ਕੋਰੋਨਾ ਵਾਇਰਸ ਮਹਾਮਾਰੀ : ਇਕਮੁੱਠ ਹੋ ਕੇ ਹੀ ਜਿੱਤੀ ਜਾਵੇਗੀ ਘਾਤਕ ਜੰਗ

TeamGlobalPunjab
5 Min Read

-ਅਵਤਾਰ ਸਿੰਘ

ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਜੰਗ ਲੜ ਰਿਹਾ ਅਮਲਾ ਅੱਜ ਕੱਲ੍ਹ ਬਹੁਤ ਸਾਰੀਆਂ ਮੁਸ਼ਕਲਾਂ ਝੱਲ ਰਿਹਾ ਹੈ। ਪੁਲਿਸ, ਮੈਡੀਕਲ ਸਟਾਫ ਅਤੇ ਹੋਰ ਡਿਊਟੀ ਕਰ ਰਹੇ ਅਮਲੇ ਨੂੰ ਇਕ ਪਾਸੇ ਲੋਕਾਂ ਦੀ ਜਾਨ ਦੀ ਬਚਾਉਣ ਦੀ ਚਿੰਤਾ ਹੈ ਦੂਜੇ ਪਾਸੇ ਘਰਾਂ ਵਿਚ ਬੈਠੇ ਆਪਣੇ ਪਰਿਵਾਰਾਂ ਦਾ ਫਿਕਰ ਸਤਾ ਰਿਹਾ ਹੈ। ਕੁਝ ਲੋਕ ਘਰਾਂ ਤੋਂ ਬਾਹਰ ਨਹੀਂ ਜਾ ਰਹੇ ਅਤੇ ਜਿਹੜੇ ਬਾਹਰ ਡਿਊਟੀ ਦੇ ਰਹੇ ਉਹ ਘਰ ਆਉਣ ਤੋਂ ਡਰਦੇ ਹਨ। ਉਹ ਆਪਣੀ ਜਾਨ ਜ਼ੋਖਿਮ ਵਿਚ ਪਾ ਕੇ ਇਸ ਸੰਕਟ ਦੀ ਘੜੀ ਵਿਚ ਜੁਟੇ ਹੋਏ ਹਨ। ਪਰ ਕੁਝ ਲੋਕ ਕਰਫ਼ਿਊ ਦੀ ਉਲੰਘਣਾ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਹ ਲੋਕ ਕਰਫ਼ਿਊ ਦੀ ਉਲੰਘਣਾ ਕਰਕੇ ਤਾਂ ਬਚ ਸਕਦੇ ਹਨ ਪਰ ਇਸ ਮਹਾਮਾਰੀ ਤੋਂ ਕਿਵੇਂ ਬਚ ਸਕਣਗੇ। ਇਸ ਉਲੰਘਣਾ ਨਾਲ ਉਹ ਆਪਣੀ ਜਾਨ ਖਤਰੇ ਵਿੱਚ ਪਾ ਕੇ ਇਸ ਦੀ ਲਾਗ ਲੈ ਕੇ ਹੋਰਨਾਂ ਨੂੰ ਵੀ ਮਰੀਜ਼ ਬਣਾਉਣਗੇ।

ਰਿਪੋਰਟਾਂ ਮੁਤਾਬਿਕ ਜਗਰਾਉਂ ਵਿੱਚ ਕਰਫਿਊ ਦੀ ਉਲੰਘਣਾ ਕਰਨ ’ਤੇ ਪੁਲੀਸ ਨੇ 48 ਨੌਜਵਾਨਾਂ ਆਰਜ਼ੀ ਜੇਲ੍ਹ ਵਿੱਚ ਭੇਜਿਆ। ਤਹਿਸੀਲ ਰੋਡ ‘ਤੇ ਝਾਂਸੀ ਰਾਣੀ ਚੌਕ ’ਚ ਪੁਲੀਸ ਨੂੰ ਅਜਿਹੇ ਹੀ ਮਨਚਲਿਆਂ ਦੀ ਟੋਲੀ ਮਿਲ ਗਈ। ਪੁਲਿਸ ਨੇ ਉਨ੍ਹਾਂ ਦੀ ਚੰਗੀ ਭੁਗਤ ਸਵਾਰੀ ਅਤੇ ਸਨਮਤੀ ਸਕੂਲ ਦੇ ਕੈਂਪਸ ਵਿੱਚ ਬਣਾਈ ਗਈ ਆਰਜ਼ੀ ਜੇਲ੍ਹ ’ਚ ਭੇਜ ਦਿੱਤਾ। ਇਸੇ ਤਰ੍ਹਾਂ ਲੁਧਿਆਣਾ ਪੁਲੀਸ ਨੇ ਕਰੋਨਾਵਾਇਰਸ ਕਾਰਨ ਚੱਲ ਰਹੇ ਕਰਫ਼ਿਊ ਦੀ ਉਲੰਘਣਾ ਦੇ ਦੋਸ਼ ਤਹਿਤ ਵੱਖ ਵੱਖ ਥਾਣਿਆਂ ਵਿੱਚ 6 ਕੇਸ ਦਰਜ ਕਰਕੇ 8 ਜਣਿਆ ਨੂੰ ਹਿਰਾਸਤ ਵਿੱਚ ਲਿਆ ਹੈ। ਛਾਉਣੀ ਮੁਹੱਲਾ ਵਾਸੀ ਕੁਸ਼ ਗਿੱਲ ਨੂੰ ਪੁਲੀਸ ਨੇ ਕਰਫਿਊ ਦੀ ਉਲੰਘਣਾ ਕਰਨ ਅਤੇ ਪੁਲਿਸ ਮੁਲਾਜ਼ਮਾਂ ਉੱਪਰ ਇੱਟਾਂ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਨ ਦੀਆਂ ਰਿਪੋਰਟਾਂ ਹਨ।

ਅਬੋਹਰ ਨੇੜੇ ਬੱਲੂਆਣਾ ਦੀ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਪੰਜਾਬ ਨੇੜਲੇ ਰਾਜਸਥਾਨ ਦੇ ਪਦਮਪੁਰ ਕਸਬੇ ਦੇ ਇਕ ਨਵ-ਵਿਆਹੇ ਜੋੜੇ ਦੀ ਬੱਲੂਆਣਾ ਦੇ ਤਿੰਨ ਪਿੰਡਾਂ ਦੀ ਫੇਰੀ ਨੇ ਸਿਹਤ ਵਿਭਾਗ ਤੇ ਪੰਜਾਬ ਪੁਲੀਸ ਦੀ ਨੀਂਦ ਉਡਾ ਦਿੱਤੀ। ਇਸ ਪਿੰਡ ਦਾ ਕਾਸ਼ੀ ਰਾਮ ਲੌਕਡਾਊਨ ਤੋਂ ਇਕ ਦਿਨ ਪਹਿਲਾਂ ਆਪਣੇ ਤਿੰਨ ਰਿਸ਼ਤੇਦਾਰਾਂ ਦੇ ਨਾਲ ਵਿਆਹ ਕਰਵਾਉਣ ਲਈ ਬਿਹਾਰ ਗਿਆ ਸੀ। ਆਜ਼ਮਗੜ੍ਹ ਵਿੱਚ ਕਾਜਲ ਨਾਲ ਵਿਆਹ ਕਰਵਾ ਕੇ ਇਹ ਚਾਰੋਂ ਇਕ ਕੈਂਟਰ ਵਿੱਚ ਸਵਾਰ ਹੋ ਕੇ ਬੱਲੂਆਣਾ ਹਲਕੇ ਦੇ ਪਿੰਡ ਧਰਾਂਗਵਾਲਾ ਪੁੱਜ ਗਏ। ਠੀਕਰੀ ਪਹਿਰੇ ਕਾਰਨ ਲੋਕਾਂ ਨੇ ਇਨ੍ਹਾਂ ਨੂੰ ਬਾਹਰ ਦੀ ਬਾਹਰ ਤੋਰ ਦਿੱਤਾ। ਇਸ ਮਗਰੋਂ ਬਹਾਵਲ ਵਾਸੀ ਕੈਂਟਰ ਚਾਲਕ ਦੇ ਘਰ ਗਏ। ਇਸ ਤੋਂ ਬਾਅਦ ਰਾਜਸਥਾਨ ਦੀ ਹੱਦ ਦੇ ਨਾਲ ਲਗਦੇ ਸ਼ੇਰਗੜ੍ਹ ਪਿੰਡ ਵਿੱਚ ਰਾਮ ਚੰਦਰ ਆਪਣੇ ਰਿਸ਼ਤੇਦਾਰ ਦੇ ਘਰ ਰਾਤ ਰੁਕੇ ਜਿੱਥੋਂ ਅਗਲੇ ਦਿਨ ਇਹ ਸਾਰੇ ਪੈਦਲ ਰਾਜਸਥਾਨ ਵਿੱਚ ਦਾਖਲ ਹੋ ਗਏ ਜਿੱਥੇ ਸਿਹਤ ਵਿਭਾਗ ਤੇ ਪੁਲੀਸ ਦੀ ਨੇ ਇਨ੍ਹਾਂ ਨੂੰ ਘੇਰੇ ਵਿੱਚ ਲੈ ਕੇ ਸਾਰਿਆਂ ਦਾ ਕਰੋਨਾ ਟੈਸਟ ਕਰਵਾਇਆ। ਟੈਸਟ ਦੀਆਂ ਰਿਪੋਰਟਾਂ ਮਿਲਣ ’ਤੇ ਨਵਵਿਹੈ ਜੋੜੇ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਰਾਜਸਥਾਨ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਦੀ ਟ੍ਰੈਵਲ ਹਿਸਟਰੀ ਇਕੱਠੀ ਕਰਕੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਫਸਰਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਇਸ ਜੋੜੇ ਸਣੇ ਚਾਰ ਜਣਿਆਂ ਨੂੰ ਲਿਆਉਣ ਵਾਲੇ ਕੈਂਟਰ ਡਰਾਈਵਰ, ਕੰਡਕਟਰ ਦੇ ਪਿੰਡਾਂ ਧਰਾਂਗਵਾਲਾ ਤੇ ਬਹਾਵ ਵਾਲਾ ਤੋਂ ਇਲਾਵਾ ਜੋੜੇ ਦੇ ਸ਼ੇਰਗੜ੍ਹ ਸਥਿਤ ਪਰਿਵਾਰਕ ਮੈਂਬਰਾਂ ਨੂੰ ਬਹਾਵ ਵਾਲਾ ਦੇ ਸਿਹਤ ਕੇਂਦਰ ’ਚ ਆਈਸੋਲੇਟ ਕਰ ਦਿੱਤਾ ਹੈ। ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਦੋ ਦਰਜਨ ਲੋਕਾਂ ਨੂੰ ਜਾਂਚ ਦੇ ਘੇਰੇ ਲਿਆਂਦਾ ਹੈ। ਅਬੋਹਰ ਦੇ ਕਾਰਜਕਾਰੀ ਉਪ ਮੰਡਲ ਮੈਜਿਸਟ੍ਰੇਟ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਸ਼ੇਰਗੜ੍ਹ ਨੂੰ ਸੀਲ ਕਰ ਦਿੱਤਾ ਗਿਆ ਹੈ।

- Advertisement -

ਪੁਲਿਸ ਤੇ ਮੈਡੀਕਲ ਸਟਾਫ ਨੂੰ ਝਕਾਨੀ ਦੇਣ ਵਾਲਾ ਇਹ ਜੋੜਾ ਜੇ ਆਪ ਹੀ ਸਾਰੇ ਟੈਸਟ ਕਰਵਾ ਲੈਂਦਾ ਤਾਂ ਇਸ ਅਮਲੇ ਦਾ ਇਹ ਜ਼ੋਰ ਹੋਰ ਲੋਕਾਂ ਦੀ ਸੁਰੱਖਿਆ ਵਲ ਲੱਗਣਾ ਸੀ। ਇਸ ਸਮੇਂ ਸਭ ਨੂੰ ਇਕੋ ਰੱਸੇ ਨਾਲ ਬੰਨਣਾ ਠੀਕ ਨਹੀਂ ਹੈ ਕੁਝ ਅਜਿਹੇ ਲੋਕ ਵੀ ਹਨ ਜੋ ਇਸ ਸਮੇਂ ਅਮਲੇ ਦਾ ਸਾਥ ਵੀ ਦੇ ਰਿਹਾ ਹੈ। ਜਿਸ ਤਰ੍ਹਾਂ ਫਗਵਾੜਾ ਵਿਚ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਲਾਏ ਗਏ ਕਰਫਿਊ ਦਾ ਪਾਲਣ ਕਰਦੇ ਹੋਏ ਦੋ ਪਰਿਵਾਰਾਂ ਨੇ ਸਿਰਫ਼ ਦਸ ਆਦਮੀਆ ਦੀ ਹਾਜ਼ਰੀ ’ਚ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਲਾੜਾ ਆਪਣੀ ਵਹੁਟੀ ਨੂੰ ਗੱਡੀ ’ਚ ਬਿਠਾ ਕੇ ਆਪਣੇ ਘਰ ਲਿਆਇਆ। ਜਦੋਂ ਜੋੜਾ ਭਗਤਪੁਰਾ ਤੋਂ ਵਿਆਹ ਕਰਵਾ ਕੇ ਸਤਨਾਮਪੁਰਾ ਪੁਲ ਲਾਗੇ ਪਹੁੰਚਿਆ ਤਾਂ ਉੱਥੇ ਪੁਲੀਸ ਮੁਲਾਜ਼ਮਾਂ ਸਮੇਤ ਖੜ੍ਹੇ ਥਾਣਾ ਸਤਨਾਮਪੁਰਾ ਮੁਖੀ ਇੰਸਪੈਕਟਰ ਊਸ਼ਾ ਰਾਣੀ ਨੇ ਨਵੀਂ ਵਿਆਹੀ ਜੋੜੀ ਨੂੰ ਕੇਕ ਕਟਵਾ ਕੇ ਵਿਆਹ ਦੀਆ ਮੁਬਾਰਕਾਂ ਦਿੱਤੀਆ। ਲਾੜੇ ਸੁਖਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਰਫਿਊ ਦਾ ਪਾਲਣ ਕਰਕੇ ਪੁਲੀਸ ਪ੍ਰਸ਼ਾਸਨ ਉਨ੍ਹਾਂ ਨੂੰ ਏਨਾ ਜਿਆਦਾ ਸਤਿਕਾਰ ਦੇਵੇਗਾ ਕਦੇ ਜ਼ਿੰਦਗੀ ’ਚ ਸੋਚਿਆ ਵੀ ਨਹੀਂ ਸੀ। ਇਸ ਤਰ੍ਹਾਂ ਇਸ ਸੰਕਟ ਦੀ ਘੜੀ ਵਿਚ ਸਭ ਨੂੰ ਕਰਫ਼ਿਊ ਦਾ ਪਾਲਣ ਕਰਕੇ ਪੁਲਿਸ ਅਤੇ ਮੈਡੀਕਲ ਅਮਲੇ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਹੀ ਮਹਾਮਾਰੀ ਤੋਂ ਬਚ ਸਕਾਂਗੇ ਤੇ ਇਹ ਘਾਤਕ ਜੰਗ ਜਿੱਤੀ ਜਾਵੇਗੀ।

ਸੰਪਰਕ : 7888973676

Share this Article
Leave a comment