BIG NEWS : ਕਾਂਗਰਸ ਦਾ ਕਾਟੋ ਕਲੇਸ਼ ਜਾਰੀ, ਮੰਤਰੀ ਮੰਡਲ ਤੋਂ ਹਟਾਏ ਵਿਧਾਇਕਾਂ ਨੇ ਖੋਲ੍ਹਿਆ ਮੋਰਚਾ, ਹਾਈਕਮਾਂਡ ‘ਤੇ ਦਾਗੇ ਸਵਾਲ

TeamGlobalPunjab
3 Min Read

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ਵੱਲੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਇਕ ਵਾਰ ਫਿਰ ਭਖ ਚੁੱਕਾ ਹੈ। ਕੈਬਿਨੇਟ ਲਈ ਮੰਤਰੀਆਂ ਦੇ ਨਾਂ ਫਾਈਨਲ ਹੋਣ ਤੋਂ ਬਾਅਦ ਕਾਂਗਰਸ ਦੇ ਉਨ੍ਹਾਂ ਵਿਧਾਇਕਾਂ ਨੇ ਤਿੱਖਾ ਇਤਰਾਜ਼ ਜਤਾਇਆ ਹੈ, ਜਿਨ੍ਹਾਂ ਨੂੰ ਇਸ ਵਾਰ ਮੰਤਰੀ ਮੰਡਲ ਵਿਚ ਥਾਂ ਨਹੀਂ ਦਿੱਤੀ ਗਈ। ਇਹ ਹਨ ਕੈਪਟਨ ਦੀ ਕੈਬਨਿਟ ਵਿੱਚ ਸ਼ਾਮਲ ਰਹੇ, ਬਲਵੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ।

ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਇਨ੍ਹਾਂ ਦੋਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਇੱਕ ਤਰੀਕੇ ਨਾਲ ਜਿੱਥੇ ਮੰਤਰੀ ਮੰਡਲ ਦੀ ਚੋਣ ‘ਤੇ ਸਵਾਲ ਖੜੇ ਕੀਤੇ, ਉੱਥੇ ਹੀ ਕਾਂਗਰਸ ਹਾਈਕਮਾਂਡ ਨਾਲ ਵੀ ਨਰਾਜ਼ਗੀ ਜ਼ਾਹਰ ਕੀਤੀ ‌‌।

ਬਲਬੀਰ ਸਿੱਧੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ‘ਪਾਰਟੀ ਨੇ ਸਾਨੂੰ ਜਲੀਲ ਕਰਕੇ ਕੱਢਿਆ ਹੈ।’ ਸਿੱਧੂ ਨੇ ਕਿਹਾ ਕਿ ਹਾਈਕਮਾਨ ਦਾ ਹਰ ਫ਼ੈਸਲਾ ਉਨ੍ਹਾਂ ਨੂੰ ਮਨਜ਼ੂਰ ਹੈ ਪਰ ਉਹ ਹਾਈਕਮਾਨ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੱਢਣ ਤੋਂ ਪਹਿਲਾਂ ਉਨ੍ਹਾਂ ਦਾ ਕਸੂਰ ਜ਼ਰੂਰ ਦੱਸਿਆ ਜਾਵੇ। ਇਸ ਦੌਰਾਨ ਸਿੱਧੂ ਨੇ ਆਪਣੀਆਂ ਉਲਬਧੀਆਂ ਗਿਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਮੋਹਾਲੀ ਦਾ ਮੈਡੀਕਲ ਕਾਲਜ ਮਨਜ਼ੂਰ ਹੋ ਗਿਆ ਹੈ ਜਿਸ ਦੀ ਅਪਰੂਵਲ ਵੀ ਆ ਗਈ ਹੈ। ਇਹ ਉਨ੍ਹਾਂ ਦੀ ਸਭ ਤੋਂ ਵੱਡੀ ਉਪਲਬਧੀ ਹੈ।

ਸਿੱਧੂ ਨੇ ਕਿਹਾ ਕਿ ‘ਹਾਈਕਮਾਨ ਮਾਂ ਵਰਗੀ ਹੈ ਪਰ ਸਾਨੂੰ ਸਾਡਾ ਕਸੂਰ ਜ਼ਰੂਰ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਮੇਰੀ ਤੀਜੀ ਪੀੜ੍ਹੀ ਹੈ ਉਨ੍ਹਾਂ ਆਪਣੀ ਜ਼ਿੰਦਗੀ ਦੇ 30 ਸਾਲ ਕਾਂਗਰਸ ਦੇ ਲੇਖੇ ਲਗਾ ਦਿੱਤੇ ਪਰ ਹੁਣ ਸਾਨੂੰ ਇਸ ਤਰ੍ਹਾਂ ਜਲੀਲ ਕੀਤਾ ਗਿਆ।’ ਸਿੱਧੂ ਨੇ ਕਿਹਾ ਕਿ ਹਾਈਕਮਾਨ ਨੇ ਜੋ ਫ਼ੈਸਲੇ ਲਏ ਹਨ, ਅਸੀਂ ਉਨ੍ਹਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ।

ਉਧਰ ਇਸ ਵਾਰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤੇ ਗਏ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਲਈ ਦਿਨ ਰਾਤ ਕੰਮ ਕੀਤਾ ਅਤੇ ਆਪਣਾ ਕਾਰਜਕਾਲ ’ਚ ਹਰ ਉਹ ਸੰਭਵ ਕਦਮ ਚੁੱਕਿਆ ਜਿਹੜਾ ਜਨਤਾ ਲਈ ਸਹੀ ਸੀ ਪਰ ਇਸ ਦੇ ਬਾਵਜੂਦ ਸਾਡੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ।

ਇਨ੍ਹਾਂ ਦੋਹਾਂ ਦੇ ਹਾਵ-ਭਾਵ ਦੇਖਕੇ ਇਹ ਸਾਫ਼ ਹੈ ਆਉਂਦੇ ਦਿਨਾਂ ਵਿਚ ਪੰਜਾਬ ਕਾਂਗਰਸ ਵਿੱਚ ਵੱਡਾ ਧਮਾਕਾ ਹੋਣ ਵਾਲਾ ਹੈ, ਕਿਉਂਕਿ ਜਿਸ ਤਰੀਕੇ ਨਾਲ ਇਨ੍ਹਾਂ ਦੋਹਾਂ ਵਿਧਾਇਕਾਂ ਨੇ ਆਪਣਾ ਰੋਸ ਜ਼ਾਹਰ ਕੀਤਾ ਹੈ, ਹੋ ਸਕਦਾ ਹੈ ਉਹ ਵਿਧਾਇਕ ਵੀ ਇਨ੍ਹਾਂ ਦੇ ਨਾਲ ਆ ਕੇ ਖੜ੍ਹੇ ਹੋ ਜਾਣ ਜਿਹੜੇ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਦੀ ਆਸ ਲਗਾਈ ਬੈਠੇ ਸਨ।

Share This Article
Leave a Comment