ਨਵੀਂ ਦਿੱਲੀ: ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਰਾਜਧਾਨੀ ਦਿੱਲੀ ਵਿੱਚ ਵੀਕੈਂਡ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਘੱਟ ਨਹੀਂ ਹੋ ਰਹੇ ਹਨ। ਹੁਣ ਦਿੱਲੀ ਵਿੱਚ ਬਾਰ ਅਤੇ ਰੈਸਟੋਰੈਂਟ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ DDMA ਬੈਠਕ ‘ਚ ਲਏ ਗਏ ਫੈਸਲੇ ‘ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਦਿੱਲੀ ਵਿੱਚ ਅੱਜ ਕੋਰੋਨਾ ਦੇ 19166 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 17 ਲੋਕਾਂ ਦੀ ਮੌਤ ਹੋ ਗਈ ਹੈ।
ਬੈਠਕ ਵਿਚ ਰੈਸਟੋਰੈਂਟ ਤੇ ਬਾਰ ਨੂੰ ਬੰਦ ਕਰਨ ਤੇ ਕੇਵਲ ‘ਟੇਕ ਅਵੇਅ’ ਸਹੂਲਤ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਗਿਆ ਹੈ। ਹਰ ਜ਼ੋਨ ਵਿਚ ਰੋਜ਼ਾਨਾ ਸਿਰਫ ਇੱਕ ਹਫਤਾਵਾਰੀ ਬਾਜ਼ਾਰ ਦੇ ਸੰਚਾਲਨ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਗਿਆ ਹੈ। ਦਿੱਲੀ ਸਿਹਤ ਵਿਭਾਗ ਨੇ ਹਸਪਤਾਲਾਂ ਵਿਚ ਹੋਰ ਕਰਮਚਾਰੀਆਂ ਦੀ ਵਿਵਸਥਾ ਕਰਨ ਤੇ 15-18 ਸਾਲ ਦੇ ਉਮਰ ਵਰਗ ਦੇ ਬੱਚਿਆਂ ਲਈ ਟੀਕਾਕਰਨ ਨੂੰ ਵਧਾਉਣ ਦੀ ਸਲਾਹ ਦਿੱਤੀ ਹੈ।
ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਾਜ਼ਾਰਾਂ ਵਿੱਚ ਲੋਕਾਂ ਦੁਆਰਾ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ। ਇਸ ਦੌਰਾਨ, ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਸਿਹਤ ਮੰਤਰਾਲੇ ਨੇ ਰਾਜਾਂ ਨੂੰ ਪੱਤਰ ਲਿਖ ਕੇ ਤਿਆਰੀ ਕਰਨ ਲਈ ਕਿਹਾ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਕੁੱਲ ਕੇਸਾਂ ਵਿੱਚੋਂ ਸਿਰਫ 5-10% ਹੀ ਹਸਪਤਾਲ ਜਾਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ, ਪਰ ਭਵਿੱਖ ਵਿੱਚ ਇਹ ਗਿਣਤੀ ਵਧ ਸਕਦੀ ਹੈ। ਬੈਠਕ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਸਨ। ਬੈਠਕ ਵਿਚ ਇਸ ਗੱਲ ਉਤੇ ਚਰਚਾ ਹੋਈ ਕਿ ਦਿੱਲੀ ਵਿਚ ਲਗਾਈਆਂ ਗਈਆਂ ਪਾਬੰਦੀਆਂ ਨੂੰ NCR ਵਿਚ ਵੀ ਲਾਗੂ ਕਰਨਾ ਚਾਹੀਦਾ ਹੈ। ਹਾਲਾਂਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਮੈਟਰੋ ਵਿਚ 50 ਫੀਸਦੀ ਕਰਨ ਦੇ ਪੱਖ ਵਿਚ ਨਹੀਂ ਹਨ।