ਕਿਸਾਨਾਂ ਲਈ ਜਾਣਕਾਰੀ – ਕਣਕ ਦੀ ਫਸਲ ਦਾ ਜ਼ਿਆਦਾ ਝਾੜ ਲੈਣ ਲਈ ਬੀਜ ਸੋਧ ਦੀ ਮਹੱਤਤਾ

TeamGlobalPunjab
7 Min Read

-ਰਜਿੰਦਰ ਸਿੰਘ ਬੱਲ ਅਤੇ ਸਰਬਜੀਤ ਸਿੰਘ ਔਲਖ;

ਬਹੁਤ ਸਾਰੀਆਂ ਬਿਮਾਰੀਆਂ ਅਤੇ ਕੀੜੇ ਕਣਕ ਦੇ ਝਾੜ ਤੇ ਮਾੜਾ ਅਸਰ ਪਾੳਂਦੇ ਹਨ।ਇਨ੍ਹਾਂ ਵਿੱਚੋਂ ਕਈ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਬਿਜਾਈ ਵੇਲੇ ਬੀਜ ਸੋਧ ਨਾਲ ਹੀ ਕੀਤੀ ਜਾ ਸਕਦੀ ਹੈ।ਬੀਜਣ ਤੋਂ ਪਹਿਲਾਂ ਹੀ ਬੀਜ ਨੂੰ ਉੱਲੀਨਾਸ਼ਕ ਜਾਂ ਕੀਟਨਾਸ਼ਕ ਜ਼ਹਿਰ ਲਗਾਉਣ ਨੂੰ ਬੀਜ ਸੋਧ ਕਿਹਾ ਜਾਂਦਾ ਹੈ।ਪਰ ਸਾਡੇ ਕਿਸਾਨ ਇਸ ਗਲ ਤੋਂ ਬੇਖਬਰ ਹਨ ਕਿ ਬਹੁਤ ਸਾਰੀਆਂ ਬਿਮਾਰੀਆਂ ਰੋਗੀ ਬੀਜ ਜਾਂ ਮਿੱਟੀ ਵਿੱਚ ਪਲ਼ ਰਹੇ ਜੀਵਾਣੂੰਆਂ ਤੋਂ ਪੈਦਾ ਹੁੰਦੀਆਂ ਹਨ।ਅਜਿਹੀਆਂ ਬਿਮਾਰੀਆਂ ਨੂੰ ਬਾਅਦ ਵਿੱਚ ਜ਼ਹਿਰਾਂ ਦੇ ਛਿੜਕਾਅ ਕਰਕੇ ਕਾਬੂ ਕਰਨਾ ਬਹੁਤ ਔਖਾ ਹੀ ਨਹੀ ਬਲਕਿ ਅਸੰਭਵ ਜਿਹਾ ਹੋ ਜਾਂਦਾ ਹੈ।ਇਸ ਲਈ ਇਹਨਾਂ ਬਿਮਾਰੀਆਂ ਨੂੰ ਕਾਬੂ ਕਰਨ ਲਈ ਬੀਜ ਦੀ ਸੋਧ ਕਰਨੀ ਬਹੁਤ ਹੀ ਜਰੂਰੀ ਹੈ।ਇਸ ਦੇ ਨਾਲ ਹੀ ਸਿਉਂਕ ਨੂੰ ਵੀ ਬੀਜ ਸੋਧ ਨਾਲ ਰੋਕਿਆ ਜਾ ਸਕਦਾ ਹੈ।ਸੋਧਿਆ ਹੋਇਆ ਬੀਜ ਬੀਜਣ ਨਾਲ ਫਸਲ ਦਾ ਜੰਮ ਵੀ ਚੰਗਾ ਅਤੇ ਇਕਸਾਰ ਹੁੰਦਾ ਹੈ।ਬੀਜ ਸੋਧ ਦਾ ਇੱਕ ਹੋਰ ਬਹੁਤ ਵੱਡਾ ਫਾਇਦਾ ਇਹ ਵੀ ਹੈ ਕਿ ਇਸ ਨਾਲ ਕਿਸੇ ਬਿਮਾਰੀ ਜਾਂ ਕੀੜੇ ਨੂੰ ਰੋਕਣ ਲਈ ਜ਼ਹਿਰ ਦੀ ਮਾਤਰਾ ਬਹੁਤ ਘੱਟ ਲਗਦੀ ਹੈ ਜਿਸ ਨਾਲ ਕਾਫੀ ਖਰਚਾ ਵੀ ਘੱਟ ਜਾਂਦਾ ਹੈ।ਇਸ ਦੇ ਨਾਲ ਹੀ ਜੇਕਰ ਬੀਜ ਨੂੰ ਜੀਵਾਣੂੰ ਖਾਦ ਦੇ ਟੀਕੇ ਨਾਲ ਵੀ ਸੋਧ ਲਈਏ ਤਾਂ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਫਸਲ ਦਾ ਝਾੜ ਵੀ ਵਧ ਨਿਕਲਦਾ ਹੈ।ਕਣਕ ਦੀ ਫਸਲ ਵਿੱਚ ਬੀਜ ਰਾਹੀਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਸਿਉਂਕ ਦੀ ਰੋਕਥਾਮ ਕਰਨ ਲਈ ਹੇਠ ਲਿਖੇ ਤਰੀਕੇ ਅਪਣਾਉਣੇ ਚਾਹੀਦੇ ਹਨ।

ਸਿੱਟੇ ਦੀ ਕਾਂਗਿਆਰੀ : ਇਸ ਬਿਮਾਰੀ ਦੇ ਕਣ ਰੋਗੀ ਬੀਜ ਵਿੱਚ ਹੀ ਪਲਦੇ ਰਹਿੰਦੇ ਹਨ ਪਰ ਬੀਜ ਬਾਹਰੋਂ ਵੇਖਣ ਨੂੰ ਤੰਦਰੁਸਤ ਲੱਗਦਾ ਹੈ।ਅਜਿਹੇ ਬੀਜ ਤੋਂ ਪੈਦਾ ਹੋਏ ਬੂਟਿਆਂ ਨੂੰ ਆਮ ਨਾਲੋਂ ਪਹਿਲਾਂ ਹੀ ਸਿੱਟੇ ਨਿਕਲ ਆਉਂਦੇ ਹਨ।ਐਸੇ ਸਿੱਟਿਆਂ ਵਿੱਚ ਦਾਣਿਆਂ ਦੀ ਥਾਂ ਤੇ ਕਾਲਾ ਧੂੜਾ ਬਣ ਜਾਂਦਾ ਹੈ ਜੋ ਕਿ ਪਹਿਲਾਂ ਇੱਕ ਪਤਲੀ ਝਿੱਲੀ ਨਾਲ ਢੱਕਿਆ ਹੁੰਦਾ ਹੈ। ਬਾਅਦ ਵਿੱਚ ਇਹ ਝਿੱਲੀ ਟੁੱਟ ਜਾਂਦੀ ਹੈ ਅਤੇ ਬਿਮਾਰੀ ਦੇ ਕਣ ਹਵਾ ਨਾਲ ਦੂਜਿਆਂ ਬੂਟਿਆਂ ਤੇ ਫੈਲ ਜਾਂਦੇ ਹਨ।

ਪੱਤੇ ਦੀ ਕਾਂਗਿਆਰੀ : ਪੱਤਿਆਂ ਉਪਰ ਸਲੇਟੀ ਰੰਗ ਜਾਂ ਕਾਲੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ।ਫਿਰ ਇਹ ਧਾਰੀਆਂ ਫਟ ਜਾਂਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਕਾਲੇ ਰੰਗ ਦੇ ਕਣ ਨਿਕਲਦੇ ਹਨ।ਪੱਤੇ ਵੀ ਨਾੜਾਂ ਤੋਂ ਪਾਟ ਜਾਂਦੇ ਹਨ।ਬਿਮਾਰ ਬੂਟਿਆਂ ਦਾ ਅਕਾਰ ਛੋਟਾ ਰਹਿ ਜਾਂਦਾ ਹੈ।

- Advertisement -

ਦਾਣੇ ਦੀ ਕਾਲੀ ਨੋਕ : ਇਸ ਬਿਮਾਰੀ ਨਾਲ ਸਿੱਟਿਆਂ ਵਿੱਚ ਦਾਣੇ ਮਾੜੇ ਬਣਦੇ ਹਨ ਅਤੇ ਝੁਰੜ-ਮੁਰੜ ਹੋ ਜਾਂਦੇ ਹਨ।ਦਾਣਿਆਂ ਦੇ ਸਿਰੇ ਕਾਲੇ ਰੰਗ ਦੇ ਹੁੰਦੇ ਹਨ।
ਸਿੱਟੇ ਦਾ ਝੁਲਸ ਰੋਗ : ਇਸ ਦੇ ਹਮਲੇ ਕਰਕੇ ਸਾਰਾ ਸਿੱਟਾ ਜਾਂ ਸਿੱਟੇ ਦੇ ਕੁਝ ਹਿੱਸੇ ਦਾ ਰੰਗ ਫਿੱਕਾ ਪੈ ਜਾਂਦਾ ਹੈ ਜਾਂ ਭੂਰਾ ਹੋ ਜਾਂਦਾ ਹੈ।ਜੇਕਰ ਹਵਾ ਵਿੱਚ ਜਿਆਦਾ ਨਮੀਂ ਹੋਵੇ ਤਾਂ ਹਮਲੇ ਵਾਲੇ ਹਿੱਸੇ ਉੱਤੇ ਗੁਲਾਬੀ ਰੰਗ ਦੀ ਉੱਲੀ ਬਣ ਜਾਂਦੀ ਹੈ।ਹਮਲੇ ਵਾਲੇ ਸਿੱਟਿਆਂ ਵਿੱਚ ਦਾਣੇ ਨਹੀ ਬਣਦੇ ਅਤੇ ਜੇਕਰ ਬਣਦੇ ਵੀ ਹਨ ਤਾਂ ਛੋਟੇ ਤੇ ਝੁਰੜੇ ਹੁੰਦੇ ਹਨ।

ਸਿਉਂਕ : ਸਿਉਂਕ ਕਣਕ ਦੀ ਫਸਲ ਦੇ ਉੱਗਣ ਤੋਂ ਛੇਤੀ ਹੀ ਬਾਅਦ ਹਮਲਾ ਕਰ ਦਿੰਦੀ ਹੈ।ਖਾਸ ਕਰਕੇ ਹਲਕੀਆਂ ਜਮੀਨਾਂ ਵਿੱਚ ਇਹ ਕਣਕ ਦਾ ਬਹੁਤ ਨੁਕਸਾਨ ਕਰਦੀ ਹੈ।ਕਈ ਵਾਰੀ ਫਸਲ ਦੇ ਪੱਕਣ ਵੇਲੇ ਵੀ ਸਿਉਂਕ ਦਾ ਹਮਲਾ ਹੋ ਜਾਂਦਾ ਹੈ।ਹਮਲੇ ਵਾਲੇ ਬੂਟੇ ਸੁੱਕ ਜਾਂਦੇ ਹਨ ਅਤੇ ਸੌਖੇ ਹੀ ਪੁੱਟੇ ਜਾ ਸਕਦੇ ਹਨ।

ਕਣਕ ਦੀ ਫਸਲ ਨੂੰ ਇਹਨਾਂ ਬਿਮਾਰੀਆਂ ਅਤੇ ਸਿਉਂਕ ਤੋਂ ਬਚਾਉਣ ਲਈ ਅਤੇ ਵੱਧ ਝਾੜ ਲੈਣ ਲਈ ਬੀਜ ਨੂੰ ਹੇਠ ਲਿਖੇ ਅਨੁਸਾਰ ਸੋਧਣਾ ਚਾਹੀਦਾ ਹੈ।
• ਪਹਿਲਾਂ ਬੀਜ ਨੂੰ 40 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 80 ਮਿਲੀਲਿਟਰ ਨਿਉਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਜਾਂ 160 ਮਿਲੀਲਿਟਰ ਡਰਸਬਾਨ/ ਰੂਬਾਨ/ ਡਰਮਟ 20 ਈ.ਸੀ. (ਕਲੋਰਪਾਈਰੀਫਾਸ) ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ।ਸੋਧ ਕਰਨ ਲਈ ਬੀਜ ਨੂੰ ਪੱਕੇ ਫਰਸ਼ ਜਾਂ ਤਰਪਾਲ ਤੇ ਇੱਕ ਪਤਲੀ ਤਹਿ ਦੇ ਰੂਪ ਵਿੱਚ ਵਿਸ਼ਾ ਲਵੋ।ਜ਼ਹਿਰ ਦੀ ਦੱਸੀ ਮਾਤਰਾ ਨੂੰ 1 ਲੀਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾ ਕਰੋ ਅਤੇ ਬੀਜ ਨੂੰ ਚੰਗੀ ਤਰ੍ਹਾਂ ਛਾਂ ਵਿੱਚ ਸੁਕਾ ਲਵੋ।ਇਸ ਤਰ੍ਹਾਂ ਸੋਧੇ ਹੋਏ ਬੀਜ ਦਾ ਪੰਛੀ ਵੀ ਘੱਟ ਨੁਕਸਾਨ ਕਰਦੇ ਹਨ।ਨਿਉਨਿਕਸ ਨਾਲ ਸੋਧੇ ਹੋਏ ਬੀਜ ਨੂੰ ਕਾਂਗਿਆਰੀ ਵੀ ਨਹੀਂ ਲੱਗਦੀ।
• ਉਸ ਤੋਂ ਬਾਅਦ ਬੀਜ ਨੂੰ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਿਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।ਇਸ ਕੰਮ ਲਈ ਬੀਜ ਸੋਧਕ ਡਰੰਮ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਾਰੇ ਬੀਜ ਨੂੰ ਜ਼ਹਿਰ ਚੰਗੀ ਤਰਾਂ੍ਹ ਲੱਗ ਜਾਵੇ।ਜੇਕਰ ਰੈਕਸਲ ਈਜ਼ੀ ਜਾਂ ਓਰੀਅਸ 6 ਐਫ ਐਸ ਦੀ ਵਰਤੋਂ ਕਰਨੀ ਹੋਵੇ ਤਾਂ 13 ਮਿਲੀਲਿਟਰ ਜ਼ਹਿਰ ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਤੇ ਇਕਸਾਰ ਛਿੜਕਾਅ ਕਰੋ ਅਤੇ ਫਿਰ ਬੀਜ ਨੂੰ ਛਾਂ ਵਿੱਚ ਸੁਕਾ ਲਵੋ।
• ਅਖੀਰ ਵਿੱਚ ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ ਲਾਓ।500 ਗ੍ਰਾਮ ਕਨਸ਼ੋਰਸ਼ੀਅਮ ਜਾਂ 250 ਗ੍ਰਾਮ ਅਜ਼ੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ਼ ਜੀਵਾਣੂੰ ਖਾਦ (ਐਜ਼ੋ-ਐਸ) ਨੂੰ ਇੱਕ ਲੀਟਰ ਪਾਣੀ ਵਿੱਚ ਮਿਲਾ ਲਓ ਅਤੇ ਫਿਰ 40 ਕਿਲੋ ਕਣਕ ਦੇ ਬੀਜ ਨਾਲ ਚੰਗੀ ਤਰਾਂ੍ਹ ਰਲਾ ਦਿਓ।ਇਸ ਤੋਂ ਬਾਅਦ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਵੋ।ਬੀਜ ਨੂੰ ਜੀਵਾਣੂੰ ਟੀਕਾ ਲਾਉਣ ਨਾਲ ਝਾੜ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ 5 ਪ੍ਰਤੀਸ਼ਤ ਵਾਧਾ ਹੁੰਦਾ ਹੈ।

ਕੁਝ ਧਿਆਨ ਦੇਣ ਯੋਗ ਗੱਲਾਂ:

• ਬਿਜਾਈ ਲਈ ਹਮੇਸ਼ਾਂ ਕਣਕ ਦਾ ਰੋਗ ਰਹਿਤ ਬੀਜ ਹੀ ਵਰਤਣਾ ਚਾਹੀਦਾ ਹੈ।
• ਬੀਜ ਸੋਧ ਕਰਨ ਦੌਰਾਨ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਰੇ ਬੀਜ ਨੂੰ ਜ਼ਹਿਰ ਇਕਸਾਰ ਲਗੇ ਤਾਂ ਜੋ ਬੀਜ ਦੇ ਜੰਮ ਤੇ ਕੋਈ ਅਸਰ ਨਾ ਪਵੇ।
• ਕਣਕ ਦੇ ਬੀਜ ਨੂੰ ਤਰਤੀਬਵਾਰ ਕੀਟਨਾਸ਼ਕ, ਉੱਲੀਨਾਸ਼ਕ ਅਤੇ ਫਿਰ ਜੀਵਾਣੂੰ ਖਾਦ ਨਾਲ ਸੋਧ ਕਰਨਾ ਚਾਹੀਦਾ ਹੈ।
• ਬੀਜ ਦੀ ਸੋਧ ਬਿਜਾਈ ਕਰਨ ਤੋਂ ਬਹੁਤ ਪਹਿਲਾਂ ਨਹੀ ਕਰਨੀ ਚਾਹੀਦੀ ਕਿਉਂਕਿ ਅਜਿਹਾ ਕਰਨ ਨਾਲ ਬੀਜ ਦੀ ਉੱਗਣ ਸ਼ਕਤੀ ਤੇ ਬਹੁਤ ਮਾੜਾ ਅਸਰ ਪੈਂਦਾ ਹੈ।

- Advertisement -
Share this Article
Leave a comment