਾ ਕਰਨ ਦੀ ਘਟਨਾ ਵਾਪਰੀ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਏਜੰਸੀਆਂ ਵੱਲੋਂ ਧਾਮੀ ਉੱਪਰ ਹਮਲਾ ਕਰਵਾਇਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਨ ਕਾਨੂੰਨ ਦੀ ਰਾਖੀ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।

ਜਦੋਂ ਦੂਜੀ ਵੱਡੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਇਹ ਮਾਮਲਾ ਸਿੱਧੇ ਤੌਰ ਤੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨਾਲ ਜਾ ਜੁੜਦਾ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ ਭਾਰਤ ਜੋੜੋ ਯਾਤਰਾ ਨੇ ਅੱਜ ਪੰਜਾਬ ਤੋਂ ਬਾਹਰ ਹੀ ਕਦਮ ਰੱਖਿਆ ਸੀ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ। ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਪੰਜਾਬ ਵਿੱਚ ਆਪਣੀ ਵੱਖਰੀ ਪਾਰਟੀ ਬਣਾਈ ਸੀ। ਬਾਅਦ ਵਿੱਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਹੁਣ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਚ ਸ਼ਾਮਿਲ ਹੋ ਗਏ ਹਨ। ਕਿਹਾ ਜਾ ਸਕਦਾ ਹੈ ਕਿ ਰਾਜਨੀਤੀ ਦਾ ਇਸ ਕਦਰ ਨਿਘਾਰ ਹੋ ਗਿਆ ਹੈ ਕਿ ਕਦਰਾਂ-ਕੀਮਤਾਂ ਦੀ ਥਾਂ ਰਾਜਸੀ ਮੌਕਾਪ੍ਰਸਤੀ ਬਹੁਤ ਭਾਰੂ ਹੈ। ਮਨਪ੍ਰੀਤ ਬਾਦਲ ਇੱਕ ਸੁਲਝੇ ਹੋਏ ਰਾਜਸੀ ਨੇਤਾ ਹਨ ਪਰ ਜਦੋਂ ਉਹ ਕਾਂਗਰਸ ਚ ਸ਼ਾਮਿਲ ਹੋਏ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਨੇ ਪੰਜਾਬ ਦੇ ਹਿਤਾਂ ਦੀ ਗੱਲ ਕੀਤੀ ਸੀ ਤਾਂ ਹੁਣ ਜਦੋਂ ਭਾਜਪਾ ਵਿੱਚ ਸ਼ਾਮਿਲ ਹੋਏ ਹਨ, ਉਨ੍ਹਾਂ ਨੇ ਪੰਜਾਬ ਦੀ ਬਿਹਤਰੀ ਲਈ ਫ਼ੈਸਲਾ ਲੈਣ ਦੀ ਗੱਲ ਆਖੀ ਹੈ।

ਰਾਜਸੀ ਆਗੂਆਂ ਵੱਲੋਂ ਇਸ ਤਰਾਂ ਕੀਤੀਆਂ ਜਾ ਰਹੀਆਂ ਦਲ ਬਦਲੀਆਂ ਬਾਰੇ ਸਵਾਲ ਉੱਠਣੇ ਸੁਭਾਵਿਕ ਹਨ ਪਰ ਨਾਲ ਹੀ ਰਾਜਸੀ ਪਾਰਟੀਆਂ ਉੱਪਰ ਵੀ ਸਵਾਲ ਉੱਠ ਰਹੇ ਹਨ ਕਿ ਹੁਣ ਸੱਤਾ ਹਾਸਿਲ ਕਰਨਾ ਹੀ ਇੱਕੋ-ਇੱਕ ਨਿਸ਼ਾਨਾ ਰਹਿ ਗਿਆ ਹੈ।

Share This Article
Leave a Comment