ਨਵੀਂ ਦਿੱਲੀ : ਭਾਰਤ ਵੀਰਵਾਰ ਤੋਂ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਦੇ ਮੁੱਖ ਮੰਚ ਜੀ-20 ਸਮੂਹ ਦੀ ਪ੍ਰਧਾਨਗੀ ਕਰ ਰਿਹਾ ਹੈ। ਇਸ ਵਿਸ਼ੇਸ਼ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਜੀ-20 ਦਾ ਲੋਗੋ 1 ਦਸੰਬਰ ਤੋਂ 7 ਦਸੰਬਰ ਤੱਕ ਯੂਨੈਸਕੋ ਦੀਆਂ ਵਿਸ਼ਵ ਵਿਰਾਸਤੀ ਥਾਵਾਂ ਸਮੇਤ 100 ਸਮਾਰਕਾਂ ‘ਤੇ ਸੱਤ ਦਿਨਾਂ ਲਈ ਪ੍ਰਕਾਸ਼ਮਾਨ ਕੀਤਾ ਜਾਵੇਗਾ। ਇਨ੍ਹਾਂ ਥਾਵਾਂ ‘ਤੇ ਸ੍ਰੀਨਗਰ ਦੇ ਸ਼ੰਕਰਾਚਾਰੀਆ ਮੰਦਿਰ ਤੋਂ ਲੈ ਕੇ ਦਿੱਲੀ ਦੇ ਲਾਲ ਕਿਲੇ ਤੱਕ ਅਤੇ ਤੰਜਾਵੁਰ ਦੇ ਚੋਲਾ ਮੰਦਿਰ ਨੂੰ ਵੀ ਵਿਸ਼ੇਸ਼ ਲਾਈਟਾਂ ਨਾਲ ਰੋਸ਼ਨ ਕੀਤਾ ਜਾਵੇਗਾ। ਇਨ੍ਹਾਂ 100 ਥਾਵਾਂ ਦੀ ਸੂਚੀ ਵਿੱਚ ਦਿੱਲੀ ਵਿੱਚ ਹੁਮਾਯੂੰ ਦਾ ਮਕਬਰਾ ਅਤੇ ਪੁਰਾਣਾ ਕਿਲਾ, ਗੁਜਰਾਤ ਵਿੱਚ ਮੋਢੇਰਾ ਵਿੱਚ ਸੂਰਜ ਮੰਦਿਰ, ਓਡੀਸ਼ਾ ਵਿੱਚ ਕੋਨਾਰਕ ਵਿੱਚ ਸੂਰਜ ਮੰਦਿਰ ਸ਼ਾਮਲ ਹਨ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਕੌਮਾਂਤਰੀ ਆਰਥਿਕ ਸਹਿਯੋਗ ਲਈ ਜੀ-20 ਇਕ ਮੁੱਖ ਮੰਚ ਹੈ ਜਿਹੜਾ ਆਲਮੀ ਜੀਡੀਪੀ ਦੀ 85 ਫ਼ੀਸਦੀ, ਦੁਨੀਆ ਭਰ ਦੇ ਕਾਰੋਬਾਰ ਦੀ 75 ਫ਼ੀਸਦੀ ਤੋਂ ਜ਼ਿਆਦਾ ਤੇ ਦੁਨੀਆ ਦੀ ਦੋ-ਤਿਹਾਈ ਆਬਾਦੀ ਦੀ ਨੁਮਾਇੰਦਗੀ ਕਰਦਾ ਹੈ।
ਜੀ-20 ਦੀ ਪ੍ਰਧਾਨਗੀ ਦੌਰਾਨ ਭਾਰਤ ਦੇਸ਼ ਦੀਆਂ 55 ਥਾਵਾਂ ’ਤੇ 32 ਵੱਖ-ਵੱਖ ਸੈਕਟਰਾਂ ’ਚ ਲਗਪਗ 200 ਮੀਟਿੰਗਾਂ ਕਰੇਗਾ। ਜੀ-20 ਦੀ ਸਿਖਰ ਮੀਟਿੰਗ ਅਗਲੇ ਸਾਲ ਹੋਵੇਗੀ ਜਿਹੜੀ ਭਾਰਤ ਦੀ ਮੇਜ਼ਬਾਨੀ ’ਚ ਸਰਬਉੱਚ ਪੱਧਰ ਦੀਆਂ ਬੈਠਕਾਂ ’ਚੋਂ ਇਕ ਹੋਵੇਗੀ। ਜੀ-20 ਦੀ ਪਹਿਲੀ ਮੀਟਿੰਗ ਦਸੰਬਰ ਦੇ ਪਹਿਲੇ ਹਫ਼ਤੇ ’ਚ ਉਦੈਪੁਰ ’ਚ ਹੋਵੇਗੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੰਬਰ ਮਹੀਨੇ ਦੀ ਸ਼ੁਰੂਆਤ ’ਚ ਭਾਰਤ ਦੀ ਪ੍ਰਧਾਨਗੀ ’ਚ ਜੀ-20 ਦਾ ਲੋਗੋ, ਥੀਮ ਤੇ ਵੈੱਬਸਾਈਟ ਲਾਂਚ ਕੀਤੀ ਸੀ। ਇਸ ਦੇ ਲੋਗੋ ’ਚ ਕਮਲ ਦਾ ਫੁੱਲ ਭਾਰਤ ਦੀ ਪ੍ਰਾਚੀਨ ਵਿਰਾਸਤ, ਆਸਥਾ ਤੇ ਵਿਚਾਰਧਾਰਾ ਦਾ ਪ੍ਰਤੀਕ ਹੈ।
ਭਾਰਤ ਵੀਰਵਾਰ ਤੋਂ ਇਕ ਮਹੀਨੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਦੀ ਪ੍ਰਧਾਨਗੀ ਵੀ ਸੰਭਾਲ ਰਿਹਾ ਹੈ। 15 ਸਾਲਾ ਪ੍ਰੀਸ਼ਦ ਦੇ ਚੁਣੇ ਹੋਏ ਮੈਂਬਰ ਵਜੋਂ ਦੋ ਸਾਲ ਦੇ ਕਾਰਜਕਾਲ ਦੌਰਾਨ ਪਿਛਲੇ ਸਾਲ ਅਗਸਤ ਤੋਂ ਬਾਅਦ ਭਾਰਤ ਦੂਜੀ ਵਾਰ ਇਹ ਪ੍ਰਧਾਨਗੀ ਸੰਭਾਲੇਗਾ। ਯੂਐੱਨ ’ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੁਖੀ ਸਾਬਾ ਕੋਰੋਸੀ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨਾਲ ਮੁਲਾਕਾਤ ਕੀਤੀ ਤੇ ਪ੍ਰੋਗਰਾਮਾਂ ’ਤੇ ਚਰਚਾ ਕੀਤੀ। ਯੂਐੱਨਐੱਸਸੀ ’ਚ ਭਾਰਤ ਦਾ ਕਾਰਜਕਾਲ 31 ਦਸੰਬਰ ਨੂੰ ਖ਼ਤਮ ਹੋ ਜਾਵੇਗਾ।
ਜੀ-20 ਯਾਨੀ 20 ਦੇਸ਼ਾਂ ਦਾ ਇਹ ਸਮੂਹ ਵਿਸ਼ਵ ਦੀਆਂ ਪ੍ਰਮੁੱਖ ਵਿਕਸਿਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਅੰਤਰ-ਸਰਕਾਰੀ ਮੰਚ ਹੈ। ਇਸ ਵਿਸ਼ੇਸ਼ ਸਮੂਹ ਵਿੱਚ ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ ਦੇ ਨਾਲ-ਨਾਲ ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਤੇ ਯੂਰਪੀਅਨ ਯੂਨੀਅਨ (ਈਯੂ) ਵੀ ਸ਼ਾਮਿਲ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.