ਪੰਜਾਬ ਦੇ ਰਾਜਪਾਲ ਵੱਲੋਂ ਖੇਤੀ ਯੂਨੀਵਰਸਿਟੀ ਦੇ ਕਾਰਜਾਂ ਦੀ ਸ਼ਲਾਘਾ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪੀ ਏ ਯੂ ਦੇ ਵਿਸ਼ੇਸ਼ ਦੌਰੇ ‘ਤੇ ਸਨ। ਉਨ੍ਹਾਂ ਇਸ ਦੌਰਾਨ ਪੀ ਏ ਯੂ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਇਲਾਵਾ ਨਵੀਂ ਖੇਤੀ ਸੰਬੰਧੀ ਹੋ ਰਹੇ ਤਜਰਬਿਆਂ ਦਾ ਸਰਵੇਖਣ ਵੀ ਕੀਤਾ। ਰਾਜਪਾਲ ਨੇ ਵਿਸ਼ੇਸ਼ ਟਿੱਪਣੀ ਵਿਚ ਯੂਨੀਵਰਸਿਟੀ ਵਲੋਂ ਦੇਸ਼ ਨੂੰ ਅੰਨ ਪੱਖੋਂ ਸਵੈ-ਨਿਰਭਰ ਬਣਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਅਤੇ ਬਿਨਾਂ ਵਹਾਈ ਤੋਂ ਬੀਜੀਆਂ ਫਸਲਾਂ ਦੇ ਤਜਰਬਾ ਪਲਾਟਾਂ ਤੋਂ ਇਲਾਵਾ ਸਾਉਣੀ ਦੀਆਂ ਫਸਲਾਂ, ਸੁਰੱਖਿਅਤ ਖੇਤੀ ਅਤੇ ਸ਼ਹਿਦ ਮੱਖੀ ਪਾਲਣ ਸੰਬੰਧੀ ਅਤਿ ਆਧੁਨਿਕ ਤਜਰਬਿਆਂ ਨੂੰ ਵੇਖਿਆ। ਸ਼੍ਰੀ ਪੁਰੋਹਿਤ ਇਨ੍ਹਾਂ ਤਜਰਬਿਆਂ ਤੋਂ ਸੰਤੁਸ਼ਟ ਨਜ਼ਰ ਆਏ। ਉਨ੍ਹਾਂ ਆਸ ਪ੍ਰਗਟਾਈ ਕਿ ਪੀ ਏ ਯੂ ਦੇ ਵਿਗਿਆਨੀ ਦੇਸ਼ ਦੀ ਖੇਤੀ ਨੂੰ ਵਿਕਾਸ ਦੀ ਨਵੀਂ ਦਿਸ਼ਾ ਵਲ ਲਿਜਾਣ ਵਿਚ ਸਫ਼ਲ ਹੋਣਗੇ।

ਪੀ ਏ ਯੂ ਦੇ ਵਾਈਸ ਚਾਂਸਲਰ ਅਤੇ ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਮਾਣਯੋਗ ਰਾਜਪਾਲ ਦਾ ਸਵਾਗਤ ਕੀਤਾ। ਉਨ੍ਹਾਂ ਪੀ ਏ ਯੂ ਵਲੋਂ ਖੇਤੀ ਖੋਜ, ਪਸਾਰ ਅਤੇ ਅਕਾਦਮਿਕ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਵੀ ਇਸ ਸਮੇਂ ਮੌਜੂਦ ਰਹੇ। ਪੀ ਏ ਯੂ ਦੇ ਰਜਿਸਟਰਾਰ ਡਾ ਰਜਿੰਦਰ ਸਿੰਘ ਸਿੱਧੂ ਨੇ ਰਾਜਪਾਲ ਦਾ ਪੀ ਏ ਯੂ ਆਉਣ ‘ਤੇ ਧੰਨਵਾਦ ਕੀਤਾ।

ਇਸ ਮੌਕੇ ਪੰਜਾਬ ਦੇ ਨਿਰਦੇਸ਼ਕ ਖੇਤੀਬਾੜੀ ਵਿਭਾਗ ਡਾ ਸੁਖਦੇਵ ਸਿੰਘ ਸਿੱਧੂ, ਖੇਤੀਬਾੜੀ ਕਮਿਸ਼ਨਰ ਡਾ ਬਲਵਿੰਦਰ ਸਿੰਘ ਸਿੱਧੂ, ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ ਨਵਤੇਜ ਸਿੰਘ ਬੈਂਸ, ਡੀਨ ਖੇਤੀਬਾੜੀ ਕਾਲਜ ਡਾ ਐਮ ਆਈ ਐਸ ਗਿੱਲ, ਡੀਨ ਖੇਤੀ ਇੰਜਨੀਅਰਿੰਗ ਕਾਲਜ ਡਾ ਅਸ਼ੋਕ ਕੁਮਾਰ,ਅਪਰ ਨਿਰਦੇਸ਼ਕ ਖੋਜ ਡਾ ਪੀ ਪੀ ਐਸ ਪੰਨੂ,ਡਾ ਗੁਰਸਾਹਿਬ ਸਿੰਘ ਮਨੇਸ, ਡਾ ਅਜਮੇਰ ਸਿੰਘ ਢੱਟ, ਡਾ ਗੁਰਜੀਤ ਸਿੰਘ ਮਾਂਗਟ, ਡਾ ਪ੍ਰਦੀਪ ਕੁਮਾਰ ਛੂਨੇਜਾ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਇਸ ਮੌਕੇ ਪੀ ਏ ਯੂ ਦੇ ਵੱਖ ਵੱਖ ਵਿਭਾਗਾਂ ਵਲੋਂ ਖੇਤੀ ਸਾਹਿਤ ਅਤੇ ਖੇਤੀ ਸੰਬੰਧੀ ਵਿਕਾਸ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ। ਰਾਜਪਾਲ ਨੇ ਇਨ੍ਹਾਂ ਪ੍ਰਦਰਸ਼ਨੀਆਂ ਵਿਚ ਵਿਸ਼ੇਸ਼ ਦਿਲਚਸਪੀ ਵਿਖਾਈ।

Share This Article
Leave a Comment