Breaking News

ਮੁੰਬਈ ਦਾ ਸ਼ਾਨਦਾਰ ਫਾਈਵ ਸਟਾਰ ਹੋਟਲ ‘ਹਿਆਤ ਰੀਜੈਂਸੀ’ ਹੋਇਆ ਬੰਦ

            ਮੁੰਬਈ : ਦੇਸ਼ ਦੇ ਬਿਹਤਰੀਨ ਫਾਈਵ ਸਟਾਰ ਹੋਟਲਾਂ ਵਿੱਚੋਂ ਇੱਕ ‘ਹਿਆਤ ਰੀਜੈਂਸੀ-ਮੁੰਬਈ’ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਹੋਟਲ ਦਾ ਸੰਚਾਲਨ ਕਰ ਰਹੇ ‘ਹਿਆਤ ਹੋਟਲ ਕਾਰਪੋਰੇਸ਼ਨ’ ਨੇ ਮੁੰਬਈ ਦੇ ਹਿਆਤ ਰੀਜੈਂਸੀ ਹੋਟਲ ਨੂੰ ਅਗਲੇ ਹੁਕਮਾਂ ਤਕ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਕਰਕੇ ਸੈਲਾਨੀਆਂ ਨੂੰ ਫਿਲਹਾਲ ਉੱਥੇ ਰੁਕਣ ਦੀ ਸਹੂਲਤ ਨਹੀਂ ਮਿਲ ਸਕੇਗੀ।

 

          ਹਿਆਤ ਰੀਜੈਂਸੀ ਹੋਟਲ ਦੇ ਮੀਤ ਪ੍ਰਧਾਨ ਅਤੇ ਭਾਰਤ ਵਿਚ ਇਸ ਦੇ ਮੁਖੀ ਸੰਜੇ ਸ਼ਰਮਾ ਨੇ ਦੱਸਿਆ ਕਿ ਹਿਆਤ ਰੀਜੈਂਸੀ ਮੁੰਬਈ ਦੇ ਮਾਲਕੀਆਣਾ ਹੱਕ ਏਸ਼ੀਅਨ ਹੋਟਲ ਵੈਸਟ ਲਿਮਟਿਡ ਕੋਲ ਸੀ। ਕੰਪਨੀ ਨੇ ਹੋਟਲ ਨੂੰ ਚਲਾਉਣ ਲਈ ਲੋਡ਼ੀਂਦਾ ਧਨ ਨਹੀਂ ਦਿੱਤਾ, ਜਿਸ ਕਾਰਨ ਹਿਆਤ ਰੀਜੈਂਸੀ ਮੁੰਬਈ ਦੇ ਸਾਰੇ ਕੰਮਕਾਜ ਅਸਥਾਈ ਰੂਪ ਵਿਚ ਰੋਕਣ ਦਾ ਫੈਸਲਾ ਲਿਆ ਗਿਆ ਹੈ। ਅਦਾਰੇ ਦੇ ਜਨਰਲ ਮੈਨੇਜਰ ਹਰਦੀਪ ਮਰਵਾਹ ਵਲੋਂ ਇਸ ਸਬੰਧੀ ਬਕਾਇਦਾ ਨੋਟਿਸ ਕੱਢਿਆ ਗਿਆ ਹੈ।
           ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਆਮਦਨ ਨਾ ਹੋਣ ਕਾਰਨ ਧਨ ਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਅਗਲੇ ਹੁਕਮਾਂ ਤੱਕ ਹੋਟਲ ਬੰਦ ਰਹੇਗਾ। ਕੋਈ ਵੀ ਬੁਕਿੰਗ ਨਹੀਂ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ‘ਅਸੀਂ ਆਪਣੇ ਮਹਿਮਾਨਾਂ ਦਾ ਸਨਮਾਨ ਕਰਦੇ ਹਾਂ ਤੇ ਉਨ੍ਹਾਂ ਨੂੰ ਆ ਰਹੀ ਮੁਸ਼ਕਲ ਲਈ ਸ਼ਰਮਿੰਦਾ ਹਾਂ।’

         ਜ਼ਿਕਰਯੋਗ ਹੈ ਕਿ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ‘ਚ ਕੋਰੋਨਾ ਮਹਾਂਮਾਰੀ ਨੂੰ ਨਿਯੰਤਰਣ ਕਰਨ ਲਈ ਤਾਲਾਬੰਦੀ ਕੀਤੀ ਗਈ। ਅੰਤਰਰਾਜੀ ਅਤੇ ਅੰਤਰਰਾਸ਼ਟਰੀ ਯਾਤਰਾਵਾਂ ‘ਤੇ ਪੂਰਨ ਪਾਬੰਦੀ ਦੀ ਘੋਸ਼ਣਾ ਕੀਤੀ ਗਈ ਸੀ ਅਤੇ ਇਸ ਨਾਲ ਹੋਟਲਾਂ ਦੇ ਕਾਰੋਬਾਰ ਦਾ ਵੱਡਾ ਹਿੱਸਾ ਪੱਛੜ ਗਿਆ । ਕੋਰੋਨਾ ਦੀ ਗੰਭੀਰਤਾ ਨੂੰ ਵੇਖਦਿਆਂ ਇਹ ਉਪਾਅ ਜ਼ਰੂਰੀ ਸਨ ਪਰ ਇਹਨਾਂ ਨੇ ਕਈਆਂ ਨੂੰ ਬੇਰੁਜ਼ਗਾਰ ਕਰ ਦਿੱਤਾ ਤਾਂ ਕਈਆਂ ਦੇ ਧੰਦੇ ਚੌਪਟ ਹੋ ਗਏ ।  ਉੱਚ ਸੰਚਾਲਨ ਖ਼ਰਚੇ ਅਤੇ ਆਮਦਨੀ ਘੱਟ ਹੋਣ ਕਾਰਨ ਦੇਸ਼ ਭਰ ਵਿੱਚ ਬਹੁਤ ਸਾਰੇ ਹੋਟਲ ਬੰਦ ਰਹੇ। ਜਿਹੜੇ ਹੋਟਲ ਆਰਥਿਕ ਬੋਝ ਝੱਲ ਗਏ ਉਹ ਬਚਾਅ ਲਈ ਹਰ ਰੋਜ਼ ਸੰਘਰਸ਼ ਕਰਦੇ ਹੋਏ ਸੰਚਾਲਨ ਕਰ ਰਹੇ ਹਨ। ਕੋਰੋਨਾ ਦੇ ਸਵਾ ਸਾਲ ਬੀਤਣ ਦੇ ਬਾਅਦ ਵੀ ਸੈਰ ਸਪਾਟਾ ਉਦਯੋਗ ਅਤੇ ਇਸ ਨਾਲ ਜੁੜੇ ਕਿੱਤਿਆਂ ਬਾਰੇ ਕੇਂਦਰ ਦੀ ਨੀਤੀ ਸਪਸ਼ਟ ਨਹੀਂ, ਜਿਹੜੀ ਸੈਰ ਸਪਾਟਾ ਕਾਰੋਬਾਰ ਨੂੰ ਮੁੜ ਲੀਹ ‘ਤੇ ਲਿਆਉਣ ‘ਚ ਸਭ ਤੋਂ ਵੱਡੀ ਔਕੜ ਸਾਬਤ ਹੋ ਰਹੀ ਹੈ।

Check Also

ਆਸਾਰਾਮ ਨੂੰ ਲੱਗਿਆ ਝਟਕਾ, ਰਾਜਸਥਾਨ ਹਾਈ ਕੋਰਟ ਨੇ ਫਿਲਮ’ਸਿਰਫ ਏਕ ਬੰਦਾ ਹੀ ਕਾਫੀ ਹੈ’  ‘ਤੇ ਪਾਬੰਦੀ ਲਗਾਉਣ ਤੋਂ ਕੀਤਾ ਇਨਕਾਰ

ਨਿਊਜ਼ ਡੈਸਕ: ਜਿਨਸੀ ਸ਼ੋਸ਼ਣ ਮਾਮਲੇ ਦੇ ਦੋਸ਼ੀ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ‘ ਸੁਣਾਈ …

Leave a Reply

Your email address will not be published. Required fields are marked *