ਕਿਸਾਨਾਂ ਅਤੇ ਕਿਰਤੀਆਂ ਦੇ ਹੱਕਾਂ ਲਈ ਲੜਨ ਵਾਲਾ ਯੋਧਾ – ਕਾਮਰੇਡ ਸੋਹਣ ਸਿੰਘ ਜੋਸ਼

TeamGlobalPunjab
4 Min Read

-ਅਵਤਾਰ ਸਿੰਘ;

ਕਾਮਰੇਡ ਸੋਹਣ ਸਿੰਘ ਜੋਸ਼ ਦਾ ਜਨਮ ਚੇਤਨਪੁਰਾ (ਅੰਮਿ੍ਤਸਰ) ਵਿਖੇ 12 ਨਵੰਬਰ 1898 ਨੂੰ ਲਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੀ ਕੁੱਖੋਂ ਹੋਇਆ। ਲਾਲ ਸਿੰਘ ਦੇ ਤਿੰਨ ਲੜਕੇ ਸਨ ਜਿਨ੍ਹਾਂ ਵਿਚੋਂ ਸੋਹਣ ਸਿੰਘ ਵੱਡੇ ਸਨ। 1912 ਵਿੱਚ ਪ੍ਰਾਇਮਰੀ ਕਰਨ ਉਪਰੰਤ ਅਠਵੀਂ ਮਜੀਠਾ ਸਕੂਲ ਤੋਂ ਕੀਤੀ ਤੇ ਡੀ ਏ ਵੀ ਸਕੂਲ ਅੰਮ੍ਰਿਤਸਰ ਤੋਂ ਦਸਵੀਂ ਪਾਸ ਕੀਤੀ। ਖਾਲਸਾ ਕਾਲਜ ਅੰਮਿ੍ਤਸਰ ਵਿੱਚ ਦਾਖਲ ਹੋਏ ਉਥੇ ਕਾਮਰੇਡ ਅਛਰ ਸਿੰਘ, ਅਨੂਪ ਸਿੰਘ ਪ੍ਰਤਾਪ ਸਿੰਘ ਕੈਰੋਂ ਤੇ ਮੋਹਨ ਸਿੰਘ ਨਾਗੋ ਕੇ ਦਾ ਵੀ ਸਾਥ ਮਿਲਿਆ। ਉਥੋਂ ਬੀ ਏ ਕੀਤੀ।

ਹੁਬਲੀ, ਬੰਬਈ ਵਿੱਚ ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰਦੇ ਰਹੇ ਤੇ 1918 ਵਿੱਚ ਪਿਤਾ ਦੀ ਮੌਤ ਹੋਣ ਕਾਰਨ ਪਿੰਡ ਵਾਪਸ ਆ ਗਏ ਤੇ ਮਜੀਠੇ ਵਿੱਚ ਅਧਿਆਪਕ ਲੱਗੇ। 1921 ਨੂੰ ਅਕਾਲੀ ਲਹਿਰ ਵਿੱਚ ਭਾਗ ਲਿਆ। ਐਸ ਜੀ ਪੀ ਸੀ ਦੇ ਮੈਂਬਰ ਬਣਨ ‘ਤੇ ਉਨ੍ਹਾਂ ਨੂੰ ਸ਼ਾਜ਼ਿਸ ਅਧੀਨ ਹਿਰਾਸਤ ਵਿੱਚ ਲਿਆ ਗਿਆ। ਰਿਹਾਈ ਤੋਂ ਬਾਅਦ ਸੰਤੋਖ ਸਿੰਘ ਕਿਰਤੀ ਵੱਲੋਂ ਜਾਰੀ ਅਖ਼ਬਾਰ ‘ਕਿਰਤੀ’ ਦੇ ਐਡੀਟਰ ਬਣੇ।

ਕਿਰਤੀ ਕਿਸਾਨ ਪਾਰਟੀ ਦੀ ਨੀਂਹ ਰੱਖਣ ਵਾਲਿਆਂ ਦੇ ਮੋਢੀਆਂ ਵਿੱਚੋਂ ਸਨ। 1927 ਤੋਂ 1929 ਤੱਕ ਇਸ ਦੇ ਜਨਰਲ ਸਕੱਤਰ ਰਹੇ। 1928 ਵਿੱਚ ਕਲਕੱਤੇ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਦੀ ਪਹਿਲੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1928 ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨਾਲ ਨੌਜਵਾਨ ਭਾਰਤ ਸਭਾ ਰਾਂਹੀ ਜੁੜੇ ਰਹੇ। ਮੇਰਠ ਸਾਜਿਸ਼ ਕੇਸ ‘ਚ ਵੀ ਹਿਰਾਸਤ ਵਿੱਚ ਗਿਆ। 1937 ਵਿੱਚ ਅਸੈਂਬਲੀ ਦੇ ਇਕਲੇ ਕਮਿਉਨਿਸਟ ਮੈਂਬਰ ਬਣੇ। 1939, 48 ਤੇ 1962 ਵਿੱਚ ਵੀ ਗ੍ਰਿਫਤਾਰ ਕੀਤਾ ਗਿਆ। ਉਹ ‘ਕਿਰਤੀ’, ‘ਜੰਗ ਆਜ਼ਾਦੀ’ ‘ਨਵਾਂ ਜ਼ਮਾਨਾ’ ਦੇ ਸੰਪਾਦਕ ਰਹੇ।

ਕਾਮਰੇਡ ਸੋਹਣ ਸਿੰਘ ਜੋਸ਼ ਨੇ ਇਤਿਹਾਸ ਦੀਆਂ ਕਈ ਕਿਤਾਬਾਂ ‘ਅਕਾਲੀ ਮੋਰਚਿਆਂ ਦਾ ਇਤਿਹਾਸ’, ‘ਗਦਰ ਪਾਰਟੀ’, ‘ਕਾਮਾਗਾਟਾ ਮਾਰੂ’ ‘ਸੋਹਣ ਸਿੰਘ ਭਕਨਾ’ ‘ਸੰਤੋਖ ਸਿੰਘ’ ਆਦਿ ਲਿਖੀਆਂ। ਉਹ ਸਾਰੀ ਉਮਰ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੇ ਮੈਂਬਰ ਰਹੇ।

ਉਹ ਸੁੰਤਤਰਤਾ ਦੇ ਮਹਾਨ ਸੁੰਤਤਰ ਯੋਧੇ ਕਿਤਾਬ ਤੋਂ ਬਹੁਤ ਪ੍ਰਭਾਵਤ ਹੋਏ। ਇਸ ਕਿਤਾਬ ਵਿੱਚ ਅਮਰੀਕੀ ਇਨਕਲਾਬੀਆਂ ਦੇ ਭਾਸ਼ਣਾਂ ਦੇ ਟੁਕੜੇ ਸਨ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਦੀ ਗੁਲਾਮੀ ਵਿਰੁੱਧ ਹਥਿਆਰਬੰਦ ਲੜਾਈ ਲੜ ਕੇ ਅਮਰੀਕਾ ਨੂੰ ਆਜ਼ਾਦ ਕਰਾਇਆ ਸੀ। ਇਹ ਕਿਤਾਬ ਸ਼ਹੀਦ ਭਗਤ ਸਿੰਘ 19-12 -1928 ਵਿੱਚ ਉਨ੍ਹਾਂ ਕੋਲ ਰਾਤ ਰਹਿਣ ਉਪਰੰਤ ਜਾਣ ਲਗੇ ਪੜਨ ਲਈ ਲੈ ਗਏ ਪਰ ਬਾਅਦ ‘ਚ ਇਨਾਂ ਦਾ ਕਦੇ ਮੇਲ ਨਹੀ ਹੋਇਆ।

ਕਾਮਰੇਡ ਸੋਹਣ ਸਿੰਘ ਜੋਸ਼ ਨੇ ਲਿਖਿਆ ਸੀ ਕਿ ਅਸੀਂ ਭੂਤ ਦੇ ਅੰਧਵਿਸ਼ਵਾਸਾਂ, ਮਰ ਚੁਕੀਆਂ ਕਦਰਾਂ ਕੀਮਤਾਂ, ਰਹੁ ਰੀਤਾਂ ਦੀ ਜਕੜ ਦੇ ਵਿਰੁੱਧ ਲੜ ਕੇ ਛੁਟਕਾਰਾ ਹਾਸਲ ਕਰ ਸਕਦੇ ਹਾਂ ਅਤੇ ਆਪਣੇ ਪਿਛਲੇ ਵਿਰਸੇ ਦੇ ਚੰਗੇ ਗੁਣਾਂ, ਕਦਰਾਂ ਕੀਮਤਾਂ ਅਤੇ ਖਿਆਲਾਂ ਨੂੰ ਅਪਣਾ ਕੇ ਅੱਗੇ ਲੈ ਜਾ ਸਕਦੇ ਹਾਂ। ਉਨ੍ਹਾਂ ਸੋਵੀਅਤ ਲੈਂਡ ਨਹਿਰੂ ਐਵਾਰਡ ਦੀ ਰਕਮ ਨਾਲ ਪਿੰਡ ਵਿੱਚ ਲਾਇਬਰੇਰੀ ਬਣਾਈ। ਚੰਗੀਆਂ ਪੁਸਤਕਾਂ ਗੰਦ-ਮੰਦ ਨੂੰ ਦੂਰ ਕਰਨ ਅਤੇ ਭਵਿੱਖ ਦੇ ਸੁਚੱਜ ਲਈ ਮਨੁੱਖ ਨੂੰ ਰਾਹਤ ਵਿਖਾਉਣ ਵਾਸਤੇ ਲੈਸ ਕਰਦੀਆਂ ਹਨ। ਮਨੁੱਖ ਨੂੰ ਸੱਭਿਆਚਾਰ ਬਣਾਉਣ ਲਈ ਰਾਹ ਸਾਫ ਕਰਦੀਆਂ ਹਨ। ਇਸੇ ਰੋਲ ਨੂੰ ਮੁੱਖ ਰੱਖ ਕੇ ਮੈਂ ਪਿੰਡ ‘ਚ ਲਾਇਬ੍ਰੇਰੀ ਬਣਾਈ ਹੈ। 29 ਜੁਲਾਈ ,1982 ਨੂੰ ਕਾਮਰੇਡ ਸੋਹਣ ਸਿੰਘ ਜੋਸ਼ ਦਾ ਦੇਹਾਂਤ ਹੋ ਗਿਆ।

ਕਾਮਰੇਡ ਸੋਹਨ ਸਿੰਘ ਜੋਸ਼ ਨੇ ਆਪਣੀ ਵਸੀਅਤ ਵਿਚ ਲਿਖਿਆ ਹੈ ਕਿ ਮੇਰੀ ਮੌਤ ਤੋਂ ਬਾਅਦ ਨਾ ਕੋਈ ਰੋਣਾ ਧੋਣਾ ਹੋਵੇ, ਨਾ ਸੋਗ, ਨਾ ਕਿਰਿਆ ਕਰਮ ਦੀ ਰਸਮ, ਨਾ ਕੋਈ ਪਾਠ, ਨਾ ਕੋਈ ਅਰਦਾਸ ਕੀਤੀ ਜਾਵੇ ਮੇਰੀ ਆਤਮਾ ਦੀ ਸ਼ਾਂਤੀ ਲਈ। ਮੇਰੇ ਲਈ ਕਿਸੇ ਧਾਰਮਿਕ ਵਿਅਕਤੀ ਦੇ ਅਸ਼ੀਰਵਾਦ ਦੀ ਕੋਈ ਕੀਮਤ ਨਹੀਂ ਅਤੇ ਨਾ ਹੀ ਇਸਦੀ ਲੋੜ ਹੈ।” ਰੂਹਾਂ ਉਨ੍ਹਾਂ ਲੋਕਾਂ ਦੀਆਂ ਹੀ ਭਟਕਦੀਆਂ ਹਨ ਜਿਨ੍ਹਾਂ ਨੇ ਲੋਕਾਂ ਨਾਲ ਪਾਪ ਕੀਤੇ ਹੋਣ, ਧੋਖੇ ਕੀਤੇ ਹੋਣ ਜਾਂ ਗਦਾਰੀ ਕੀਤੀ ਹੋਵੇ।” ਮੈਂ ਇਹ ਸਭ ਕੁਝ ਇਸ ਲਈ ਲਿਖ ਕੇ ਜਾ ਰਿਹਾ ਹਾਂ ਤਾਂ ਜੋ ਮੇਰੇ ਮ੍ਰਿਤਕ ਸਰੀਰ ਨੂੰ ਧਾਰਮਿਕ ਰਸਮਾਂ ‘ਚ ਘਸੀਟਿਆ ਨਾ ਜਾਵੇ। ਸਸਕਾਰ ਤੋਂ ਬਾਅਦ ਮੇਰੀਆਂ ਅਸਥੀਆਂ ਲਾਹੌਰ ਬਰਾਂਚ ਨਹਿਰ ਵਿੱਚ ਰੋੜ ਦਿੱਤੀਆਂ ਜਾਣ, ਜੋ ਕੇ ਵਾਹਗੇ ਤੋਂ ਪਾਰ ਵਸਦੇ ਮੁਸਲਮ ਲੋਕਾਂ ਲਈ ਮੇਰੇ ਸਦੀਵੀ ਪਿਆਰ ਅਤੇ ਵੰਡ ਦੇ ਸਮੇਂ ਹੋਏ ਖੂਨ ਖਰਾਬੇ ਦੌਰਾਨ ਮੇਰੀ ਪਾਰਟੀ ਦੀ ਪਾਕ ਦਮਨੀ ਦਾ ਸਬੂਤ ਹੋਵੇਗਾ।

Share This Article
Leave a Comment