ਹੁਣ ਓਨਟਾਰੀਓ ‘ਚ ਬਗੈਰ ਇਜਾਜ਼ਤ ਬਣਾਏ ਜਾ ਸਕਣਗੇ ਤਿੰਨ ਮੰਜ਼ਿਲਾ ਮਕਾਨ

Global Team
2 Min Read

ਟੋਰਾਂਟੋ: ਓਨਟਾਰੀਓ ਦੀ ਡਗ ਫੋਰਡ ਸਰਕਾਰ ਨੇ ਵੱਡਾ ਐਲਾਨ ਕਰਦਿਆਂ ਮਿਊਂਸਪਲ ਇਜਾਜ਼ਤ ਤੋਂ ਬਗੈਰ ਤਿੰਨ ਮੰਜ਼ਿਲਾ ਘਰ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਰਿਹਾਇਸ਼ ਦੀ ਪਰੇਸ਼ਾਨੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਲਿਆਂਦੇ ਨਵੇਂ ਬਿੱਲ ਕਾਰਨ ਵੱਡੇ ਪੱਧਰ ‘ਤੇ ਉਸਾਰੀਆਂ ਹੋ ਸਕਣਗੀਆਂ।

ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਸਾਡੇ ਕੋਲ ਗਵਾਉਣ ਲਈ ਬਿਲਕੁਲ ਵੀ ਸਮਾਂ ਨਹੀਂ। ਪਿਛਲੀਆਂ ਸਰਕਾਰਾਂ ਨੇ ਸਮੱਸਿਆ ਆਉਂਦੀ ਤਾਂ ਦੇਖ ਲਈ ਪਰ ਇਸ ਦੇ ਹੱਲ ਲੱਭਣ ਦੀ ਬਜਾਏ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਓਨਟਾਰੀਓ ਵਿਧਾਨ ਸਭਾ ‘ਚ ਮੰਗਲਵਾਰ ਨੂੰ ‘ਮੋਰ ਹੋਮਜ਼, ਬਿਲਟ ਫਾਸਟਰ ਐਕਟ’ ਪੇਸ਼ ਕਰ ਦਿੱਤਾ ਗਿਆ ਜਿਸ ਰਾਹੀਂ ਘੱਟ ਖਰਚੇ ‘ਤੇ ਵੱਧ ਮਕਾਨ ਬਣਾਏ ਜਾ ਸਕਣਗੇ ਅਤੇ ਪੀ.ਸੀ. ਪਾਰਟੀ ਆਉਂਦੇ 10 ਸਾਲ ਦੌਰਾਨ 15 ਲੱਖ ਘਰਾਂ ਦੀ ਉਸਾਰੀ ਦਾ ਟੀਚਾ ਪੂਰਾ ਕਰ ਸਕੇਗੀ।

ਬਿੱਲ ਪਾਸ ਹੋਣ ਤੋਂ ਬਾਅਦ ਇੱਕ ਪਲਾਟ ਵਿਚ ਤਿੰਨ ਰਿਹਾਇਸ਼ੀ ਇਕਾਈਆਂ ਬਣਾਈਆਂ ਜਾ ਸਕਣਗੀਆਂ ਅਤੇ ਇਸ ਲਈ ਮਿਊਂਸਪਲ ਕੌਂਸਲ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਇਸ ਵਾਸਤੇ ਸ਼ਰਤ ਇਹ ਰੱਖੀ ਗਈ ਹੈ ਕਿ ਸਬੰਧਤ ਮਕਾਨ ਮਾਲਕ ਨੂੰ ਘਰ ਦਾ ਕੁਝ ਹਿੱਸਾ ਕਿਰਾਏ `ਤੇ ਦੇਣਾ ਪਵੇਗਾ। ਮਿਸਾਲ ਵਜੋਂ ਰਿਹਾਇਸ਼ੀ ਇਕਾਈਆਂ ਵਾਲੀ ਜਗ੍ਹਾਂ ਤੇ ਬੇਸਮੈਂਟ ਅਪਾਰਟਮੈਂਟ ਵਾਲਾ ਮਕਾਨ ਜਾਂ ਲੇਨਵੇਅ ਹਾਊਸ ਬਣਾ ਕੇ ਕਿਰਾਏ ‘ਤੇ ਦਿੱਤਾ ਜਾ ਸਕਦਾ ਹੈ। ਰਿਹਾਇਸ਼ੀ ਪਲਾਟਾਂ ‘ਤੇ ਡਿਊਪਲੈਕਸ ਅਤੇ ਟ੍ਰਿਪਲੈਕਸਿਜ਼ ਦੀ ਉਸਾਰੀ ਕੀਤੀ ਜਾ ਸਕੇਗੀ। ਮਿਉਂਸਪਲ ਇਕਾਈਆਂ ਅਜਿਹੇ ਮਕਾਨਾਂ ਦੇ ਆਕਾਰ ਉਪਰ ਕੋਈ ਬੰਦਿਸ਼ ਨਹੀਂ ਲਾ ਸਕਣਗੀਆਂ ਅਤੇ ਇਕ ਰਿਹਾਇਸ਼ੀ ਇਕਾਈ ਲਈ ਇੱਕ ਪਾਰਕਿੰਗ ਸਪੇਸ ਲਾਜ਼ਮੀ ਹੋਵੇਗੀ। ਇਨ੍ਹਾਂ ਮਕਾਨਾਂ ਨੂੰ ਡਿਵੈਲਪਮੈਂਟ ਫੀਸ ਅਤੇ ਪਾਰਕਲੈਂਡ ਡੈਡੀਕੇਸ਼ਨ ਫੀਸ ਤੋਂ ਛੋਟ ਦਿੱਤੀ ਜਾਵੇਗੀ। ਸੂਬਾ ਸਰਕਾਰ ਨੂੰ ਉਮੀਦ ਹੈ ਕਿ ਇਸ ਤਰੀਕੇ ਨਾਲ ਕਿਰਾਏਦਾਰਾਂ ਨੂੰ ਮਕਾਨ ਲੱਭਣ ਵਿਚ ਦਿੱਕਤਾਂ ਨਹੀਂ ਆਉਣਗੀਆਂ।

ਡਗ ਫ਼ਰਡ ਨੇ ਕਿਹਾ ਕਿ ਸੂਬੇ ਦੇ 29 ਵੱਡੇ ਸ਼ਹਿਰਾਂ ਨੂੰ ਆਬਾਦੀ ਦੇ ਹਿਸਾਬ ਨਾਲ ਮਕਾਨਾਂ ਦੀ ਉਸਾਰੀ ਦਾ ਟੀਚਾ ਦਿੱਤਾ ਜਾ ਰਿਹਾ ਹੈ। ਨਵੇਂ ਕਾਨੂੰਨ ਤਹਿਤ ਇਕੱਲੇ ਟੋਰਾਂਟੋ ਸ਼ਹਿਰ ‘ਚ 2031 ਤੱਕ 2 ਲੱਖ 85 ਹਜ਼ਾਰ ਮਕਾਨ ਉਸਾਰੇ ਜਾਣਗੇ। ਇਸੇ ਤਰ੍ਹਾਂ ਓਟਵਾ ਵਿਖੇ 1 ਲੱਖ 61 ਹਜ਼ਾਰ, ਮਿਸੀਸਾਗਾ ਵਿਖੇ 1 ਲੱਖ 20 ਹਜ਼ਾਰ ਅਤੇ ਬਰੈਂਪਟਨ ਵਿਖੇ 1 ਲੱਖ 13 ਹਜ਼ਾਰ ਮਕਾਨ ਉਸਾਰਨ ਦਾ ਟੀਚਾ ਰੱਖਿਆ ਗਿਆ ਹੈ।

Share This Article
Leave a Comment