ਚੰਡੀਗੜ੍ਹ/ ਹਾਂਸੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਰਿਆਣਾ ਦੇ ਹਾਂਸੀ ਵਿਖੇ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਹਿਸਾਰ-ਦਿੱਲੀ ਹਾਈਵੇਅ ‘ਤੇ ਰਾਮਾਇਣ ਟੋਲ ਪਲਾਜ਼ਾ ‘ਤੇ ਕਾਲੇ ਝੰਡੇ ਦਿਖਾ ਕੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕੀਤਾ। ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਜ਼ਾਹਿਰ ਕੀਤਾ।
ਕਿਸਾਨਾਂ ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਨੇ ਹੀ ਪੰਜਾਬ ਦੇ ਮੋਗਾ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਕਰਵਾਇਆ ਸੀ। ਇਸੇ ਦੇ ਵਿਰੋਧ ਵਿੱਚ ਸੁਖਬੀਰ ਬਾਦਲ ਨੂੰ ਕਾਲੇ ਝੰਡੇ ਦਿਖਾਏ ਗਏ ਹਨ।
(ਹਾਂਸੀ ਟੋਲ ਪਲਾਜ਼ਾ ‘ਤੇ ਕਿਸਾਨਾਂ ਨੇ ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਵਿਖਾਏ ਕਾਲੇ ਝੰਡੇ)
ਉਧਰ ਸੁਖਬੀਰ ਬਾਦਲ ਨੇ ਭਲਕੇ ਦਿੱਲੀ ਵਿਖੇ ਕੀਤੇ ਜਾਣ ਵਾਲੇ ਰੋਸ ਮਾਰਚ ਸਬੰਧੀ ਬਿਆਨ ਦਿੱਤਾ ਹੈ। ਸੁਖਬੀਰ ਦਾ ਕਹਿਣਾ ਹੈ ਕਿ 17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ ਹੈ । ਉਨ੍ਹਾਂ ਕਿਹਾ ਕਿ ਇਹ ਰੋਸ ਮਾਰਚ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਦਾ ਅਹਿਮ ਪੜਾਅ ਸਾਬਤ ਹੋਵੇਗਾ।
17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ ਹੈ, ਅਤੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਕਾਲ਼ੇ ਕਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਦਾ ਅਹਿਮ ਪੜਾਅ ਸਾਬਤ ਹੋਵੇਗਾ। ਆਓ, ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਇਸ ਰੋਸ ਮਾਰਚ ਰਾਹੀਂ ਕੇਂਦਰ ਨੂੰ ਜ਼ਿੱਦ ਤਿਆਗਣ ਲਈ ਮਜਬੂਰ ਕਰੀਏ। ਜੈ ਕਿਸਾਨ! pic.twitter.com/iiRME67f41
— Sukhbir Singh Badal (@officeofssbadal) September 16, 2021
ਜ਼ਿਕਰਯੋਗ ਹੈ ਕਿ ਅਕਾਲੀ ਦਲ ਵਲੋਂ ਦਿੱਲੀ ਵਿਖੇ ਰੋਸ ਮਾਰਚ ਵਿਚ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ, ਇਸ ਲਈ ਅਕਾਲੀ ਦਲ ਦੇ ਕੁਝ ਜੱਥੇ ਪੰਜਾਬ ਤੋਂ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ ।
ਦੱਸਣਾ ਬਣਦਾ ਹੈ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਭਲਕੇ (17 ਸਤੰਬਰ) ਦਿੱਲੀ ਵਿਖੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਗੁ. ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਤੱਕ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ, ਹਲਾਂਕਿ ਹੁਣ ਤੱਕ ਦਿੱਲੀ ਪੁਲਿਸ ਨੇ ਇਸ ਲਈ ਇਜਾਜ਼ਤ ਨਹੀਂ ਦਿੱਤੀ ਹੈ।