ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਤਵਾਰ ਨੂੰ ਸੂਬੇ ਵਿੱਚ ਲਾਕਡਾਊਨ ਲਗਾਇਆ ਗਿਆ। ਜਿਸ ਦਾ ਸ਼ਹਿਰਾਂ ਵਿਚ ਰਲਵਾਂ ਮਿਲਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਲਾਕਡਾਊਨ ਦੌਰਾਨ ਮੌਲ, ਬਾਜ਼ਾਰ, ਦੁਕਾਨਾਂ’ ਰੈਸਟੋਰੈਂਟ, ਢਾਬੇ ਪੂਰਨ ਤੌਰ ‘ਤੇ ਬੰਦ ਦਿਖਾਈ ਦਿੱਤੇ ਪਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕਿ ਮੈਡੀਕਲ ਸਟੋਰ, ਦੁੱਧ, ਸਬਜ਼ੀ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ।
ਪੰਜਾਬ ਸਰਕਾਰ ਨੇ ਆਪਣੇ ਫ਼ੈਸਲੇ ਵਿੱਚ ਪਬਲਿਕ ਟਰਾਂਸਪੋਰਟ, ਲੋਕਾਂ ਦੀ ਇਕ ਥਾਂ ਤੋਂ ਦੂਸਰੀ ਥਾਂ ਆਮਦ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਸੀ। ਜਿਸ ਕਾਰਨ ਸ਼ਹਿਰਾਂ ਵਿੱਚ ਲੋਕ ਆਪਣੇ ਸਾਧਨਾਂ ‘ਤੇ ਆਉਂਦੇ ਜਾਂਦੇ ਦਿਖਾਈ ਦਿੱਤੇ।
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਰੋਜ਼ਾਨਾ 5000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ 70 ਤੋਂ ਵੱਧ ਲੋਕਾਂ ਦੀ ਮੌਤ ਹੋ ਰਹੀ ਹੈ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਵਿਚ ਨਾਈਟ ਕਰਫਿਊ ਲਗਾਇਆ ਹੈ ਅਤੇ ਹਫ਼ਤੇ ਦੇ ਆਖ਼ਰੀ ਦਿਨ ਯਾਨੀ ਐਤਵਾਰ ਨੂੰ ਪੂਰਨ ਤੌਰ ‘ਤੇ ਲਾਕਡਾਊਨ ਰਹੇਗਾ।