ਸ਼ਬਦ ਵਿਚਾਰ 153 -ਬਿਨੁ ਤੇਲ ਦੀਵਾ ਕਿਉ ਜਲੈ … ਡਾ. ਗੁਰਦੇਵ ਸਿੰਘ

TeamGlobalPunjab
5 Min Read

*ਡਾ. ਗੁਰਦੇਵ ਸਿੰਘ

ਜਗਤ ਨੂੰ ਮਾਇਆ ਰੂਪੀ ਠੱਗ ਨੇ ਠੱਗਿਆ ਹੋਇਆ ਹੈ। ਇਸ ਦੀ ਠੱਗੀ ਤੋਂ ਬਚਣਾ ਅਤਿ ਮੁਸ਼ਕਿਲ ਹੈ। ਇਸ ਤੋਂ ਬਚਣਾ ਅਸਾਨ ਨਹੀਂ ਹੈ ਪਰ ਇਸ ਤੋਂ ਬਚਿਆ ਜਾ ਸਕਦਾ ਹੈ। ਰਸਤਾ ਵੀ ਬਹੁਤ ਅਸਾਨ ਹੈ। ਉਹ ਰਸਤਾ ਕਿਹੜਾ ਹੈ ਉਸ ਬਾਰੇ ਗੁਰਬਾਣੀ ਸਾਡਾ ਮਾਰਗ ਰੋਸ਼ਨ ਕਰਦੀ ਹੈ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਬਿਨੁ ਤੇਲ ਦੀਵਾ ਕਿਉ ਜਲੈ… ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ25ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 33ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਮਾਇਆ ਦੇ ਛਲਾਵੇ ਤੋਂ ਬਚਣ ਦਾ ਉਪਦੇਸ਼ ਦੇ ਰਹੇ ਹਨ:

ਸਿਰੀਰਾਗੁ ਮਹਲਾ ੧ ਘਰੁ ੫ ॥ ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥ ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥

ਪਦ ਅਰਥ: ਅਛਲ = ਜੋ ਛਲੀ ਨਾ ਜਾ ਸਕੇ, ਜਿਸ ਨੂੰ ਕੋਈ ਠੱਗ ਨਾ ਸਕੇ। ਨ ਛਲੈ = ਨਹੀਂ ਠੱਗੀ ਜਾਂਦੀ, ਧੋਖਾ ਨਹੀਂ ਖਾਦੀ। ਛਲਾਈ ਨਹ ਛਲੈ = ਜੇ ਕੋਈ ਛਲਣ ਦਾ ਯਤਨ ਕਰੇ ਭੀ, ਤਾਂ ਉਹ ਛਲੀ ਨਹੀਂ ਜਾ ਸਕਦੀ। ਘਾਉ = ਜ਼ਖ਼ਮ। ਸਾਹਿਬੁ = ਮਾਲਕ ਪ੍ਰਭੂ। ਟਲਪਲੈ = ਡੋਲਦਾ ਹੈ।1।

ਅਛਲ ਮਾਇਆ = ਜਿਸ ਨੂੰ ਕੋਈ ਛਲਣ ਦਾ ਜਤਨ ਕਰੇ ਤਾਂ ਛਲੀ ਨਹੀਂ ਜਾਂਦੀ, ਜਿਸ ਨੂੰ ਕਿਸੇ ਦੀ ਕਟਾਰ ਕੋਈ ਜ਼ਖ਼ਮ ਨਹੀਂ ਕਰ ਸਕਦੀ (ਜਿਸ ਨੂੰ ਕੋਈ ਮਾਰ-ਮੁਕਾ ਨਹੀਂ ਸਕਦਾ) = ਦੇ ਅੱਗੇ ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ। ਮਾਲਕ ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ (ਭਾਵ, ਜਗਤ ਵਿਚ ਨਿਯਮ ਹੀ ਇਹ ਹੈ ਕਿ ਜਿਥੇ ਨਾਮ ਨਹੀਂ ਉਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ) ।1।

ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥

ਕਿਉ ਜਲੈ = ਬਲਦਾ ਨਹੀਂ ਰਹਿ ਸਕਦਾ।1। ਰਹਾਉ।

ਅਰਥ: (ਸਿਮਰਨ ਦੇ) ਤੇਲ ਤੋਂ ਬਿਨਾ (ਆਤਮਕ ਜੀਵਨ ਦਾ) ਦੀਵਾ ਕਿਵੇਂ ਟਹਕਦਾ ਰਹਿ ਸਕੇ? (ਮਾਇਆ- ਮੋਹ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦੇਂਦੇ) ।1। ਰਹਾਉ।

ਪੋਥੀ ਪੁਰਾਣ ਕਮਾਈਐ ॥ ਭਉ ਵਟੀ ਇਤੁ ਤਨਿ ਪਾਈਐ ॥ ਸਚੁ ਬੂਝਣੁ ਆਣਿ ਜਲਾਈਐ ॥੨॥

ਕਮਾਈਐ = ਕਮਾਈ ਕਰੀਏ, ਜੀਵਨ ਬਣਾਈਏ। ਇਤੁ = ਇਸ ਵਿਚ। ਤਨਿ = ਤਨ ਵਿਚ। ਇਤੁ ਤਨਿ = ਇਸ ਤਨ ਵਿਚ। ਸਚੁ ਬੂਝਣੁ = ਸਚ ਨੂੰ ਸਮਝਣਾ, ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਣੀ। ਆਣਿ = ਲਿਆ ਕੇ।2।

ਧਰਮ ਪੁਸਤਕਾਂ ਅਨੁਸਾਰ ਜੀਵਨ ਬਣਾਈਏ (-ਇਹ ਹੋਵੇ ਤੇਲ) , ਪਰਮਾਤਮਾ ਦਾ ਡਰ = ਇਹ ਸਰੀਰ (-ਦੀਵੇ) ਵਿਚ ਵੱਟੀ ਪਾ ਦੇਈਏ, ਪਰਮਾਤਮਾ ਨਾਲ ਡੂੰਘੀ ਸਾਂਝ (-ਇਹ ਅੱਗ) ਲਿਆ ਕੇ ਬਾਲੀਏ।2।

ਇਹੁ ਤੇਲੁ ਦੀਵਾ ਇਉ ਜਲੈ ॥ ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥

ਇਹ ਨਾਮ-ਤੇਲ ਹੋਵੇ, ਤਾਹੀਏਂ ਇਹ ਜੀਵਨ ਦਾ ਦੀਵਾ ਟਹਕਦਾ ਹੈ। (ਹੇ ਭਾਈ!) ਪ੍ਰਭੂ ਦੇ ਨਾਮ ਦਾ ਚਾਨਣ ਕਰ, ਤਦੋਂ ਹੀ ਮਾਲਕ-ਪ੍ਰਭੂ ਦਾ ਦਰਸ਼ਨ ਹੁੰਦਾ ਹੈ।1। ਰਹਾਉ।

ਇਤੁ ਤਨਿ ਲਾਗੈ ਬਾਣੀਆ ॥ ਸੁਖੁ ਹੋਵੈ ਸੇਵ ਕਮਾਣੀਆ ॥ ਸਭ ਦੁਨੀਆ ਆਵਣ ਜਾਣੀਆ ॥੩॥

ਬਾਣੀਆ = ਗੁਰੂ ਦੀ ਬਾਣੀ। ਲਾਗੈ = ਅਸਰ ਕਰੇ।3।

(ਜਿਸ ਮਨੁੱਖ ਨੂੰ) ਇਸ ਸਰੀਰ ਵਿਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ, (ਪ੍ਰਭੂ ਦੀ) ਸੇਵਾ ਕਰਨ ਨਾਲ (ਸਿਮਰਨ ਕਰਨ ਨਾਲ) ਉਸ ਨੂੰ ਆਤਮਕ ਆਨੰਦ ਮਿਲਦਾ ਹੈ, ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ।3।

ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥ ਕਹੁ ਨਾਨਕ ਬਾਹ ਲੁਡਾਈਐ ॥੪॥੩੩॥ 

ਬੈਸਣੁ = ਬੈਠਣ ਦੀ ਥਾਂ। ਬਾਹ ਲੁਡਾਈਐ = ਬੇ-ਫ਼ਿਕਰ ਹੋ ਜਾਈਦਾ ਹੈ।4।

(ਹੇ ਭਾਈ!) ਦੁਨੀਆ ਵਿਚ (ਆ ਕੇ) ਪ੍ਰਭੂ ਦੀ ਸੇਵਾ (ਸਿਮਰਨ) ਕਰਨੀ ਚਾਹੀਦੀ ਹੈ ਤਦੋਂ ਹੀ ਉਸ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲਦਾ ਹੈ। ਹੇ ਨਾਨਕ ਆਖ– (ਸਿਮਰਨ ਦੀ ਬਰਕਤਿ ਨਾਲ) ਬੇ-ਫ਼ਿਕਰ ਹੋ ਜਾਈਦਾ ਹੈ। (ਕੋਈ ਚਿੰਤਾ-ਸੋਗ ਨਹੀਂ ਵਿਆਪਦਾ) ।4। 33।

ਸਰੀਰ ਰੂਪੀ ਦੀਵੇ ਵਿੱਚ ਪ੍ਰਮਾਤਮਾ ਦੇ ਡਰ ਦੀ ਵੱਟੀ ਪਾ ਕੇ ਉਸ ਦੀ ਡੂੰਘੀ ਪ੍ਰੀਤ ਦੀ ਤੜਫ ਰੂਪੀ ਅਗਨ ਨਾਲ ਇਸ ਰੋਸ਼ਨ ਕੀਤਾ ਜਾ ਸਕਦਾ ਹੈ। ਜੋ ਮਨੁੱਖ ਸੰਸਾਰ ਅੰਦਰ ਸੇਵਾ ਸਿਮਰਨ ਕਰਦਾ ਹੈ ਉਹ ਦਰਗਹ ਵਿੱਚ ਢੋਈ ਪਾਉਂਦਾ ਹੈ।  ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*[email protected]

Share This Article
Leave a Comment