ਲਖਨਊ: ਯੂਪੀ ਵਿੱਚ ਕੋਰੋਨਾ ਸੰਕਰਮਣ ਦੀ ਰਫ਼ਤਾਰ ਮੱਠੀ ਹੋਣ ਕਾਰਨ ਉੱਤਰ ਪ੍ਰਦੇਸ਼ ਸਰਕਾਰ ਨੇ ਸੋਮਵਾਰ(7ਫਰਵਰੀ) ਤੋਂ ਸਕੂਲ ਅਤੇ ਕਾਲਜ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਸਰਕਾਰੀ ਹੁਕਮਾਂ ਤਹਿਤ, ਸਾਰੇ ਵਿਦਿਅਕ ਅਦਾਰਿਆਂ ਵਿੱਚ, ਮੌਜੂਦਾ ਸਮੇਂ ਵਿੱਚ, ਸਿਰਫ 9ਵੀਂ ਜਮਾਤ ਤੋਂ ਅਗਲੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਆਫਲਾਈਨ ਬੁਲਾਇਆ ਜਾਵੇਗਾ। ਇਸ ਦੇ ਨਾਲ ਹੀ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਕੋਵਿਡ ਪ੍ਰੋਟੋਕੋਲ ਦਾ ਧਿਆਨ ਰੱਖਣ ਦੀ ਸ਼ਰਤ ਨੂੰ ਪਹਿਲਾਂ ਵਾਂਗ ਹੀ ਲਾਜ਼ਮੀ ਰੱਖਿਆ ਗਿਆ ਹੈ।
ਪਹਿਲਾਂ ਜਾਰੀ ਹੁਕਮਾਂ ਵਿੱਚ ਸੋਧ ਕਰਕੇ ਹੁਣ 9ਵੀਂ ਜਮਾਤ ਤੋਂ ਲੈ ਕੇ ਡਿਗਰੀ ਕਾਲਜ ਤੱਕ ਦੇ ਸਾਰੇ ਸਕੂਲ ਕਾਲਜਾਂ ਨੂੰ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ, ਕੋਵਿਡ-19 ਡੈਸਕ ਸਥਾਪਤ ਕਰਨ ਅਤੇ ਸਮੇਂ-ਸਮੇਂ ‘ਤੇ ਜਾਰੀ ਹੋਰ ਸਾਰੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਯੂਪੀ ਸਰਕਾਰ ਨੇ ਪਹਿਲਾਂ ਕੋਰੋਨਾ ਸੰਕਰਮਣ ਦੀ ਰੋਕਥਾਮ ਲਈ 4 ਜਨਵਰੀ ਤੋਂ 16 ਜਨਵਰੀ ਤੱਕ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਸੀ। ਬਾਅਦ ਵਿੱਚ ਇਸਨੂੰ 23 ਜਨਵਰੀ, ਫਿਰ 30 ਜਨਵਰੀ ਅਤੇ 6 ਫਰਵਰੀ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ। ਹਾਲਾਂਕਿ ਪ੍ਰਾਇਮਰੀ ਸਕੂਲਾਂ ਵਿੱਚ 14 ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਕੋਰੋਨਾ ਦੇ ਫੈਲਣ ਕਾਰਨ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਇਹ ਸਕੂਲ ਵੀ ਬੰਦ ਕਰ ਦਿੱਤੇ ਗਏ ਸਨ। ਇਸ ਦੌਰਾਨ ਪ੍ਰਸ਼ਾਸਨ ਨੇ ਸਕੂਲਾਂ ਨੂੰ ਸਿਰਫ਼ ਆਨਲਾਈਨ ਕਲਾਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਸੀ।
ਬਿਹਾਰ ‘ਚ ਕੋਰੋਨਾ ਸੰਕ੍ਰਮਣ ਨੂੰ ਲੈ ਕੇ ਲਾਗੂ ਪਾਬੰਦੀਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਜ ਦੇ ਮੁੱਖ ਸਕੱਤਰ ਅਮੀਰ ਸੁਭਾਨੀ ਦੀ ਪ੍ਰਧਾਨਗੀ ‘ਚ ਆਫਤ ਪ੍ਰਬੰਧਨ ਸਮੂਹ ਦੀ ਬੈਠਕ ਹੋਈ। ਇਸ ਵਿੱਚ 7 ਫਰਵਰੀ ਤੋਂ ਸਕੂਲ-ਕਾਲਜ ਖੋਲ੍ਹਣ ਸਮੇਤ ਹੋਰ ਪਾਬੰਦੀਆਂ ਵਿੱਚ ਢਿੱਲ ਦੇਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਦਿੱਲੀ ਵਿੱਚ ਸਕੂਲ, ਕਾਲਜ ਅਤੇ ਕੋਚਿੰਗ ਇੰਸਟੀਚਿਊਟ 7 ਫਰਵਰੀ ਤੋਂ ਮੁੜ ਖੁੱਲ੍ਹਣਗੇ। 7 ਫਰਵਰੀ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਨੂੰ ਸਕੂਲ ਬੁਲਾਇਆ ਜਾਵੇਗਾ। ਨਰਸਰੀ ਤੋਂ ਅੱਠਵੀਂ ਜਮਾਤ ਤੱਕ ਸਕੂਲ 14 ਫਰਵਰੀ ਤੋਂ ਖੁੱਲ੍ਹਣਗੇ। ਹਾਲਾਂਕਿ ਆਨਲਾਈਨ ਕਲਾਸਾਂ ਵੀ ਜਾਰੀ ਰਹਿਣਗੀਆਂ।