-ਸੁਬੇਗ ਸਿੰਘ;
ਮੌਜੂਦਾ ਦੌਰ ਵਿੱਚ ਦੇਸ਼ ਦੀ ਰਾਜਨੀਤੀ ਵਿੱਚ ਕਾਫੀ ਉਥਲ ਪੁਥਲ ਹੈ। ਸਿਆਸੀ ਆਗੂ ਆਪਣੀ ਜਨਤਾ ਨਾਲ ਵਾਅਦੇ ਤਾਂ ਬਹੁਤ ਕਰਦੇ ਪਰ ਗੱਦੀ ਉਪਰ ਬਿਰਾਜਮਾਨ ਹੋਣ ਤੋਂ ਬਾਅਦ ਲੋਕਾਂ ਨਾਲ ਕੀਤੇ ਸਾਰੇ ਕੌਲ – ਕਰਾਰ ਭੁੱਲ ਜਾਂਦੇ ਹਨ। ਦੁਬਾਰਾ ਸੱਤਾ ਉਪਰ ਕਾਬਜ਼ ਹੋਣ ਲਈ ਫੇਰ ਹੱਥ ਪੈਰ ਮਾਰੇ ਜਾਂਦੇ, ਵਾਅਦੇ-ਕੌਲ ਕਰਾਰ ਕੀਤੇ ਜਾਂਦੇ ਹਨ। ਇਨ੍ਹਾਂ ਕੌਲਾਂ ਦੀ ਸਮੀਖਿਆ ਪੇਸ਼ ਕਰਦਾ ਹੈ ਇਹ ਲੇਖ :
ਦੁਨੀਆ ਤਾਂ ਇੱਕ ਮੇਲਾ ਹੈ। ਇਸ ਮੇਲੇ ‘ਚ ਕੋਈ ਹੱਸਦਾ ਹੈ ਅਤੇ ਕੋਈ ਰੋਂਦਾ ਹੈ। ਕੋਈ ਦੂਸਰਿਆਂ ਲਈ ਵੀ ਆਪਣੀ ਸਿਰ ਧੜ ਦੀ ਬਾਜੀ ਲਗਾ ਦਿੰਦਾ ਹੈ। ਕੋਈ ਆਪਣਿਆਂ ਦੀ ਵੀ ਰੱਤੀ ਪ੍ਰਵਾਹ ਨਹੀਂ ਕਰਦਾ। ਕੋਈ ਸਭ ਕੁੱਝ ਹੁੰਦਿਆਂ ਵੀ ਹਰ ਵਕਤ ਰੋਂਦਾ ਰਹਿੰਦਾ ਹੈ ਅਤੇ ਪ੍ਰਮਾਤਮਾ ਨੂੰ ਕੋਸਦਾ ਰਹਿੰਦਾ ਹੈ। ਪਰ ਕੋਈ ਦੂਸਰਾ ਪੱਲੇ ਧੇਲਾ ਨਾ ਹੋਣ ਦੇ ਬਾਵਜੂਦ ਫਕੀਰਾਂ ਦੇ ਵਾਂਗ ਹੱਸ ਕੇ ਸਾਰੀ ਉਮਰ ਗੁਜਾਰ ਦਿੰਦਾ ਹੈ ਅਤੇ ਪ੍ਰਮਾਤਮਾ ਦਾ ਲੱਖ 2 ਸ਼ੁਕਰ ਕਰਦਾ ਹੈ। ਗੱਲ ਕੀ, ਹਰ ਕੋਈ ਆਪੋ ਆਪਣੇ ਹਿਸਾਬ ਨਾਲ ਆਪਣੀ ਜਿੰਦਗੀ ਗੁਜਾਰ ਰਿਹਾ ਹੈ। ਕਿਸੇ ਨੂੰ ਆਪਣਾ ਦੁੱਖ ਵੱਡਾ ਜਾਪ ਰਿਹਾ ਹੈ ਅਤੇ ਕੋਈ ਦੂਸਰੇ ਨੂੰ ਸੁਖੀ ਵੇਖਕੇ ਹੀ ਦੁਖੀ ਹੋਈ ਜਾ ਰਿਹਾ ਹੈ। ਇਸੇ ਲਈ ਤਾਂ ਕਿਸੇ ਸ਼ਾਇਰ ਨੇ ਕਿਹਾ ਹੈ ਕਿ
ਮੁਲਕ ਸਾਈਂ ਦਾ ਵੱਸਦਾ
ਕੋਈ ਰੋਂਦਾ ਤੇ ਕੋਈ ਹੱਸਦਾ।
ਬਿਲਕੁੱਲ ਹੀ ਸੱਚ ਜਾਪਦਾ ਹੈ।
ਇਸ ਗੱਲ ਵਿੱਚ ਰੱਤੀ ਵੀ ਝੂਠ ਨਹੀਂ ਹੈ ਕਿ ਮਨੁੱਖ ਜਨਮ ਲੈਣ ਸਮੇਂ ਵੀ ਇਸ ਸੰਸਾਰ ਚ ਖਾਲੀ ਹੱਥ ਹੀ ਆਇਆ ਸੀ ਅਤੇ ਇਸ ਸੰਸਾਰ ਤੋਂ ਜਾਣ ਵੇਲੇ ਵੀ ਸਭ ਕੁੱਝ ਇੱਥੋਂ ਦਾ ਇੱਥੇ ਹੀ ਛੱਡ ਕੇ ਖਾਲੀ ਹੱਥ ਹੀ ਤੁਰ ਜਾਂਦਾ ਹੈ। ਇਹ ਧਨ ਦੌਲਤ ਤੇ ਮਹਿਲ ਮਾੜ੍ਹੀਆਂ ਸਭ ਇੱਥੇ ਹੀ ਰਹਿ ਜਾਂਦੀਆਂ ਹਨ। ਅਗਰ ਮਨੁੱਖ ਦੇ ਕੁੱਝ ਹੱਥ ਵੱਸ ਹੈ ਤਾਂ ਉਹ ਇਹ ਹੈ ਇਸ ਦੁਨੀਆਂ ਦੀ ਧਨ ਦੌਲਤ ਅਤੇ ਨਜਾਰਿਆਂ ਦਾ ਅਨੰਦ ਜਰੂਰ ਮਾਣ ਸਕਦਾ ਹੈ। ਪਰ ਅਫਸੋਸ, ਕਿ ਕਈ ਵਿਚਾਰੇ ਤਾਂ ਆਪਣੀ ਗਰੀਬੀ ਅਤੇ ਮਜਬੂਰੀ ਦੇ ਕਾਰਨ ਇਨ੍ਹਾਂ ਨਜਾਰਿਆਂ ਦਾ ਅਨੰਦ ਨਹੀਂ ਮਾਣ ਸਕਦੇ। ਪਰ ਕਈ ਅਭਾਗੇ ਸਭ ਕੁੱਝ ਹੁੰਦਿਆਂ ਹੋਇਆਂ ਵੀ ਜਿੰਦਗੀ ਦਾ ਅਨੰਦ ਨਹੀਂ ਮਾਣ ਸਕਦੇ। ਅਸਲ ਵਿੱਚ ਅਜਿਹੇ ਲੋਕ ਹੀ ਸਭ ਤੋਂ ਵੱਧ ਬਦ ਕਿਸਮਤ ਹੁੰਦੇ ਹਨ।ਜਿਹੜੇ ਇਸ ਸੰਸਾਰ ਚ ਜਿਹੋ ਜਿਹੇ ਆਏ ਹੁੰਦੇ ਹਨ,ਉਹੋ ਜਿਹੇ ਹੀ ਇਸ ਸੰਸਾਰ ਤੋਂ ਕੂਚ ਕਰ ਜਾਂਦੇ ਹਨ। ਉਨ੍ਹਾਂ ਦੇ ਸਿਰ ਉਪਰ ਮੌਜਾਂ ਹੋਰ ਹੀ ਲੁੱਟ ਜਾਂਦੇ ਹਨ।
ਇਸ ਸੰਸਾਰ ‘ਚ ਆ ਕੇ ਹਰ ਵਿਅਕਤੀ ਹੀ ਚਾਹੁੰਦਾ ਹੈ ਕਿ ਉਸ ਕੋਲ ਅਥਾਹ ਧਨ ਦੌਲਤ ਹੋਵੇ ਅਤੇ ਜਿੰਦਗੀ ਦੀ ਹਰ ਸੁੱਖ ਸੁਵਿਧਾ ਉਸਨੂੰ ਵੀ ਨਸੀਬ ਹੋਵੇ। ਕਈ ਲੋਕ ਤਾਂ ਕਿਸਮਤ ਦੇ ਐਨੇ ਧਨੀ ਹੁੰਦੇ ਹਨ, ਜਿਨ੍ਹਾਂ ਨੂੰ ਜੰਮਦਿਆਂ ਹੀ ਮਾਪਿਆਂ ਦੀ ਅਥਾਹ ਧਨ ਦੌਲਤ ਮਿਲ ਜਾਂਦੀ ਹੈ। ਪਰ ਬਹੁਤ ਸਾਰੇ ਅਜਿਹੇ ਬਦਨਸੀਬ ਵੀ ਹੁੰਦੇ ਹਨ, ਜਿਨ੍ਹਾਂ ਨੂੰ ਜੰਮਣ ਸਾਰ ਹੀ ਰੋਜੀ ਰੋਟੀ ਦੇ ਲਾਲ੍ਹੇ ਪੈ ਜਾਂਦੇ ਹਨ। ਅਜਿਹੇ ਲੋਕਾਂ ਨੂੰ ਖੁਸ਼ੀ ਦੇਣ ਵਾਲੀ ਚੀਜ ਤਾਂ ਕੀ ਨਸੀਬ ਹੋਣੀ ਹੈ, ਸਗੋਂ ਅਜਿਹੇ ਲੋਕਾਂ ਨੂੰ ਤਾਂ ਜਿੰਦਗੀ ਦੀਆਂ ਜਰੂਰੀ ਲੋੜਾਂ ਪੂਰੀਆਂ ਕਰਨ ਲਈ ਵੀ ਹਰ ਰੋਜ ਜਿੰਦਗੀ ਨਾਲ ਦੋ ਚਾਰ ਹੋਣਾ ਪੈਂਦਾ ਹੈ। ਜਿਸਦੇ ਕਾਰਨ ਉਨ੍ਹਾਂ ਦੀ ਸਾਰੀ ਉਮਰ ਹੀ ਤੰਗੀਆਂ ਤੁਰਸ਼ੀਆਂ ਤੇ ਦੁਸ਼ਵਾਰੀਆਂ ‘ਚ ਗੁਜਰ ਜਾਂਦੀ ਹੈ।
ਪਰ ਮਨ ਤਾਂ ਬੜਾ ਚੰਚਲ ਹੁੰਦਾ ਹੈ। ਮਨੁੱਖ ਦਾ ਇਹ ਚੰਚਲ ਮਨ ਹੀ ਮਨੁੱਖ ਦੇ ਹੱਥੋਂ ਕਈ ਵਾਰ ਅਜਿਹੇ ਕੰਮ ਵੀ ਕਰਵਾ ਦਿੰਦਾ ਹੈ, ਜਿਸਦੇ ਬਦਲੇ ਮਨੁੱਖ ਨੂੰ ਸੰਸਾਰਕ ਅਦਾਲਤਾਂ ਤਾਂ ਸ਼ਜਾ ਦੀ ਹੱਕਦਾਰ ਮੰਨਦੀਆਂ ਹੀ ਹਨ, ਸਗੋਂ ਮਨੁੱਖ ਅਜਿਹੇ ਕੰਮ ਕਰਕੇ ਆਪਣੇ ਆਪਨੂੰ ਵੀ ਪ੍ਰਮਾਤਮਾ ਅੱਗੇ ਕਸੂਰਵਾਰ ਮੰਨਣ ਲੱਗ ਪੈਂਦਾ ਹੈ। ਇੱਥੋਂ ਤੱਕ ਕਿ ਕਈ ਵਾਰ ਤਾਂ ਮਨੁੱਖ ਦਾ ਮਨ ਵੀ ਅਜਿਹੇ ਕੰਮ ਕਰਨ ਨੂੰ ਨਹੀਂ ਮੰਨਦਾ ਅਤੇ ਉਹਦੀ ਅੰਤਰ ਆਤਮਾ ਉਸਨੂੰ ਅਜਿਹੇ ਕੰਮ ਕਰਨ ਤੋਂ ਧਿਰਕਾਰਦੀ ਵੀ ਹੈ। ਪਰ ਸੰਸਾਰਕ ਰੰਗ ਤਮਾਸ਼ਿਆਂ ‘ਚ ਗਲਤਾਨ ਹੋਇਆ ਮਨੁੱਖ ਅਜਿਹਾ ਸਭ ਕੁੱਝ ਵਿਸਾਰ ਦਿੰਦਾ ਹੈ ਅਤੇ ਅਜਿਹਾ ਕੰਮ ਕਰ ਹੀ ਬੈਠਦਾ ਹੈ , ਜਿਹੜਾ ਮਨੁੱਖ ਨੂੰ ਉੱਕਾ ਹੀ ਸ਼ੋਭਾ ਨਹੀਂ ਦਿੰਦਾ, ਸਗੋਂ ਉਹਦੇ ਜੀਅ ਦਾ ਜੰਜਾਲ ਬਣ ਜਾਂਦਾ ਹੈ।
ਆਪਣੇ ਸ਼ੌਕ ਨੂੰ ਪੂਰਾ ਕਰਨ ਅਤੇ ਜਿੰਦਗੀ ਦਾ ਅਨੰਦ ਮਾਣਨ ਲਈ ਮਨੁੱਖ ਅਜਿਹੇ ਕੰਮ ਵੀ ਕਰ ਬੈਠਦਾ ਹੈ, ਜਿਹੜੇ ਕਾਨੂੰਨ ਦੀਆਂ ਨਜਰਾਂ ‘ਚ ਤਾਂ ਗਲਤ ਹੁੰਦੇ ਹੀ ਹਨ, ਸਗੋਂ ਪਰਿਵਾਰਕ ਤੇ ਸਮਾਜਿਕ ਕਦਰਾਂ ਕੀਮਤਾਂ ਦੇ ਵੀ ਉਲਟ ਹੁੰਦੇ ਹਨ। ਇਹ ਵੀ ਕੋਈ ਜਰੂਰੀ ਨਹੀਂ ਹੁੰਦਾ ਕਿ ਹਰ ਗੱਲ ਦੀ ਅਵੱਗਿਆ ਕਰਨ ਦੇ ਫਲ ਸਰੂਪ ਹੀ ਮਨੁੱਖ ਨੂੰ ਕੋਈ ਸ਼ਜਾ ਮਿਲੇ।ਕੁੱਝ ਅਜਿਹੇ ਕੰਮ ਧੰਦੇ ਅਤੇ ਪਰਿਵਾਰਕ ਤੇ ਸਮਾਜਿਕ ਰੀਤੀ ਰਿਵਾਜ ਵੀ ਹੁੰਦੇ ਹਨ, ਜਿਨ੍ਹਾਂ ਦੇ ਕਰਨ ਨਾਲ ਮਨੁੱਖ ਨੂੰ ਭਾਵੇਂ ਅਦਾਲਤੀ ਸ਼ਜਾ ਨਾ ਹੀ ਮਿਲੇ, ਪਰ ਪਰਿਵਾਰਕ ਤੇ ਸਮਾਜਿਕ ਤੌਰ ‘ਤੇ ਮਨੁੱਖ ਦੀ ਕਦਰ ਜੀਰੋ ਦੇ ਬਰਾਬਰ ਹੋ ਜਾਂਦੀ ਹੈ। ਭਾਵੇਂ ਅਜਿਹੇ ਮਨੁੱਖ ਦੇ ਕੋਲ ਜਿੰਨਾ ਮਰਜੀ ਧਨ ਦੌਲਤ ਵੀ ਕਿਉਂ ਨਾ ਹੋਵੇ। ਪਰ ਫੇਰ ਵੀ, ਸੰਸਾਰਕ ਧਨ ਦੌਲਤ ਦੇ ਨਾਲ 2 ਪਰਿਵਾਰਕ ਤੇ ਸਮਾਜਿਕ ਤੌਰ ‘ਤੇ ਕਦਰ ਹੋਣੀ ਵੀ ਮਨੁੱਖ ਦੀ ਅਮੀਰੀ ਚ ਸ਼ਾਮਲ ਹੁੰਦੀ ਹੈ, ਜਿਸਦੀ ਅਸਲ ਵਿੱਚ ਭਾਵੇਂ ਪਦਾਰਥਕ ਤੌਰਤੇ ਕੋਈ ਕੀਮਤ ਨਹੀਂ ਹੁੰਦੀ। ਪਰ ਅਗਰ ਇਹ ਕਦਰ ਕੀਮਤ ਮਨੁੱਖ ਦੇ ਪੱਲੇ ਨਾ ਹੋਵੇ ਤਾਂ ਮਨੁੱਖ ਸਭ ਕੁੱਝ ਪੱਲੇ ਹੁੰਦਿਆਂ ਹੋਇਆਂ ਵੀ ਸਿਰੇ ਦਾ ਗਰੀਬ ਹੋ ਜਾਂਦਾ ਹੈ।
ਮਨੁੱਖ ਦੀ ਅਜਿਹੀ ਅਮੀਰੀ ਦੀ ਖਾਸ਼ ਨਿਸ਼ਾਨੀਆਂ ਚੋਂ ਇੱਕ ਨਿਸ਼ਾਨੀ ਇਹ ਵੀ ਹੁੰਦੀ ਹੈ,ਕਿ ਮਨੁੱਖ ਨੂੰ ਆਪਣੀ ਜੁਬਾਨ ਤੇ ਹਮੇਸ਼ਾ ਦ੍ਰਿੜ ਰਹਿਣਾ ਚਾਹੀਦਾ ਹੈ। ਦੁਨੀਆਂ ‘ਚ ਬੜੇ ਘੱਟ ਲੋਕ ਅਜਿਹੇ ਹੁੰਦੇ ਹਨ, ਜਿਹੜੇ ਆਪਣੀ ਕਹਿਣੀ ਤੇ ਕਰਨੀ ਦੇ ਪੂਰੇ ਹੁੰਦੇ ਹਨ। ਜਿਆਦਾਤਰ ਲੋਕ ਤਾਂ ਥੋੜੇ ਜਿਹੇ ਲਾਲਚ ਅਤੇ ਆਪਣੇ ਮਤਲਬ ਪਿੱਛੇ ਝੱਟ ਆਪਣੀ ਜੁਬਾਨ ਤੋਂ ਮੁੱਕਰ ਜਾਂਦੇ ਹਨ। ਪਰ ਬੜੇ ਸੂਰਬੀਰ ਤੇ ਮਹਾਂਪੁਰਸ਼ ਅਜਿਹੇ ਵੀ ਹੁੰਦੇ ਹਨ, ਜਿਹੜੇ ਆਪਣੀ ਜੁਬਾਨ ਦੇ ਕੇ ਉਹਦੇ ਤੇ ਅਟੱਲ ਰਹਿੰਦੇ ਹਨ, ਪਰ ਆਪਣੀ ਜੁਬਾਨ ਤੋਂ ਮੁੱਕਰਦੇ ਨਹੀਂ। ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਦਾ ਧਰਮ ਬਚਾਉਣ ਦੀ ਜੁਬਾਨ ਦਿੱਤੀ ਸੀ। ਉਨ੍ਹਾਂ ਨੇ ਆਪਣਾ ਸੀਸ ਕੁਰਬਾਨ ਕਰ ਦਿੱਤਾ,ਪਰ ਆਪਣੇ ਵਚਨ ਤੋਂ ਪਿੱਛੇ ਨਹੀਂ ਹਟੇ। ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਲਈ ਅਤੇ ਮਨੁੱਖਤਾ ਦੀ ਬਰਾਬਰੀ ਲਈ ਆਪਣਾ ਸਰਬੰਸ ਤੱਕ ਵਾਰ ਦਿੱਤਾ,ਪਰ ਉੱਫ ਤੱਕ ਨਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਦੇ ਦੱਬੇ ਕੁੱਚਲੇ ਲੋਕਾਂ ਨੂੰ ਵਚਨ ਦਿੱਤਾ ਸੀ,ਕਿ
ਇਨ ਗਰੀਬ ਸਿੱਖਨ ਕੋ, ਦੂੰ ਪਾਤਿਸ਼ਾਹੀ,
ਦਾ ਸਿਧਾਂਤ ਪੇਸ਼ ਕਰਕੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਆਪਣੀ ਕਲਗੀ ਅਤੇ ਬਰਾਬਰੀ ਦਾ ਦਰਜਾ ਦੇ ਕੇ ਪਾਤਸ਼ਾਹ ਦਾ ਖਿਤਾਬ ਬਖਸ਼ਿਆ। ਅਸਲ ਵਿੱਚ ਅਸਲੀ ਮਰਦ ਦੀ ਨਿਸ਼ਾਨੀ ਵੀ ਤਾਂ ਇਹੋ ਹੀ ਹੁੰਦੀ ਹੈ। ਐਵੇਂ ਥੋੜੇ ਜਿਹੇ ਲਾਲਚ ਪਿੱਛੇ ਦੂਸਰੇ ਦਾ ਨੁਕਸਾਨ ਕਰਵਾ ਦੇਣਾ ਜਾਂ ਫਿਰ ਕੋਈ ਗੱਲ ਕਹਿਕੇ ਮੁੱਕਰ ਜਾਣਾ ਨਾ ਤਾਂ ਕੋਈ ਸਿਆਣਪ ਹੀ ਹੁੰਦੀ ਹੈ ਅਤੇ ਨਾ ਹੀ ਇਨਸਾਨੀਅਤ ਹੀ ਹੁੰਦੀ ਹੈ।ਇਸੇ ਲਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਬਾਣੀ ਚ ਉਚਾਰਿਆ ਹੈ,ਕਿ
ਬਾਂਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ, ਕਾਣ ਨਾ ਕੀਜੈ।
ਜਿੰਦਗੀ ਦੀ ਅਸਲੀਅਤ ਅਤੇ ਇਨਸਾਨੀਅਤ ਨੂੰ ਬਿਆਨ ਕਰਦੀ ਹੈ ਅਤੇ ਆਪਣਾ ਵਚਨ ਪੂਰਾ ਕਰਨ ਦੀ ਮਹੱਤਤਾ ਨੂੰ ਵੀ ਦਰਸਾਉਂਦੀ ਹੈ।