ਆਕਲੈਂਡ : ਨਿਊਜ਼ੀਲੈਂਡ ‘ਚ ਇੱਕ ਭਾਰਤੀ ਮੂਲ ਦੀ ਔਰਤ ਨੂੰ ਅਦਾਲਤ ਨੇ ਕੰਪਨੀ ਨਾਲ ਲਗਭਗ ਦੋ ਲੱਖ ਡਾਲਰ ਦੀ ਠੱਗੀ ਮਾਰਨ ਦੇ ਦੋਸ਼ਾਂ ‘ਚ ਕੈਦ ਦੀ ਸਜ਼ਾ ਸੁਣਾਈ ਹੈ। ਨਿਊਜ਼ੀਲੈਂਡ ਦੇ ਸੂਬੇ ਆਕਲੈਂਡ ਦੀ ਅਦਾਲਤ ਵਿੱਚ ਭਾਰਤੀ ਮੂਲ ਦੀ ਅਕਾਊਂਟੈਂਟ ਰੂਪਾ ਪਟੇਲ ਨੂੰ 4 ਸਾਲ 8 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਰੂਪਾ ਪਟੇਲ ਵਲੋਂ ਪੰਜ ਸਾਲ ਦੇ ਲੰਬੇ ਸਮੇਂ ਦੌਰਾਨ ਮਸ਼ਹੂਰ ਬੂਟੀਕ ‘ਬੇਟੀ ਮਨਰੋਏ’ ਤੋਂ ਲਗਭਗ 2 ਲੱਖ ਡਾਲਰ ਚੋਰੀ ਕੀਤੇ ਗਏ ਸਨ ਜਿਸ ਕਾਰਨ ਉਸਨੂੰ ਸਜ਼ਾ ਸੁਣਾਈ ਗਈ। ਰੂਪਾ ਪਟੇਲ ਵਲੋਂ ਮੰਨਿਆ ਗਿਆ ਕਿ ਸਾਲ 2014 ਤੋਂ 2019 ਦੇ ਵਿਚਾਲੇ ਬੂਟਿਕ ‘ਤੇ ਨੌਕਰੀ ਦੌਰਾਨ ਉਸ ਨੇ ਇਸ ਠੱਗੀ ਨੂੰ ਹੌਲੀ-ਹੌਲੀ ਅੰਜਾਮ ਦਿੱਤਾ।
ਕੰਪਨੀ ਦੀ ਮਾਲਕ ਹੈਲਨ ਫਰੇਜ਼ਰ ਅਨੁਸਾਰ ਇਸ ਚੋਰੀ ਦਾ ਅਸਰ ਉਨ੍ਹਾਂ ਦੇ ਕਾਰੋਬਾਰ ਅਤੇ ਗ੍ਰਾਹਕਾਂ ‘ਤੇ ਵੀ ਪਿਆ। ਦੱਸ ਦਈਏ ਕਿ ਪਟੇਲ ਦੇ ਕਾਰੇ ਦਾ ਕੰਪਨੀ ਮਾਲਕ ਨੂੰ ਉਸ ਵੇਲੇ ਪਤਾ ਲੱਗਿਆ, ਜਦੋਂ ਆਈ.ਆਰ.ਡੀ. ਨੇ ਕੰਪਨੀ ਵਲੋਂ ਟੈਕਸਾਂ ਦੇ ਰੂਪ ਵਿੱਚ 1 ਲੱਖ 80 ਹਜ਼ਾਰ ਡਾਲਰ ਦੀ ਅਦਾਇਗੀ ਕੱਢ ਦਿੱਤੀ। ਜੱਜ ਐਮਾ ਐਟਕਨ ਵਲੋਂ ਸਜ਼ਾ ਦੌਰਾਨ ਪਟੇਲ ਦੇ ਇਸ ਕਾਰੇ ਨੂੰ ਵਿਸ਼ਵਾਸ਼ ਦੇ ਪੱਧਰ ‘ਤੇ ਬਹੁਤ ਹੀ ਘ੍ਰਿਣਾਯੋਗ ਕੰਮ ਦੱਸਿਆ।