ਮੁੰਬਈ : ਦੇਸ਼ ਦੇ ਬਿਹਤਰੀਨ ਫਾਈਵ ਸਟਾਰ ਹੋਟਲਾਂ ਵਿੱਚੋਂ ਇੱਕ ‘ਹਿਆਤ ਰੀਜੈਂਸੀ-ਮੁੰਬਈ’ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਹੋਟਲ ਦਾ ਸੰਚਾਲਨ ਕਰ ਰਹੇ ‘ਹਿਆਤ ਹੋਟਲ ਕਾਰਪੋਰੇਸ਼ਨ’ ਨੇ ਮੁੰਬਈ ਦੇ ਹਿਆਤ ਰੀਜੈਂਸੀ ਹੋਟਲ ਨੂੰ ਅਗਲੇ ਹੁਕਮਾਂ ਤਕ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਕਰਕੇ ਸੈਲਾਨੀਆਂ ਨੂੰ ਫਿਲਹਾਲ ਉੱਥੇ ਰੁਕਣ ਦੀ ਸਹੂਲਤ ਨਹੀਂ ਮਿਲ ਸਕੇਗੀ।

ਜ਼ਿਕਰਯੋਗ ਹੈ ਕਿ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ‘ਚ ਕੋਰੋਨਾ ਮਹਾਂਮਾਰੀ ਨੂੰ ਨਿਯੰਤਰਣ ਕਰਨ ਲਈ ਤਾਲਾਬੰਦੀ ਕੀਤੀ ਗਈ। ਅੰਤਰਰਾਜੀ ਅਤੇ ਅੰਤਰਰਾਸ਼ਟਰੀ ਯਾਤਰਾਵਾਂ ‘ਤੇ ਪੂਰਨ ਪਾਬੰਦੀ ਦੀ ਘੋਸ਼ਣਾ ਕੀਤੀ ਗਈ ਸੀ ਅਤੇ ਇਸ ਨਾਲ ਹੋਟਲਾਂ ਦੇ ਕਾਰੋਬਾਰ ਦਾ ਵੱਡਾ ਹਿੱਸਾ ਪੱਛੜ ਗਿਆ । ਕੋਰੋਨਾ ਦੀ ਗੰਭੀਰਤਾ ਨੂੰ ਵੇਖਦਿਆਂ ਇਹ ਉਪਾਅ ਜ਼ਰੂਰੀ ਸਨ ਪਰ ਇਹਨਾਂ ਨੇ ਕਈਆਂ ਨੂੰ ਬੇਰੁਜ਼ਗਾਰ ਕਰ ਦਿੱਤਾ ਤਾਂ ਕਈਆਂ ਦੇ ਧੰਦੇ ਚੌਪਟ ਹੋ ਗਏ । ਉੱਚ ਸੰਚਾਲਨ ਖ਼ਰਚੇ ਅਤੇ ਆਮਦਨੀ ਘੱਟ ਹੋਣ ਕਾਰਨ ਦੇਸ਼ ਭਰ ਵਿੱਚ ਬਹੁਤ ਸਾਰੇ ਹੋਟਲ ਬੰਦ ਰਹੇ। ਜਿਹੜੇ ਹੋਟਲ ਆਰਥਿਕ ਬੋਝ ਝੱਲ ਗਏ ਉਹ ਬਚਾਅ ਲਈ ਹਰ ਰੋਜ਼ ਸੰਘਰਸ਼ ਕਰਦੇ ਹੋਏ ਸੰਚਾਲਨ ਕਰ ਰਹੇ ਹਨ। ਕੋਰੋਨਾ ਦੇ ਸਵਾ ਸਾਲ ਬੀਤਣ ਦੇ ਬਾਅਦ ਵੀ ਸੈਰ ਸਪਾਟਾ ਉਦਯੋਗ ਅਤੇ ਇਸ ਨਾਲ ਜੁੜੇ ਕਿੱਤਿਆਂ ਬਾਰੇ ਕੇਂਦਰ ਦੀ ਨੀਤੀ ਸਪਸ਼ਟ ਨਹੀਂ, ਜਿਹੜੀ ਸੈਰ ਸਪਾਟਾ ਕਾਰੋਬਾਰ ਨੂੰ ਮੁੜ ਲੀਹ ‘ਤੇ ਲਿਆਉਣ ‘ਚ ਸਭ ਤੋਂ ਵੱਡੀ ਔਕੜ ਸਾਬਤ ਹੋ ਰਹੀ ਹੈ।