ਬਿੰਦੁੂ ਸਿੰਘ
ਹਾਸਰਸ ਕਲਾਕਾਰ ਤੋਂ ਮੁੱਖ ਮੰਤਰੀ ਦੀ ਕੁਰਸੀ ਤੱਕ ਦਾ ਸਫ਼ਰ ਭਗਵੰਤ ਮਾਨ ਨੇ ਤੈਅ ਕੀਤਾ ਹੈ। ਮਾਨ ਨੇ ਅੱਜ ਪੰਜਾਬ ਦੇ 28ਵੇੰ ਮੁੱਖ ਮੰਤਰੀ ਵਜੋਂ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕੀ। ਸੰਵਿਧਾਨਕ ਤੌਰ ਤੇ ਇਹ ਰਸਮ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਨਿਭਾਈ।
ਪੀਲੀਆਂ ਪੱਗਾਂ ਤੇ ਪੀਲੀਆਂ ਚੁੰਨੀਆਂ ਦੇ ਨਾਲ ਭਰੀ ਸਭਾ ਵਿਚਕਾਰ ਸਹੁੰ ਚੁੱਕਣ ਦੀ ਆਖ਼ਰੀ ਲਾਈਨ ਬੋਲਣ ਤੋਂ ਬਾਅਦ ਭਗਵੰਤ ਮਾਨ ਨੇ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਾਇਆ। ਇਹ ਇੱਕ ਵਿਲੱਖਣ ਗੱਲ ਸੀ, ਵੈਸੇ ਤਾਂ ਰਾਜ ਭਵਨ ਤੋਂ ਬਾਹਰ ਭਗਤ ਸਿੰਘ ਦੇ ਪਿੰਡ ਜਾ ਕੇ ਸਹੁੰ ਚੁੱਕਣਾ ਵੀ ਆਪਣੇ ਆਪ ਵਿੱਚ ਇਕ ਵੱਖਰੇ ਕਿਸਮ ਦੀ ਗੱਲ ਹੈ ਕਿਉਂਕਿ ਅੱਜ ਤੱਕ ਜਿਹੜੇ ਵੀ ਮੁੱਖ ਮੰਤਰੀ ਬਣੇ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਰਾਜ ਭਵਨ ਵਿੱਚ ਹੀ ਹੁੰਦਾ ਰਿਹਾ ਹੈ।
ਇਕ ਪਾਸੇ ਜਿੱਥੇ ਭਗਵੰਤ ਮਾਨ ਦੀ ਬੇਟੀ ਸੀਰਤ ਤੇ ਬੇਟਾ ਦਿਲਸ਼ਾਨ ਦੋਨੋਂ ਆਪਣੇ ਪਿਤਾ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਅਮਰੀਕਾ ਤੋਂ ਪਹੁੰਚੇ ਉੱਥੇ ਹੀ ਭਗਵੰਤ ਮਾਨ ਤੋਂ ਵੱਖ ਹੋ ਚੁੱਕੀ ਉਨ੍ਹਾਂ ਦੀ ਪਤਨੀ ਨੇ ਵੀ ਸੋਸ਼ਲ ਮੀਡੀਆ ਤੇ ਕਿਹਾ ਕਿ ਭਾਵੇਂ ਉਹ ਸੱਤ ਸਮੁੰਦਰ ਪਾਰ ਬੈਠੇ ਹਨ ਪਰ ਮਾਨ ਲਈ ਹਮੇਸ਼ਾਂ ਉਨ੍ਹਾਂ ਨੇ ਅਰਦਾਸਾਂ ਕੀਤੀਆਂ ਹਨ। ਦੱਸ ਦੇਈਏ ਕਿ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਕੌਰ ਨੇ 2015 ਵਿੱਚ ਇੱਕ ਦੂਜੇ ਤੋਂ ਤਲਾਕ ਲੈ ਲਿਆ ਸੀ। ਗੁਰਦਾਸ ਮਾਨ ਜਿਨ੍ਹਾਂ ਦੀ ਮਕਬੂਲੀਅਤ ਪੰਜਾਬ ਲੋਕ ਗਵੱਈਏ ਦੇ ਰੂਪ ਵਿੱਚ ਕਹੀ ਤੇ ਸੁਣੀ ਜਾਂਦੀ ਹੈ , ਉਨ੍ਹਾਂ ਨੇ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਮਰਹੂਮ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ , ਕਰਮਜੀਤ ਅਨਮੋਲ ਤੇ ਲੋਕ ਗਾਇਕ ਤੋਂ ਸਿਆਸਤਦਾਨ ਬਣੇ ਕਾਂਗਰਸ ਪਾਰਟੀ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵੀ ਮੌਜੂਦ ਸਨ।
ਮੁੱਖ ਮੰਤਰੀ ਦਫ਼ਤਰ ਚ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਫਾਈਲ ਤੇ ਹਸਤਾਖਰ ਕਰ ਰਹੇ ਸਨ ਤੇ ਵੇਖਿਆ ਜਾ ਸਕਦਾ ਸੀ ਕਿ ਉਨ੍ਹਾਂ ਦੇ ਪਿੱਛੇ ਦੋ ਤਸਵੀਰਾਂ ਲੱਗੀਆਂ ਹੋਈਆਂ ਸਨ, ਇੱਕ ਬਾਬਾ ਸਾਹਿਬ ਅੰਬੇਡਕਰ ਤੇ ਦੂਜੀ ਸ਼ਹੀਦੇ ਆਜ਼ਮ ਭਗਤ ਸਿੰਘ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ।
ਇਕ ਪਾਸੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਚੁੱਕ ਰਹੇ ਸਨ ਤੇ ਦੂਜੇ ਪਾਸੇ ਲੋਕਾਂ ਦੀਆਂ ਉਮੀਦਾਂ ਉਨ੍ਹਾਂ ਵੱਲ ਤੱਕ ਰਹੀਆਂ ਸਨ । ਅੱਸੀ ਸਹੁੰ ਚੁੱਕ ਸਮਾਗਮ ਵਾਲੇ ਸਥਾਨ ਦੇ ਆਲੇ ਦੁਆਲੇ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਪੁੱਛਿਆ ਕਿ ਅੱਜ ਦੇ ਇਸ ਸਮਾਗਮ ਤੇ ਉਨ੍ਹਾਂ ਦੀ ਕੀ ਪ੍ਰਤੀਕਿਰਿਆ ਹੈ। ਖਟਕੜ ਕਲਾਂ ਪਿੰਡ ਦੇ ਲੋਕ ਖ਼ੁਸ਼ ਸਨ ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਪਿੰਡ ਚ ਬਹੁਤ ਗਹਿਮਾ ਗਹਿਮੀ ਦਾ ਮਾਹੌਲ ਹੈ। ਚਾਰੋਂ ਪਾਸੇ ਪੁਲੀਸ ਦੇ ਦਸਤੇ ਤੇ ਪ੍ਰਸ਼ਾਸਨ ਦੀਆਂ ਗੱਡੀਆਂ ਤੇ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ, ਚਹਿਲ ਪਹਿਲ ਲੱਗੀ ਹੋਈ ਹੈ, ਪਿੰਡ ਦਾ ਚੱਪਾ ਚੱਪਾ ਬਿਲਕੁਲ ਸਾਫ਼ ਸੁਥਰਾ ਹੋ ਗਿਆ ਹੈ । ਹੋਵੇ ਵੀ ਕਿਉਂ ਨਾ ਆਖ਼ਰ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਸਥਾਨ ਤੇ ਸਹੁੰ ਚੁੱਕਣੀ ਹੈ, ਇਸ ਕਰਕੇ ਇੱਥੇ ਸਾਰਾ ਅਮਲਾ ਫੈਲਾ ਆਇਆ ਹੋਇਆ ਹੈ ਤੇ ਖਟਕੜ ਕਲਾਂ ਪਿੰਡ ਵੀਆਈਪੀ ਬਣਿਆ ਹੋਇਆ ਹੈ।
ਜਦੋਂ ਕੁਝ ਅੱਗੇ ਜਾ ਕੇ ਅਸੀਂ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਰਵਾਇਤੀ ਪਾਰਟੀਆਂ ਤੋਂ ਲੋਕ ਅੱਕ ਚੁੱਕੇ ਸਨ, ਥੱਕ ਚੁੱਕੇ ਸਨ , ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਹੁੰਮ ਹੁਮਾ ਕੇ ਵੋਟਾਂ ਪਈਆਂ ਹਨ। ਇਨ੍ਹਾਂ ਵੱਡਾ ਬਹੁਮਤ ਦੇਣ ਦੇ ਨਾਲ ਹਰ ਇੱਕ ਵੋਟ ਵਿੱਚ ਪੰਜਾਬੀਆਂ ਦੀਆਂ ਆਸਾਂ ਤੇ ਉਮੀਦਾਂ ਨਾਲ ਪਈਆਂ ਹਨ। ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਸਮਿਆਂ, ਇੰਨੇ ਵਰ੍ਹਿਆਂ ‘ਚ ਕਈ ਸਿਆਸਤਦਾਨ ਆਏ ਤੇ ਕਈ ਗਏ, ਹਰ ਵਾਰ ਵੋਟਾਂ ਵਾਲੇ ਦਿਨਾਂ ਵਿੱਚ ਪਾਰਟੀਆਂ ਦਾ ਨੁਮਾਇੰਦਾ ਹੱਥ ਅੱਡੀ ਤੇ ਝੋਲੀ ਅੱਡੀ, ਆ ਖੜ੍ਹਾ ਹੁੰਦਾ ਸੀ ਤੇ ਇੱਕੋ ਗੱਲ ਕਹਿੰਦਾ ਸੀ ਕਿ ਤੁਹਾਡੇ ਮਸਲਿਆਂ ਨੂੰ, ਮੁੱਦਿਆਂ ਨੂੰ, ਸ਼ਿਕਾਇਤਾਂ ਨੂੰ , ਹਰ ਹੀਲੇ ਹੱਲ ਕਰਾਂਗੇ ਪਰ ਇਸ ਵਾਰ ਵੋਟ ਮੈਨੂੰ ਪਾਇਓ। ਲੋਕਾਂ ਦਾ ਕਹਿਣਾ ਸੀ ਕਿ ਇਸ ਵਾਰ ਵੀ ਦੂਜੀ ਪਾਰਟੀਆਂ ਦੇ ਨੁਮਾਇੰਦੇ ਇੱਕ ਵਾਰ ਫੇਰ ਉਨ੍ਹਾਂ ਕੋਲ ਪਹੁੰਚੇ ਸਨ ਪਰ ਇਸ ਵਾਰ ਉਨ੍ਹਾਂ ਵੋਟ ਮੰਗਣ ਵਾਲੇ ਨੁਮਾਇੰਦਿਆਂ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਜਦੋਂ ਅਸੀਂ ਥੋੜ੍ਹਾ ਹੋਰ ਆਲੇ ਦੁਆਲੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਵਿੱਚ ਜਿੱਥੇ ਇੱਕ ਪਾਸੇ ਰਿਵਾਇਤੀ ਪਾਰਟੀਆਂ ਦੇ ਸਿਆਸਤਦਾਨਾਂ ਤੋਂ ਨਾਰਾਜ਼ਗੀ ਸੁਣਾਈ ਦਿੱਤੀ ਉੱਥੇ ਹੀ ਆਮ ਆਦਮੀ ਪਾਰਟੀ ਦੇ ਬਹੁਮਤ ਨਾਲ ਜਿੱਤ ਕੇ ਆਉਣ ਤੇ ਤਸੱਲੀ ਵੀ ਦਿਖਾਈ ਦਿੱਤੀ। ਪਰ ਇਸ ਤਸੱਲੀ ਦੇ ਨਾਲ ਹੁਣ ਉਮੀਦਾਂ ਸਾਫ਼ ਸਾਫ਼ ਉਨ੍ਹਾਂ ਦੇ ਚਿਹਰਿਆਂ ਤੇ ਤੈਰ ਰਹੀਆਂ ਸਨ।
ਭਗਵੰਤ ਮਾਨ ਨੇ ਚੋਣਾਂ ਜਿੱਤਣ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਮਗਰੋਂ ਉਹ ਸਭ ਤੋਂ ਪਹਿਲਾਂ ਬੇਰੁਜ਼ਗਾਰੀ ਦੇ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ ਇਹ ਮੁੱਦਾ ਵੈਸੇ ਤਾਂ ਸਾਰੇ ਦੇਸ਼ ਵਿੱਚ ਹੀ ਬਹੁਤ ਵੱਡਾ ਰੂਪ ਲੈ ਗਿਆ ਹੈ ਪਰ ਪੰਜਾਬ ਦੇ ਵਿੱਚ ਵੀ ਬੇਰੁਜ਼ਗਾਰੀ ਦਾ ਆਂਕੜਾ ਬਹੁਤ ਵੱਡਾ ਹੋ ਗਿਆ ਹੇੈ। ਨਾਲ ਲੱਗਦੇ ਪਿੰਡਾਂ ‘ਚ ਜਾ ਕੇ ਇਕ ਦੋ ਸਕੂਲਾਂ ਤੇ ਹਸਪਤਾਲਾਂ ‘ਚ ਵੜ ਕੇ ਵੇਖਿਆ ਤੇ ਜਦੋਂ ਅਸੀਂ ਗੱਲਬਾਤ ਕੀਤੀ ਤੇ ਪਤਾ ਲੱਗਾ ਕਿ ਕਈ ਅਸਾਮੀਆਂ ਇੱਥੇ ਵੀ ਖਾਲੀ ਪਈਆਂ ਸਨ ਤੇ ਸਟਾਫ ਦੀ ਘਾਟ ਹੋਣ ਕਰਕੇ ਹਸਪਤਾਲਾਂ ਵਿੱਚ ਵੀ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਚ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਹਨ । ਇਸੇ ਤਰ੍ਹਾਂ ਇੱਕ ਪਸ਼ੂਆਂ ਦੇ ਹਸਪਤਾਲ ਚ ਜਾਣ ਦਾ ਵੀ ਮੌਕਾ ਮਿਲ ਗਿਆ ਜਿੱਥੇ ਕਿ ਬੰਦਿਆਂ ਨਾਲੋਂ ਵੱਧ ਮਰੀਜ਼ ਰੋਜ਼ਾਨਾ ਵੇਖੇ ਜਾਂਦੇ ਹਨ ਪਰ ਸਟਾਫ਼ ਦੀਆਂ ਅਸਾਮੀਆਂ ਇੱਥੇ ਵੀ ਖਾਲੀ ਪਈਆਂ ਹਨ ਤੇ ਜਿਹੜਾ ਸਟਾਫ ਹੈ ਵੀ , ਉਹ ਵੀ ਸੇਵਾਦਾਰ ਤੋਂ ਲੈ ਕੇ ਹਸਪਤਾਲ ਦੀ ਸਫਾਈ ਤੇ ਦੇਖ ਭਾਲ, ਇਹ ਸਾਰੇ ਕੰਮ ਆਪ ਮਿਹਨਤ ਕਰਕੇ ਹੀ ਕਰ ਰਹੇ ਹਨ ਪਰ ਜੇਕਰ ਇਨ੍ਹਾਂ ਨੂੰ ਵੀ ਲੋੜੀਂਦਾ ਸਟਾਫ਼ ਮਿਲ ਜਾਵੇ ਤਾਂ ਸ਼ਾਇਦ ਡੰਗਰਾਂ ਦੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵੀ ਬਿਹਤਰ ਹੋ ਸਕਣਗੀਆਂ ਤੇ ਨਾਲ ਹੀ ਕੁਝ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਜਾਵੇਗਾ।
ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜਨਤਾ ਵੱਲੋਂ ਵਧੇਰੇ ਵੱਡਾ ਫਤਵਾ ਦਿੱਤੇ ਜਾਣ ਮਗਰੋਂ ਜਦੋਂ ਕੁਝ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਦੀਆਂ ਵੀ ਆਪਣੀਆਂ ਵੱਖ ਵੱਖ ਸ਼ਿਕਾਇਤਾਂ ਸਨ। ਦੱਸਿਆ ਗਿਆ ਕਿ ਫੀਲਡ ਸਟਾਫ ਨੂੰ ਕਈ ਸਹੂਲਤਾਂ ਅਜਿਹੀਆਂ ਹਨ ਜੋ ਮਿਲਣੀਆਂ ਚਾਹੀਦੀਆਂ ਹਨ ਪਰ ਮਿਲ ਨਹੀਂ ਰਹੀਆਂ ਹਨ। ਏਰੀਅਰ ਤੇ ਤਨਖਾਹਾਂ ਤੇ ਪੀਜੀ ਡਾਕਟਰਾਂ ਨੂੰ ਮਿਲਣ ਵਾਲੇ ਭੱਤੇ, ਖ਼ਾਸ ਤੌਰ ਤੇ ਪਸ਼ੂਆਂ ਵਾਲੇ ਡਾਕਟਰਾਂ, ਲਈ ਦਿੱਤੇ ਜਾਣ ਵਾਲੇ ਭੱਤੇ ਬਾਰੇ ਵੀ ਗੱਲਾਂ ਹੋਈਆਂ।
ਮੁੱਖ ਮੰਤਰੀ ਦੇ ਅਹੁਦੇ ਦਾ ਹਲਫ਼ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਆਪਣੇ ਭਾਸ਼ਣ ਚ ਕਿਹਾ ਕਿ ਪੰਜਾਬ ਵਿੱਚ ਹਰ ਉਹ ਸੰਭਵ ਤਰੀਕਾ ਲੈ ਕੇ ਆਉਣਗੇ ਜਿਸ ਨਾਲ ਇੱਥੋਂ ਦੀ ਨੌਜਵਾਨੀ ਜਹਾਜ਼ ਭਰ ਭਰ ਕੇ ਬਾਹਰਲੇ ਮੁਲਕਾਂ ਵਿੱਚ ਰੁਜ਼ਗਾਰ ਦੇ ਮੌਕੇ ਲੱਭਣ ਲਈ ਨਹੀਂ ਜਾਵੇਗੀ। ਮਾਨ ਨੇ ਕਿਸਾਨੀ ਦੇ ਮੁੱਦਿਆਂ ਅਤੇ ਭ੍ਰਿਸ਼ਟਾਚਾਰ ਵਰਗੇ ਮਸਲਿਆਂ ਦੀ ਵੀ ਗੱਲ ਕੀਤੀ। ਉਨ੍ਹਾਂ ਨੇ ਖਾਸ ਤੌਰ ਤੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਆਜ਼ਾਦੀ ਕਿਵੇਂ ਮਿਲੇਗੀ ਪਰ ਇਸ ਗੱਲ ਦੀ ਫ਼ਿਕਰ ਜ਼ਰੂਰ ਸੀ ਕਿ ਆਜ਼ਾਦੀ ਮਿਲਣ ਤੋਂ ਬਾਅਦ ਇਸ ਦੇਸ਼ ਨੂੰ ਸਾਂਭ ਕੇ ਰੱਖਣ ਵਾਲੇ ਲੋਕ ਕਿਵੇਂ ਦੇ ਅਤੇ ਕੌਣ ਹੋਣਗੇ। ਫਿਰ ਮਾਨ ਨੇ ਕਿਹਾ ਕਿ ਭਗਤ ਸਿੰਘ ਦੇ ਸੁਫ਼ਨਿਆਂ ਦੀ ਆਜ਼ਾਦੀ ਲਈ ਆਮ ਆਦਮੀ ਪਾਰਟੀ ਲਗਾਤਾਰ ਲੜਾਈ ਲੜ ਰਹੀ ਹੈ ਤੇ ਲੜਦੀ ਰਹੇਗੀ ਤੇ ਉਸ ਆਜ਼ਾਦੀ ਨੂੰ ਘਰ ਘਰ ਤੱਕ ਪਹੁੰਚਦਾ ਕਰੇਗੀ।
ਮਾਨ ਨੇ ਕਿਹਾ ਕਿ 70 ਵਰ੍ਹਿਆਂ ਦੇ ਵਿਗਾੜ ਨੂੰ ਇੱਕ ਦਿਨ ਜਾਂ ਦੋ ਦਿਨਾਂ ‘ਚ ਠੀਕ ਕਰਨਾ ਮੁਮਕਿਨ ਨਹੀਂ , ਇਸ ਸੁਧਾਰ ਲਈ ਬੜੇ ਠਰ੍ਹੰਮੇ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਆਪਣੇ ਵਿਧਾਇਕਾਂ ਨੂੰ ਵੀ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਜੇਕਰ ਲੋਕਾਂ ਨੇ ਉਨ੍ਹਾਂ ਨੂੰ ਇਸ ਵੱਡੇ ਪੱਧਰ ਤੇ ਵੋਟਾਂ ਦੇ ਕੇ ਫਤਵਾ ਦਿੱਤਾ ਹੈ ਤਾਂ ਫੇਰ ਹੁਣ ਜ਼ਿੰਮੇਵਾਰੀ ਵੀ ਵੱਡੀ ਹੋ ਗਈ ਹੈ ਪਰ ਕਿਸੇ ਵੀ ਤਰੀਕੇ ਦਾ ਹੋੌਮਾ ਤੇ ਹੰਕਾਰ ਨਾ ਆਉਣ ਦਿੱਤਾ ਜਾਵੇ।
ਬੇਸ਼ੱਕ ਅੱਜ ਭਗਵੰਤ ਮਾਨ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ ਤੇ ਭਲਕੇ ਯਾਨੀ 17 ਮਾਰਚ ਤੋਂ ਵਿਧਾਨ ਸਭਾ ਦਾ ਪਹਿਲਾ ਇਜਲਾਸ ਹੋਣ ਜਾ ਰਿਹਾ ਹੈ ਤੇ 117 ਵਿਧਾਇਕਾਂ ਨੇ ਵਿਧਾਨ ਸਭਾ ਚ ਸਹੁੰ ਚੁੱਕਣੀ ਹੈ। ਇਸ ਦੇ ਬਾਅਦ ਮੁੱਖ ਮੰਤਰੀ ਦੇ ਮੰਤਰੀ ਮੰਡਲ ਨੇ ਗਵਰਨਰ ਹਾਊਸ ਚ 19 ਮਾਰਚ ਨੂੰ ਸਹੁੰ ਚੁੱਕਣੀ ਹੈ। ਖੈਰ, ਇਸ ਸਾਰੀ ਗਹਿਮਾ ਗਹਿਮੀ ਦੇ ਬਾਅਦ ਸਰਕਾਰ ਪੂਰੇ ਢੰਗ ਤਰੀਕੇ ਕੰਮ ਕਰਨਾ ਸ਼ੁਰੂ ਕਰੇਗੀ । ਹਾਲਾਂਕਿ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਇਹ ਗੱਲ ਸਾਫ਼ ਸਾਫ਼ ਕਹੀ ਕਿ ਉਹ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੇ ਕਿਉਂਕਿ ਪਹਿਲਾਂ ਹੀ ਦੇਰ ਬਹੁਤ ਜ਼ਿਆਦਾ ਹੋ ਚੁੱਕੀ ਹੈ, ਪਰ ਇਸ ਗੱਲ ਤੋਂ ਵੀ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਕਿ ਜਿਸ ਕਿਨਾਰੇ ਇਸ ਵਕਤ ਪੰਜਾਬ ਖੜ੍ਹਾ ਹੈ , ਪੂਰਾ ਸੁਧਾਰ ਲਿਆਉਣ ਲਈ ਪੈਂਡਾ ਬਹੁਤ ਲੰਮਾ ਹੈ। ਪਿਛਲੀ ਹਰੇਕ ਸਰਕਾਰ ਨੇ ਵਾਅਦੇ ਵੀ ਬਹੁਤ ਕੀਤੇ ਤੇ ਦਾਅਵਿਆਂ ਦੀ ਲਿਸਟ ਵੀ ਬੜੀ ਲੰਮੀ ਸੀ ਪਰ ਉਸਦੇ ਬਾਵਜੂਦ ਮੁੱਦੇ ਤੇ ਮਸਲੇ ਹੱਲ ਹੋਣ ਵੱਲ ਤਾਂ ਟੱਸ ਤੋਂ ਮੱਸ ਵੀ ਨਹੀਂ ਹੋਏ। ਪਿਛਲੇ ਲੰਮੇ ਸਮੇਂ ਤੋੰ ਆਮ ਆਦਮੀ ਪਾਰਟੀ ਦਾ ਵੀ ਇਹੋ ਕਹਿਣਾ ਰਿਹਾ ਹੇੈ ਕਿ ਜੇਕਰ ਨੀਅਤ ਨੇ ਮਨਸ਼ਾ ਹੋਵੇ ਤੇ ਮੁੱਦਿਆਂ ਦਾ ਹੱਲ ਕੱਢਿਆ ਜਾ ਸਕਦਾ ਹੈ, ਪੰਜਾਬ ਨੂੰ ਫਿਰ ਤੋਂ ਲੀਹ ਤੇ ਪਾਇਆ ਜਾ ਸਕਦਾ ਹੈ। ਹੁਣ ਇਨ੍ਹਾਂ ਵਿਧਾਨ ਸਭਾ ਚੋਣਾਂ ਚ ਲੋਕਾਂ ਨੇ ਇਸ ਪਾਰਟੀ ਦੀਆਂ ਸੁਣੀਆਂ ਹੋਈਆਂ ਤਕਰੀਰਾਂ ਨੂੰ ਅੱਗੇ ਰੱਖ ਕੇ ਹੀ ਸ਼ਾਇਦ ਵੱਡਾ ਫਤਵਾ ਦਿੱਤਾ ਹੈ ਤੇ ਯਕੀਨਨ ਹੁਣ ਲੋਕਾਂ ਵਿੱਚ ਵੀ ਬਦਲ ਦੇਣ ਦੀ ਜਿੱਤ ਨਾਲੋਂ ਜ਼ਿਆਦਾ ਆਸਾਂ ਤੇ ਉਮੀਦਾਂ ਦੀ ਪੰਡ ਭਾਰੀ ਹੈ। ਹੁਣ ਇਨ੍ਹਾਂ ਜਿੱਤੇ ਹੋਏ ਲੀਡਰਾਂ ਨੂੰ ਸੱਤਾ ਧਿਰ ਬਣ ਕੇ ਇਸ ਭਾਰੀ ਪੰਡ ਦੀਆਂ ਗੰਢਾਂ ਨੂੰ ਇੱਕ ਇੱਕ ਕਰਕੇ ਖੋਲ੍ਹਣਾ ਪਵੇਗਾ। ‘ਪੰਜਾਬ ਸਿਓਂ’ ਵੇਖ ਰਿਹਾ…..!