ਚੰਡੀਗੜ੍ਹ, (ਅਵਤਾਰ ਸਿੰਘ): ਕੌਮਾਂਤਰੀ ਆਫ਼ਤ ਪ੍ਰਬੰਧਨ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ਵੱਖ ਵੱਖ ਸਕੂਲਾਂ ਤੋਂ 100 ਵਿਦਿਆਰਥੀਆਂ ਤੇ ਅਧਿਅਪਕਾਂ ਨੇ ਵਰਚੂਅਲ ਮੋਡ ਰਾਹੀਂ ਹਿੱਸਾ ਲਿਆ। ਆਫ਼ਤ ਪ੍ਰਬੰਧਨ ਦਿਵਸ ਦਾ ਇਸ ਵਾਰ ਦਾ ਥੀਮ “ਵਿਕਾਸਸ਼ੀਲ ਦੇਸ਼ਾਂ ਦੇ ਆਫ਼ਤ ਖਤਰਿਆਂ ਅਤੇ ਨੁਕਸਾਨ ਨੂੰ ਘਟਾਉਣ ਕੌਮਾਂਤਰੀ ਪੱਧਰ ‘ਤੇ ਸਹਿਯੋਗ ਹੈ।” ਇਸ ਮੌਕੇ ਭਾਰਤ ਸਰਕਾਰ ਦੇ ਗ੍ਰਹਿਆਂ ਮੰਤਰਾਲੇ, ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨਵੀਂ ਦਿੱਲੀ ਦੇ ਸੰਯੁਕਤ ਸਕੱਤਰ ਕੁਨਾਲ ਸਤਿਆਰਥੀ ਆਈ.ਐਫ਼ ਐਸ. ਮੁਖ ਬੁਲਾਰੇ ਵਜੋਂ ਹਾਜ਼ਰ ਹੋਏ। ਵੈਬਨਾਰ ਦੌਰਾਨ ਉਨ੍ਹਾਂ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕੁਦਰਤੀ ਅਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਗਈਆਂ ਆਫ਼ਤਾਂ ਹਰ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਇਹ ਮਾਨਸਿਕ ਅਤੇ ਸਰੀਰਕ ਪੱਧਰ ‘ਤੇ ਲੋਕਾਂ ਤਬਾਹ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਭੂਚਾਲ,ਝਖੜ,ਤੂਫ਼ਾਨ ਅਤੇ ਹੜ੍ਹ ਆਮ ਕਿਸਮ ਦੀਆਂ ਕੁਦਰਤੀ ਆਫ਼ਤਾਂ ਹਨ। ਇਸ ਤੋਂ ਇਲਾਵਾ ਜੰਗਲਾਂ ਦੀ ਅੱਗ, ਸੋਕਾ, ਭੂ-ਖਿਸਕਣ ਅਤੇ ਬਦਲਾਂ ਦੇ ਫ਼ਟਣ ਵਰਗੀਆਂ ਕਰੋਪੀਆਂ ਵੀ ਹਨ। ਦੂਜੇ ਪਾਸੇ ਮਨੁੱਖ ਦੁਆਰਾ ਪੈਦਾ ਕੀਤੀਆਂ ਆਫ਼ਤਾਂ ਵਿਚ ਅੱਗ, ਉਦਯੋਗਿਕ ਹਾਦਸੇ, ਗੋਲੀਬਾਰੀ, ਅੱਤਵਾਦ ਅਤੇ ਜਨਤਕ ਹਿੰਸਾਂਵਾਂ ਆਦਿ ਸ਼ਾਮਲ ਹਨ। ਉਨ੍ਹਾਂ ਦੱਂਸਿਆ ਕਿ ਭਾਰਤ ਦਾ 80 ਫ਼ੀਸਦ ਭੂਗੋਲਿਕ ਇਲਾਕਾ ਚੱਕਰਵਾਤਾਂ, ਹੜ੍ਹਾਂ, ਭੂਚਾਲਾਂ, ਸੁਨਾਮੀ, ਸੋਕੇ ਅਤੇ ਭੂ ਖਿਸਕਣ ਦੀਆਂ ਘਟਨਾਵਾ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ 10 ਸਾਲਾਂ ਦੌਰਾਨ ਜਲਾਵਯੂ ‘ਤੇ ਅਸਲ ਕਾਰਵਾਈ ਨਾ ਹੋਣ ਕਾਰਨ ਖਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਵਿਚ ਬਹੁਤ ਸਾਰੀਆਂ ਮੌਸਮੀ ਘਟਨਾਵਾਂ ਵਾਪਰਨਗੀਆਂ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਹਿਯੋਗ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਅਧਿਕਾਰਤ ਤੌਰ ‘ਤੇ ਸਹਾਇਤਾ ਅਤੇ ਸਮਰੱਥਾ ‘ਚ ਵਾਧਾ ਕਰਨਾ ਬਹੁਤ ਜ਼ਰੂਰੀ ਹੈ ਕਿਉਂ ਕਿ ਇਸ ਦੇ ਨਾਲ ਹੀ ਉਹਨਾਂ ਕੁਦਰਤੀ ਅਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਜਾ ਰਹੀਆਂ ਆਫ਼ਤਾਂ ਦਾ ਸਾਹਮਣਾ ਕਰਨ ਦੇ ਯੋਗ ਭਾਵ ਸਮਰੱਥ ਬਣਾਇਆ ਜਾ ਸਕਦਾ ਹੈ। ਉਨ੍ਹਾਂ ਆਫ਼ਤ ਪ੍ਰਬੰਧਨ ‘ਤੇ ਜ਼ੋਰ ਦਿੰਦਿਆ ਕਿਹਾ ਕਿ ਆਫ਼ਤ ਪ੍ਰਬੰਧਨ ਦੇ ਵਿਸ਼ੇ ਨੂੰ ਸਿੱਖਿਆ ਦੇ ਪਾਠਕ੍ਰਮ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਸਬੰਧੀ ਵਿਸ਼ੇਸ਼ ਲੈਕਚਰ, ਸੈਮੀਨਾਰ ਅਤੇ ਬੱਚਿਆਂ ਤੇ ਨੌਜਵਾਨਾਂ ਲਈ ਟਰੇਨਿੰਗ ਪ੍ਰੋਗਰਾਮ ਕਰਵਾਉਣੇ ਅਤਿ ਜ਼ਰੂਰੀ ਹਨ।
ਇਸ ਮੌਕੇ ਵੈਬਨਾਰ ਵਿਚ ਸ਼ਾਮਲ ਬੱਚਿਆਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਆਫ਼ਤਾਂ ਦੇ ਖਤਰਿਆਂ ਨੂੰ ਘਟਾਉਣ ਲਈ ਕੌਮੀ ਸੱਭਿਅਚਾਰ ਨੂੰ ਉਤਸ਼ਾਹਿਤ ਕਰਨ ਦੇ ਆਸ਼ੇ ਨਾਲ ਹਰ ਸਾਲ 13 ਅਕਤੂਬਰ ਨੂੰ ਕੌਮਾਂਤਰੀ ਪੱਧਰ ਆਫ਼ਤ ਪ੍ਰਬੰਧਨ ਦਿਵਸ ਮਨਾਇਆ ਜਾਂਦਾ ਹੈ । ਇਸ ਦਿਨ ਦੀ ਸ਼ੁਰੂਆਤ 1989 ਵਿਚ ਕੀਤੀ ਗਈ ਸੀ। ਉਨ੍ਹਾ ਕਿਹਾ ਕਿ ਆਫ਼ਤਾਂ ਵਿਕਾਸਸ਼ੀਲ ਦੇਸ਼ਾਂ ਦੀ ਜਿੱਥੇ ਆਰਥਿਕਤਾ, ਬੁਨਿਆਂਦੀ ਢਾਂਚੇ ਨੂੰ ਪੂਰੀ ਤਰ੍ਰਾਂ ਤਹਿਤ ਨਹਿਸ ਕਰ ਦਿੰਦੀਆਂ ਹਨ ਉੱਥੇ ਇਸ ਨਾਲ ਬਹੁਤ ਸਾਰੇ ਲੋਕ ਦੀ ਮੌਤ ਅਤੇ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਜਾਂਦੇ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਮਾਜ ਵਿਚ ਗਰੀਬ, ਭੁਖਮਰੀ ਅਤੇ ਆਫ਼ਤ ਦੇ ਖਤਰਿਆਂ ਨੂੰ ਘਟਾਉਣ ਲਈ ਇਸ ਪਾਸੇ ਵੱਲ ਕੌਮਾਂਤਰੀ ਪੱਧਰ ‘ਤੇ ਨਿਵੇਸ਼ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਅਜਿਹੇ ਹਲਾਤ ਵਿਚ ਸਰਕਾਰ ਵਲੋਂ ਮੁਹੱਈਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਆਫ਼ਤ ਦੇ ਕਾਰਨਾਂ ਬਾਰੇ ਵਿਗਿਆਨਕ ਜਾਗਰੂਕਤਾਂ ਪੈਦਾ ਕੀਤੀ ਜਾਣੀ ਚਾਹੀਦੀ ਹੈ ਤਾਂ ਜਾਨ ਤੇ ਮਾਲੀ ਨੁਕਸਾਨ ਤੋਂ ਲੋਕਾਂ ਦਾ ਬਚਾਅ ਕੀਤਾ ਜਾ ਸਕੇ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਬੱਚਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁਦਰਤੀ ਹੱਲ ਜਿਵੇਂ ਜੰਗਲਾਂ ਅਤੇ ਝੀਲਾਂ ਦੀ ਸਾਂਭ-ਸੰਭਾਲ ਨਾਲ ਸੌਕੇ ਵਰਗੀਆਂ ਆਫ਼ਤਾਂ ਦੇ ਖਤਰਿਆਂ ਨੂੰ ਘਟਾ ਕੇ ਲੋਕਾਂ ਨੂੰ ਇਹਨਾਂ ਨਾਲ ਨਜਿੱਠਣ ਦੇ ਸਮਰੱਥ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਰਤਾਰੇ ਨਾਲ ਗੈਰ ਜਲਾਵਯੂ ਸਬੰਧੀ ਆਫ਼ਤਾਂ ਜਿਵੇਂ ਭੂਚਾਲਾਂ ਦੇ ਨਾਲ ਭੂ-ਖਿਸਕਣ ਦੇ ਖਤਰਿਆਂ ਨੂੰ ਵੀ ਘਟਾਇਆ ਜਾ ਸਕਦਾ ਹੈ।