ਮਿਸੀਸਿਪੀ: ਅਮਰੀਕਾ ਦੇ ਮਿਸੀਸਿਪੀ ਦੇ ਗਲਫਪੋਰਟ ਸ਼ਹਿਰ ਵਿੱਚ ਨਵੇਂ ਸਾਲ ਦੀ ਸ਼ਾਮ ਦੀ ਇੱਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।ਜਾਣਕਾਰੀ ਅਨੁਸਾਰ ਨਵਾਂ ਸਾਲ ਚੜ੍ਹਨ ਤੋਂ ਕੁਝ ਦੇਰ ਪਹਿਲਾਂ ਪਾਰਟੀ ਵਿਚ ਸ਼ਾਮਲ ਕੁਝ ਲੋਕਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗਲਫ਼ਪੋਰਟ ਪਾਰਟੀ ਵਿਚ ਵਾਪਰੀ ਇਸ ਘਟਨਾ ਦੇ ਮਾਮਲੇ ‘ਚ ਹਾਲੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਜਾਂਚਕਰਤਾ ਘਟਨਾ ਦੇ ਵੇਰਵੇ ਇਕੱਠੇ ਕਰ ਰਹੇ ਹਨ। ਪਾਰਟੀ ਵਿਚ ਕਰੀਬ 50 ਗੋਲੀਆਂ ਕਈ ਬੰਦੂਕਾਂ ਵਿਚੋਂ ਚੱਲੀਆਂ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਈ ਜ਼ਖ਼ਮੀ ਅਤੇ ਮੌਕੇ ਉਤੇ ਮੌਜੂਦ ਲੋਕ ਘਟਨਾ ਬਾਰੇ ਪੁਲਿਸ ਨੂੰ ਖੁੱਲ੍ਹ ਕੇ ਨਹੀਂ ਦੱਸ ਰਹੇ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਜਾਂਚਰਤਾਵਾਂ ਮੁਤਾਬਕ ਗੋਲੀਬਾਰੀ ਤੋਂ ਪਹਿਲਾਂ ਲੋਕਾਂ ਵਿਚਾਲੇ ਹੱਥੋਪਾਈ ਵੀ ਹੋਈ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪਾਰਟੀ ਵਿਚ ਬੰਦੂਕਾਂ, ਡਰੱਗ ਤੇ ਸ਼ਰਾਬ ਮੌਜੂਦ ਸਨ ਤੇ ਅਜਿਹੇ ਵਿਚ ਇਸ ਤਰ੍ਹਾਂ ਦੀ ਘਟਨਾ ਵਾਪਰਨ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ।