ਕੋਰੋਨਾ ਪਾਜ਼ਿਟਿਵ ਪੀਐਮ ਇਮਰਾਨ ਖ਼ਾਨ ਨੇ ਆਪਣੇ ਸਟਾਫ ਨਾਲ ਕੀਤੀ ਮੀਟਿੰਗ, ਸੋਸ਼ਲ ਮੀਡੀਆ ‘ਤੇ ਹੋ ਰਹੀ ਨਿਖੇਧੀ

TeamGlobalPunjab
2 Min Read

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਦੇ ਨਾਲ ਪਾਜ਼ਿਟਿਵ ਪਾਏ ਗਏ ਸਨ। ਇਮਰਾਨ ਖਾਨ ਨੇ ਕੋਵਿਡ-19 ਦੇ ਨੇਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬੀਤੇ ਦਿਨੀਂ ਆਪਣੇ ਸਟਾਫ ਨਾਲ ਇਕ ਮੀਟਿੰਗ ਕੀਤੀ। ਕੇਂਦਰੀ ਮੰਤਰੀ ਸ਼ਿਬਲੀ ਫ਼ਰਾਜ਼ ਨੇ ਇਸ ਬੈਠਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਿਸ ਤੋਂ ਬਾਅਦ ਇਮਰਾਨ ਖ਼ਾਨ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਤਸਵੀਰਾਂ ਵਿੱਚ ਸੱਤ ਲੋਕ ਇਮਰਾਨ ਖਾਨ ਦੇ ਨਾਲ ਇੱਕ ਕਮਰੇ ‘ਚ ਬੈਠੇ ਸਨ। ਹਾਲਾਂਕਿ ਇਨ੍ਹਾਂ ਸਾਰਿਆਂ ਨੇ ਮਾਸਕ ਪਾਇਆ ਹੋਇਆ ਸੀ ਅਤੇ ਸਰੀਰਕ ਦੂਰੀ ਵੀ ਬਣਾਈ ਹੋਈ ਸੀ। ਪਰ ਬਾਵਜੂਦ ਇਸਦੇ ਸੋਸ਼ਲ ਮੀਡੀਆ ‘ਤੇ ਯੂਜ਼ਰਸ ਨੇ ਇਸ ਰਵੱਈਏ ‘ਤੇ ਸਵਾਲ ਖਡ਼੍ਹੇ ਕੀਤੇ ਹਨ।

ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਏਕਾਂਤਵਾਸ ਹੋ ਗਏ ਸਨ। ਪਰ ਇਮਰਾਨ ਖਾਨ ਵੱਲੋਂ 14 ਦਿਨ ਦਾ ਇਕਾਂਤਵਾਸ ਪੂਰਾ ਕੀਤੇ ਬਿਨਾਂ ਹੀ ਇੱਕ ਹਫ਼ਤੇ ਅੰਦਰ ਆਪਣੇ ਸਟਾਫ ਨਾਲ ਮੀਟਿੰਗ ਕਰਨ ‘ਤੇ ਪਾਕਿਸਤਾਨ ਸਰਕਾਰ ਦੀ ਲਾਪ੍ਰਵਾਹੀ ‘ਤੇ ਸਵਾਲ ਖਡ਼੍ਹੇ ਹੋ ਰਹੇ ਹਨ। ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਪੀਐਮ ਵੀ ਵਰਚੂਅਲੀ ਸਰਕਾਰ ਚਲਾ ਸਕਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਇਹ ਵੀ ਤਨਜ਼ ਕੱਸਿਆ ਗਿਆ ਕਿ ਸ਼ਾਇਦ ਟੈਕਨੋਲੋਜੀ ‘ਤੇ ਇਮਰਾਨ ਨੂੰ ਭਰੋਸਾ ਨਹੀਂ ਹੈ ਇਸ ਲਈ ਉਹ ਆਪਣੇ ਪੁਰਾਣੇ ਤੌਰ ਤਰੀਕੇ ਅਪਣਾ ਰਹੇ ਹਨ ।

Share this Article
Leave a comment