ਅਮਰੀਕਾ ‘ਚ ਬਰਫ਼ੀਲੇ ਤੂਫਾਨ ਕਾਰਨ ਰੁਕੀ ਜ਼ਿੰਦਗੀ ਦੀ ਰਫਤਾਰ, ਘਰਾਂ ਦੀ ਬੱਤੀ ਗੁੱਲ

TeamGlobalPunjab
2 Min Read

ਵਾਸ਼ਿੰਗਟਨ: ਦੱਖਣੀ ਤੇ ਮੱਧ ਐਟਲਾਂਟਾ ਵਿਚ ਭਾਰੀ ਬਰਫ਼ਬਾਰੀ ਤੇ ਬਰਫ਼ੀਲੇ ਤੂਫਾਨ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਲਾਕੇ ‘ਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਤੇ ਤਕਰੀਬਨ 8,50,000 ਲੋਕ ਇਸ ਭਰ ਸਰਦੀ ਵਿਚ ਬਿਨਾਂ ਬਿਜਲੀ ਤੋਂ ਦਿਨ-ਰਾਤ ਕੱਟਣ ਲਈ ਮਜਬੂਰ ਹਨ। ਹਵਾਈ ਸੇਵਾਵਾਂ ਉਪਰ ਵੀ ਵਿਆਪਕ ਅਸਰ ਪਿਆ ਹੈ।

ਵਾਸ਼ਿੰਗਟਨ ਡੀ.ਸੀ. ਦੇ 3 ਪ੍ਰਮੁੱਖ ਹਵਾਈ ਅੱਡਿਆਂ ‘ਤੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਵੱਲੋਂ ਕਈ ਥਾਵਾਂ ’ਤੇ 6 ਤੋਂ 12 ਇੰਚ ਤੱਕ ਬਰਫ਼ਬਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਐਕਿਊ ਵੈਦਰ ਅਨੁਸਾਰ ਵਰਜੀਨੀਆ ਦੇ ਪੂਰਬ ਤੋਂ ਲੈ ਕੇ ਮੈਰੀਲੈਂਡ ਦੇ ਪੂਰਬੀ ਕੰਢੇ, ਡੈਲਾਵੇਅਰ ਤੇ ਦੱਖਣੀ ਨਿਊਜਰਸੀ ਵਿਚ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਵਰਜੀਨੀਆ, ਮੈਰੀਲੈਂਡ, ਨਿਊਜਰਸੀ ਤੇ ਉਤਰੀ ਕੈਰੋਲੀਨਾ ’ਚ 10 ਇੰਚ ਤੱਕ ਬਰਫ਼ਬਾਰੀ ਹੋਣ ਦੀਆਂ ਰਿਪੋਰਟਾਂ ਹਨ।

ਕੌਮੀ ਮੌਸਮ ਸੇਵਾ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ 35 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬਰਫ਼ੀਲੀਆਂ ਹਵਾਵਾਂ ਚੱਲਣ ਕਾਰਨ ਸਫਰ ਕਰਨਾ ਬਹੁਤ ਮੁਸ਼ਕਿਲ ਹੋ ਸਕਦਾ ਹੈ। ਪੈਦਾ ਹੋਏ ਹਾਲਾਤ ਦੇ ਮੱਦੇਨਜਰ ਵਾਸ਼ਿੰਗਟਨ ਵਿਚ ਸੰਘੀ ਦਫਤਰ ਸੋਮਵਾਰ ਬੰਦ ਕਰ ਦਿੱਤੇ ਗਏ। ਅਨੇਕਾਂ ਸਕੂਲ ਵੀ ਬੰਦ ਕਰ ਦੇਣ ਦਾ ਐਲਾਨ ਕੀਤਾ ਗਿਆ ਹੈ।

ਉੱਥੇ ਹੀ ਅਮਰੀਕਾ ਦੇ ਵੱਖ-ਵੱਖ ਹਵਾਈ ਅੱਡਿਆਂ ਉਪਰ 29,00 ਤੋਂ ਵਧ ਉਡਾਣਾਂ ਸੋਮਵਾਰ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਯਾਤਰੀ ਹਵਾਈ ਅੱਡਿਆਂ ਉਪਰ ਹੀ ਭਟਕਦੇ ਰਹੇ। ਫਲਾਈਟ ਅਵੇਅਰ ਅਨੁਸਾਰ 42,00 ਤੋਂ ਵਧ ਉਡਾਣਾਂ ਵਿਚ ਦੇਰੀ ਹੋਈ ਹੈ।

Share This Article
Leave a Comment