ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਜਪਾਨ ਵਿੱਚ ਹੋ ਰਹੀਆਂ ਓਲੰਪਿਕ ਗੇਮਾਂ ਵਿੱਚ ਜ਼ਿਆਦਾਤਰ ਖਿਡਾਰੀ ਕੋਰੋਨਾ ਵਾਇਰਸ ਦੀ ਲਾਗ ਦਾ ਸ਼ਿਕਾਰ ਹੋ ਰਹੇ ਹਨ। ਟੋਕੀਓ ਓਲੰਪਿਕ ਤੋਂ ਪਹਿਲਾਂ ਇੱਕ ਅਮਰੀਕੀ ਵਾਲੀਬਾਲ ਖਿਡਾਰੀ ਦਾ ਜਪਾਨ ਪਹੁੰਚਣ ਉਪਰੰਤ ਕੋਵਿਡ -19 ਦਾ ਟੈਸਟ ਪਾਜ਼ਿਟਿਵ ਆਇਆ ਹੈ ਅਤੇ ਇਹ ਖਿਡਾਰੀ ਹੁਣ ਟੋਕਿਓ ਓਲੰਪਿਕ ਵਿੱਚ ਹਿੱਸਾ ਨਹੀਂ ਲੈ ਰਿਹਾ ਹੈ।
ਯੂਐੱਸਏ ਵਾਲੀਬਾਲ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਸਥਾਨਕ ਨਿਯਮਾਂ, ਪ੍ਰੋਟੋਕੋਲ ਅਤੇ ਸੁਰੱਖਿਆ ਕਾਰਨਾਂ ਕਰਕੇ ਇਸ ਐਥਲੀਟ ਨੂੰ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਖਿਡਾਰੀ ਦਾ ਨਾਮ ਅਜੇ ਤੱਕ ਅਧਿਕਾਰਤ ਤੌਰ ‘ਤੇ ਜਾਰੀ ਨਹੀਂ ਕੀਤਾ ਗਿਆ ਹੈ। ਇਹ ਐਥਲੀਟ ਟੀਮ ਯੂਐੱਸਏ ਦਾ ਦੂਜਾ ਮੈਂਬਰ ਹੈ ਜਿਸ ਨੇ ਟੋਕੀਓ ਓਲੰਪਿਕ ਦੇ ਉਦਘਾਟਨੀ ਸਮਾਰੋਹ ਤੋਂ ਸਿਰਫ ਦੋ ਦਿਨ ਪਹਿਲਾਂ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ ਹੈ।
ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਦੱਸਿਆ ਕਿ ਖੇਡਾਂ ਲਈ ਪ੍ਰਵਾਨਿਤ 71 ਵਿਅਕਤੀਆਂ ਨੇ ਕੋਵਿਡ -19 ਲਈ ਪਾਜ਼ਿਟਿਵ ਟੈਸਟ ਕੀਤੇ ਹਨ, ਜਿਨ੍ਹਾਂ ਵਿੱਚ ਟੋਕਿਓ ਦੇ ਓਲੰਪਿਕ ਵਿਲੇਜ ਵਿੱਚ ਅੰਤਰਰਾਸ਼ਟਰੀ ਅਥਲੀਟਾਂ ਦੀ ਵੱਧ ਰਹੀ ਗਿਣਤੀ ਵੀ ਸ਼ਾਮਲ ਹੈ। ਅੰਕੜਿਆਂ ਅਨੁਸਾਰ ਬੁੱਧਵਾਰ ਤੱਕ, ਜਪਾਨ ਵਿੱਚ ਕੋਵਿਡ -19 ਦੇ 3,600 ਨਵੇਂ ਕੇਸ ਵੀ ਸਾਹਮਣੇ ਆਏ ਹਨ।