ਧਾਮੀ ਨੂੰ ਵੱਡੇ ਫਤਵੇ ਦਾ ਕੀ ਸੁਨੇਹਾ !

Global Team
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਹਰਜਿੰਦਰ ਸਿੰਘ ਧਾਮੀ ਅਤੇ ਰਜਿੰਦਰ ਸਿੰਘ ਮਹਿਤਾ ਦੀ ਜੋੜੀ ਨੂੰ ਪ੍ਰਧਾਨ ਅਤੇ ਜਨਰਲ ਸਕੱਤਰ ਚੁਣ ਲਿਆ ਹੈ। ਇਸ ਜਿੱਤ ਨੇ ਪੰਥਕ ਹਲਕਿਆਂ ਅੰਦਰ ਇਕ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਮੌਜੂਦਾ ਵਿਰੋਧੀ ਧਿਰ ਨੂੰ  ਇਹ ਨਤੀਜੇ ਇਕ ਵੱਡੀ ਚੁਣੌਤੀ ਦੇ ਰਹੇ ਹਨ? ਸੁਭਾਵਿਕ ਹੀ ਕਿਹਾ ਜਾ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਰਹੀਆਂ ਆਮ ਚੋਣ ਤੋਂ ਪਹਿਲਾਂ ਇਸ ਆਖਰੀ ਸਲਾਨਾ ਚੋਣ ਦਾ ਨਤੀਜਾ ਅਹਿਮੀਅਤ ਰਖਦਾ ਹੈ। ਐਡਵੋਕੇਟ ਧਾਮੀ ਦਾ ਮੁਕਾਬਲਾ ਵਿਰੋਧੀ ਧਿਰ ਦੇ ਪ੍ਰਧਾਨਗੀ ਦੇ ਉਮੀਦਵਾਰ ਸੰਤ ਬਲਬੀਰ ਸਿੰਘ ਘੁੰਨਸ ਨਾਲ ਸੀ। ਜੇਕਰ ਵੋਟਾਂ ਦੀ ਗਿਣਤੀ ਨੂੰ ਵੇਖਿਆ ਜਾਵੇ ਤਾਂ ਜਥੇਦਾਰ ਧਾਮੀ ਨੂੰ 118 ਵੋਟਾਂ ਮਿਲੀਆਂ ਜਦੋਂ ਕਿ ਸੰਤ ਘੁੰਨਸ ਕੇਵਲ 17 ਵੋਟਾਂ ਹੀ ਲੈ ਸਕੇ। ਇਹ ਫਰਕ ਬਹੁਤ ਵੱਡਾ ਹੈ। ਸੰਤ ਘੁੰਨਸ ਦੀ ਮਦਦ ਬੀਬੀ ਜਗੀਰ ਕੌਰ , ਸੁਖਦੇਵ ਸਿੰਘ ਢੀਂਡਸਾ ਅਤੇ ਕਈ ਹੋਰ ਆਗੂ ਕਰ ਰਹੇ ਸਨ ਪਰ ਇਸ ਦੇ ਬਾਵਜੂਦ ਕੋਈ ਮੁਕਾਬਲਾ ਹੀ ਨਹੀ ਬਣ ਸਕਿਆ। ਇਸ ਬਾਰੇ ਕੋਈ ਦੋ ਰਾਇ ਨਹੀ ਹੈ ਕਿ ਮੌਜੂਦਾ ਹਾਊਸ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਲੀਡਰਸ਼ਿਪ ਵੇਲੇ ਦਾ ਬਣਿਆ ਹੋਇਆ ਹੈ ਪਰ ਉਸ ਹਾਊਸ ਵਿਚ ਹੀ ਬੀਬੀ ਜਗੀਰ ਕੌਰ ਅਤੇ ਹੋਰਾਂ ਦੀਆਂ ਬਗਾਵਤਾਂ ਵੀ ਸਾਹਮਣੇ ਆਈਆਂ ਹਨ। ਬੀਬੀ ਜਗੀਰ ਕੌਰ ਪਿਛਲੀ ਵਾਰ ਚਾਹੇ ਹਾਰ ਗਏ ਸਨ ਪਰ ਇਕ ਚੁਣੌਤੀ ਜ਼ਰੂਰ ਦਿੱਤੀ ਸੀ। ਇਸ ਵਾਰ ਉਹ ਚੁਣੌਤੀ ਗਾਇਬ ਹੈ। ਕੀ ਵਿਰੋਧੀ ਧਿਰ ਨੇ ਗੰਭੀਰਤਾ ਨਾਲ ਚੋਣ ਨਹੀ ਲੜੀ ਜਾਂ ਮੌਜੂਦਾ ਹਾਊਸ ਨੇ ਸਾਥ ਨਹੀਂ ਦਿੱਤਾ। ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਮੌਜੂਦਾ ਹਾਊਸ ਦੇ ਮੈਂਬਰ ਦਬਾਅ ਕਾਰਨ ਸੰਤ ਘੁੰਨਸ ਨੂੰ ਵੋਟ ਨਹੀਂ ਪਾ ਸਕੇ ਪਰ ਇਹ ਦਲੀਲ ਆਪਣਾ ਪੱਖ ਰੱਖਣ ਲਈ ਠੀਕ ਹੋ ਸਕਦੀ ਹੈ , ਇਹ ਦਲੀਲ ਆਮ ਚੋਣਾਂ ਲਈ ਮਦਦ ਨਹੀਂ ਕਰ ਸਕਦੀ।

ਇਸ ਚੋਣ ਬਾਅਦ ਵੱਡਾ ਇਮਤਿਹਾਨ ਸ਼੍ਰੋਮਣੀ ਕਮੇਟੀ ਦੀ ਆਮ ਚੋਣ ਦਾ ਹੈ। ਉਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖ ਸੰਸਥਾਵਾਂ ਵਿਚ ਨਿਘਾਰ ਅਤੇ ਬਾਦਲ ਪਰਿਵਾਰ ਦੇ ਕਬਜੇ ਵਰਗੇ ਮੁੱਦੇ ਉਠਣਗੇ। ਇਹ ਦੇਖਣਾ ਹੋਵੇਗਾ ਕਿ ਵਿਰੋਧੀ ਧਿਰ ਇਨਾਂ ਮੁੱਦਿਆਂ ਉੱਪਰ ਕਿੰਨਾ ਦਬਾਅ ਬਣਾ ਸਕਦੀ ਹੈ ਪਰ ਇਹ ਨਿਰਭਰ ਕਰੇਗਾ ਕਿ ਕਿਸ ਤਰਾਂ ਦੀ ਲੀਡਰਸ਼ਿਪ ਮੁਕਾਬਲੇ ਵਿਚ ਆਉਂਦੀ ਹੈ।

ਅੱਜ ਦੇ ਜਨਰਲ ਹਾਊਸ ਨੇ ਭਾਈ ਬਲਵੰਤ ਸਿੰਘ  ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਵੀ ਲਿਆ ਹੈ। ਕਮੇਟੀ ਦੀਆਂ ਆਮ ਚੋਣਾਂ ਵਿਚ ਗੁਰਦੁਆਰਾ ਕਮਿਸ਼ਨ ਦੀ ਭੂਮਿਕਾ ਬਾਰੇ ਵੀ ਸਵਾਲ ਉਠਾਏ ਗਏ ਹਨ । ਸਰਕਾਰਾਂ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਵਿਰੁੱਧ ਚੇਤਾਵਨੀ ਦਿੱਤੀ ਗਈ ਹੈ।

Share this Article
Leave a comment