ਟੋਕਿਓ : ਚੱਕ ਦੇ ਇੰਡੀਆ !
ਭਾਰਤੀ ਹਾਕੀ ਟੀਮ ਨੇ ਅੱਜ ਦੇਸ਼ ਵਾਸੀਆਂ ਨੂੰ 41 ਸਾਲਾਂ ਬਾਅਦ ਵੱਡੀ ਖੁਸ਼ੀ ਦਿੱਤੀ। ਭਾਰਤੀ ਹਾਕੀ ਟੀਮ ਨੇ ਬ੍ਰਾਂਜ ਮੈਡਲ ਦੇ ਮੈਚ ਲਈ ਖੇਡੇ ਗਏ ਮੁਕਾਬਲੇ ਵਿੱਚ ਜਰਮਨੀ ਨੂੰ 5-4 ਨਾਲ ਹਰਾ ਕੇ ਇਤਿਹਾਸ ਸਿਰਜ ਦਿੱਤਾ ਹੈ।
ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਦੇਸ਼ ਵਾਸੀਆਂ ਨੂੰ ਉਹ ਖੁਸ਼ੀ ਦਿੱਤੀ ਜਿਸਦਾ ਇੰਤਜ਼ਾਰ ਭਾਰਤੀ ਖੇਡ ਪ੍ਰੇਮੀ ਕਰੀਬ ਚਾਰ ਦਹਾਕਿਆਂ ਤੋਂ ਕਰ ਰਹੇ ਸਨ । ਓਲੰਪਿਕ ਖੇਡਾਂ ਵਿੱਚ 41 ਸਾਲਾਂ ਦੇ ਸੋਕੇ ਨੂੰ ਖਤਮ ਕਰਦਿਆਂ, ਭਾਰਤੀ ਹਾਕੀ ਟੀਮ ਨੇ ਆਪਣੇ ਜੁਝਾਰੂਪਣ ਦੀ ਤਸਵੀਰ ਪੇਸ਼ ਕੀਤੀ। ਇੱਕ ਸਮੇਂ ਭਾਰਤੀ ਟੀਮ 2-0 ਨਾਲ ਪਿੱਛੜ ਰਹੀ ਸੀ, ਪਰ ਭਾਰਤੀ ਲੜਾਕਿਆਂ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਦਨਾਦਨ ਗੋਲ ਕਰਦੇ ਹੋਏ ਜਰਮਨੀ ਦੀ ਟੀਮ ਤੇ ਦਬਾਅ ਬਣਾਈ ਰੱਖਿਆ।
ਭਾਰਤ ਦੀ ਹਾਕੀ ਟੀਮ ਨੂੰ ਓਲੰਪਿਕ ਵਿੱਚ ਆਖਰੀ ਤਗਮਾ 1980 ਵਿੱਚ ਮਾਸਕੋ ਓਲੰਪਿਕ ਵਿੱਚ ਮਿਲਿਆ ਸੀ, ਜਦੋਂ ਟੀਮ ਨੇ ਵਾਸੁਦੇਵਨ ਭਾਸਕਰਨ ਦੀ ਕਪਤਾਨੀ ਵਿੱਚ ਸੋਨ ਤਮਗਾ ਜਿੱਤਿਆ ਸੀ।
ਦੂਜੇ ਕੁਆਰਟਰ ‘ਚ ਭਾਰਤੀ ਟੀਮ 3-1 ਨਾਲ ਪਿੱਛੇ ਸੀ, ਪਰ ਭਾਰਤ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਲਗਾਤਾਰ ਚਾਰ ਗੋਲ ਕੀਤੇ।
ਭਾਰਤ ਲਈ ਸਿਮਰਨਜੀਤ ਸਿੰਘ ਨੇ ਦੋ ਗੋਲ (17 ਵੇਂ ਅਤੇ 34 ਵੇਂ), ਹਾਰਦਿਕ ਸਿੰਘ (27 ਵੇਂ), ਹਰਮਨਪ੍ਰੀਤ ਸਿੰਘ (29 ਵੇਂ) ਅਤੇ ਰੁਪਿੰਦਰ ਪਾਲ ਸਿੰਘ (31 ਵੇਂ) ਨੇ ਗੋਲ ਕੀਤੇ।
ਹਾਲਾਂਕਿ, ਚੌਥੇ ਕੁਆਰਟਰ ਵਿੱਚ ਜਰਮਨੀ ਨੇ ਇੱਕ ਹੋਰ ਗੋਲ ਕੀਤਾ ਅਤੇ ਸਕੋਰ 5-4 ਕਰ ਦਿੱਤਾ।
ਭਾਰਤ ਦੇ ਗੋਲ ਕਰਨ ਵਾਲੇ ਖਿਡਾਰੀ:-
ਸਿਮਰਨਜੀਤ ਸਿੰਘ: 17 ਵੇਂ ਅਤੇ 34 ਵੇਂ ਮਿੰਟ ਵਿੱਚ
ਹਾਰਦਿਕ ਸਿੰਘ: 27 ਵੇਂ ਮਿੰਟ ਵਿੱਚ
ਹਰਮਨਪ੍ਰੀਤ ਸਿੰਘ: 29 ਵੇਂ ਮਿੰਟ ਵਿੱਚ
ਰਵਿੰਦਰਪਾਲ ਸਿੰਘ: 31 ਵੇਂ ਮਿੰਟ ਵਿੱਚ
ਜਰਮਨੀ ਦੇ ਗੋਲ ਕਰਨ ਵਾਲੇ ਖਿਡਾਰੀ
ਰੂਜ਼: ਦੂਜੇ ਮਿੰਟ ਵਿੱਚ
ਵੇਲਨ: 24 ਵੇਂ ਮਿੰਟ ਵਿੱਚ
ਫਰਕ: 25 ਵੇਂ ਮਿੰਟ ਵਿੱਚ
ਵਿੰਡਫੀਡਰ: 48 ਵੇਂ ਮਿੰਟ ਵਿੱਚ