ਬਿੰਦੁੂ ਸਿੰਘ
ਚੰਡੀਗੜ੍ਹ – ਬੀਤੇ ਦਿਨ ਸ਼ਾਮ ਤੋਂ ਹੀ ਰਾਜਸੀ ਪਾਰਟੀਆਂ ਦੇ ਵੱਡੇ ਲੀਡਰਾਂ ਦੇ ਪੰਜਾਬ ਚ ਦੌਰਿਆਂ ਨੂੰ ਲੈ ਕੇ ਸਿਆਸੀ ਹਲਚਲ ਸ਼ੁਰੂ ਹੋ ਗਈ ਸੀ । ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਨੇ ਹੁਸ਼ਿਆਰਪੁਰ ਆਪਣੀ ਪਾਰਟੀ ਲਈ ਪ੍ਰਚਾਰ ਕਰਨਾ ਸੀ ਤੇ ਪ੍ਰਧਾਨਮੰਤਰੀ ਨੇ ਜਲੰਧਰ ਚ ਵੋਟਰਾਂ ਤੇ ਵਰਕਰਾਂ ਦੇ ਉਤਸ਼ਾਹ ਚ ਵਾਧਾ ਕਰਨ ਲਈ ਇਕੱਠ ਨੂੰ ਸੰਬੋਧਨ ਕੀਤਾ।
ਪਰ ਇਸ ਵਿੱਚਕਾਰ ਮੁੱਖਮੰਤਰੀ ਚਰਨਜੀਤ ਚੰਨੀ ਦਾ ਹੈਲੀਕਾਪਟਰ ਹੈਲੀਪੈਡ ਦੇ ‘ਨੋ ਫਲਾਇੰਗ ਜ਼ੋਨ’ ਚ ਫੱਸ ਗਿਆ ਤੇ ਉਹ ਰਾਹੁਲ ਦੀ ਹੁਸ਼ਿਆਰਪੁਰ ਰੈਲੀ ‘ਚ ਨਹੀਂ ਪਹੁੰਚ ਸਕੇ। ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਰੈਲੀ ‘ਚ ਪੁੱਜੇ ਤੇ ਆਪਣੇ ਹੀ ਤਰੀਕੇ ਸਟੇਜ ਤੇ ਭਾਸ਼ਣ ਵੀ ਕੀਤਾ। ਅੱਧੀ ਆਬਾਦੀ ਨੂੰ ਪੂਰਾ ਹੱਕ ਦਿੱਤਾ ਜਾਵੇਗਾ। ਮਾਫੀਆ ਨੁੂੰ ਪੁੂਰੀ ਤਰੀਕੇ ਖਤਮ ਕੀਤਾ ਜਾਵੇਗਾ। 12ਵੀਂ ਕਲਾਸ ਪੜ੍ਹਨ ਵਾਲੀ ਹਰ ਕੁੜੀ ਨੂੰ 20 ਹਜ਼ਾਰ ਰੁਪਏ ਤੇ ਕੰਪਿਊਟਰ ਦਿੱਤਾ ਜਾਵੇਗਾ। ਸਿੱਧੂ ਨੇ ਹੋਰ ਵੀ ਕਈ ਗੱਲਾਂ ਕਹੀਆਂ ਤੇ ਕਿਹਾ ਕਿ ਰਾਹੁਲ ਨੇ ਦਲਿਤ ਨੁੂੰ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਦਾ ਮੋੌਕਾ ਦਿੱਤਾ, ਇਤਿਹਾਸ ਬਣਾ ਦਿੱਤਾ। ਜਦੋਂ ਰਾਹੁਲ ਬੋਲੇ ਤਾਂ ਉਹਨਾਂ ਨੇ ਸਿੱਧੂ ਤੇ ਚੰਨੀ ਦੋਨਾਂ ਦੀ ਗੱਲ ਕੀਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਅੱਜ ਹੁਸ਼ਿਆਰਪੁਰ ‘ਚ ਡਾ ਸ਼ਾਮ ਸੁੰਦਰ ਅਰੋੜਾ ਦੇ ਹੱਕ ‘ਚ ਪ੍ਰੋਗਰਾਮ ਸੀ।
ਉਧਰ ਜਲੰਧਰ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਭਰਵੀਂ ਰੈਲੀ ਨੂੰ ਸੰਬੋਧਨ ਕਰਨ ਆਉਣਾ ਸੀ ਤੇ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਵੇਖਦੇ ਹੋਏ ਪਹਿਲਾਂ ਮੁੱਖ ਮੰਤਰੀ ਚੰਨੀ ਦੇ ਹੈਲੀਕਾਪਟਰ ਨੂੰ ਚੰਡੀਗਡ਼੍ਹ ਤੋਂ ਉਡਾਨ ਭਰਨ ਦੀ ਇਜਾਜ਼ਤ ਨਹੀਂ ਮਿਲੀ ਤੇ ਫੇਰ ਕੁਝ ਘੰਟਿਆਂ ਬਾਅਦ ਮਿਲੀ ਵੀ ਤੇ ਫਿਰ ਉਨ੍ਹਾਂ ਨੇ ਸੁਜਾਨਪੁਰ ਪਹੁੰਚਣ ਲਈ ਉਡਾਣ ਭਰੀ।
ਤਕਰੀਬਨ ਚਾਰ ਘੰਟੇ ਸਵੇਰੇ ਉਡੀਕ ਕਰਨ ਤੋਂ ਬਾਅਦ ਜਦੋਂ ਮੁੱਖ ਮੰਤਰੀ ਸੁਜਾਨਪੁਰ ਪੁੱਜੇ ਤਾਂ ਇੱਕ ਵਾਰ ਫੇਰ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਮੁੱਖ ਮੰਤਰੀ ਚੰਨੀ ਨੇ ਜਲੰਧਰ ਜਾਣਾ ਸੀ ਜਿੱਥੇ ਕਿ ਉਨ੍ਹਾਂ ਨੇ ਲੋਕਾਂ ਨਾਲ ਮੀਟਿੰਗਾਂ ਰੱਖੀਆਂ ਹੋਈਆਂ ਸਨ। ਪਰ ਪ੍ਰਸ਼ਾਸਨ ਨੇ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਤੇ ਮੁੱਖ ਮੰਤਰੀ ਚੰਨੀ ਨੂੰ ਸੜਕੀ ਰਸਤੇ ਰਾਹੀਂ ਜਲੰਧਰ ਰਵਾਨਾ ਹੋਣਾ ਪਿਆ।
ਅਖੀਰ ਨੂੰ ਅੱਕੇ ਮਨ ਨਾਲ ਮੁੱਖ ਮੰਤਰੀ ਚੰਨੀ ਭੜਕ ਕੇ ਬੋਲੇ ਕਿ “ਯਾਰ ਮੈਂ ਸਟੇਟ ਦਾ ਮੁੱਖ ਮੰਤਰੀ ਹਾਂ ਕੋਈ ਅੱਤਵਾਦੀ ਨਹੀਂ ਹਾਂ ਜਿਸ ਕਰਕੇ ਮੇਰੇ ਚੋੌਪਰ ਨੂੰ ਉਡਾਣ ਭਰਨ ਤੋਂ ਰੋਕਿਆ ਜਾ ਰਿਹਾ ਹੈ”
ਉੱਧਰ ਪ੍ਰਧਾਨਮੰਤਰੀ ਮੋਦੀ ਨੇ ਵੀ ਜਲੰਧਰ ਰੈਲੀ ‘ਚ ਭਾਸ਼ਨ ਦੌਰਾਨ ਕਹਿ ਹੀ ਦਿੱਤਾ ਕਿ “ਮੇਰੇ ਚੋੌਪਰ ਨੂੰ ਵੀ ਰੋਕਿਆ ਗਿਆ ਸੀ ਇੱਕ ਵਾਰ ਜਦੋਂ ਮੈਂ ਪਠਾਨਕੋਟ ਤੋਂ ਹਿਮਾਚਲ ਜਾਣਾ ਸੀ ਤੇ ਮੇਰੇ ਚੋੌਪਰ ਨੂੰ ਦੀ ਉਡਾਣ ਭਰਨ ਤੋਂ ਰੋਕਿਆ ਗਿਆ ਸੀ ਕਿਉਂਕਿ ਉਦੋਂ ਰਾਹੁਲ ਗਾਂਧੀ ਨੇ ਆਉਣਾ ਸੀ। ਵਿਰੋਧੀਆਂ ਨੂੰ ਪ੍ਰੇਸ਼ਾਨ ਕਰਨਾ ਕਾਂਗਰਸ ਦੀ ਆਦਤ ਹੈ” ਇਸ ਦੇ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੰਜਾਬ ‘ਚ ਨਵਾਂ ਪੰਜਾਬ ਬਨਾਉਣ ਦੀ ਹੁੰਕਾਰ ਭਰੀ ਜਾ ਰਹੀ ਹੈ ਇੱਥੇ ਆਉਣ ਵਾਲੀ ਸਰਕਾਰ ਐੱਨਡੀਏ ਦੀ ਹੀ ਬਣੇਗੀ। ਪਰ ਅੱਜ ਪਹਿਲੀ ਵਾਰ ਮੋਦੀ ਨੇ ਅਕਾਲੀਆਂ ਤੇ ਹਮਲਾ ਬੋਲਿਆ ਅਤੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਡਿਪਟੀ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਹੋਣਾ ਚਾਹੀਦਾ ਸੀ।
ਰਾਹੁਲ ਤੇ ਮੋਦੀ ਦੀਆਂ ਰੈਲੀਆਂ ਦਾ ਸਿਲਸਿਲਾ ਸਾਰਾ ਦਿਨ ਚਲਦਾ ਰਿਹਾ ਤੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਤੇ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਐਲਾਨੇ ਗਏ ਮੁੱਖ ਮੰਤਰੀ ਚਿਹਰੇ ਚਰਨਜੀਤ ਸਿੰਘ ਚੰਨੀ ‘ਚੋੌਪਰ’ ਦੇ ਉੱਡਣ ਤੇ ਨਾ ਉੱਡਣ ਦੇ ਵਿਚਕਾਰ ਦੀ ਜੱਦੋਜਹਿਦ ‘ਚ ਕਿਸੇ ਵੀ ਪ੍ਰੋਗਰਾਮ ‘ਚ ਸ਼ਿਰਕਤ ਨਾ ਕਰ ਸਕੇ। ਚੰਨੀ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ ਤੇ ਇਸ ਤਰ੍ਹਾਂ ਦੀ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ “ਆਪਣੇ ਪੰਜਾਬ ‘ਚ ਹੀ ਸਾਨੂੰ ਰੋਕਿਆ ਜਾ ਰਿਹਾ ਹੈ ਤੇ ਫੇਰ ਕਿਵੇਂ ਚੱਲੇਗਾ”।
ਚੋਣਾਂ ਦੇ ਦਿਨਾਂ ‘ਚ ਪ੍ਰਚਾਰ ਕਰਦੇ ਹੋਇਆ ਸਿਆਸੀ ਲੀਡਰਾਂ ਦਾ ਇੱਕ ਦੂਜੇ ਨੂੰ ਨਿਸ਼ਾਨੇ ਤੇ ਲੈਣਾ, ਇੱਕ ਰਿਵਾਜ ਜਿਹਾ ਬਣਿਆ ਹੋਇਆ ਹੈ। ਪਰ ਇਸ ਵਾਰ ਚੋਣਾਂ ਦੇ ਵਿਚਕਾਰ ਕਈ ਨਵੇਂ ਰੰਗ ਦੇਖਣ ਨੂੰ ਮਿਲੇ ਹਨ।
ਬੀਤੇ ਕਈ ਵਰ੍ਹਿਆਂ ‘ਚ ਦੋ ਰਿਵਾਇਤੀ ਪਾਰਟੀਆਂ ਵਿਚਕਾਰ ਹੀ ਚੋਣ ਮੁਕਾਬਲਾ ਵੇਖਣ ਨੂੰ ਮਿਲਦਾ ਰਿਹਾ ਹੈ। ਪਿਛਲੀਆਂ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਸਿਆਸਤ ਵਿੱਚ ਤੀਜੀ ਧਿਰ ਬਣ ਕੇ ਮੁਕਾਬਲਾ ਤਿੰਨਕੋਣੀ ਕੀਤਾ ਸੀ ਪਰ ਇਸ ਵਾਰ ਦੀਆਂ ਚੋਣਾਂ ‘ਚ ਕਈ ਨਵੀਆਂ ਪਾਰਟੀਆਂ ਦੀ ਐਂਟਰੀ ਤੇ ਲੀਡਰਾਂ ਦਾ ਇੱਕ ਪਾਰਟੀ ਤੋਂ ਦੂਜੀ ਪਾਰਟੀ ‘ਚ ਸ਼ਾਮਲ ਹੋਣਾ ਤੇ ਉਸ ਦੇ ਨਾਲ ਹੀ ਨਵੇਂ ਬਣੇ ਗੱਠਜੋੜ, ਇੱਕ ਵੱਖ ਤਰੀਕੇ ਦਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ। ਚੋਣ ਪ੍ਰਚਾਰ ਦੇ ਆਖ਼ਰੀ ਤਿੰਨ ਦਿਨ ਰਹਿ ਗਏ ਹਨ ਤੇ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਚੋਣਾਂ ਨੂੰ ਲੈ ਕੇ ਪ੍ਰਚਾਰ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਕਮੀ ਪੇਸ਼ੀ ਨਹੀਂ ਛੱਡਣਾ ਚਾਹੁੰਦੀਆਂ ਹਨ।