ਵਾਸ਼ਿੰਗਟਨ: ਅਮਰੀਕਾ ਦੇ ਇਲੀਨੋਇਸ ਸੂਬੇ ‘ਚ ਅਪ੍ਰੈਲ ਮਹੀਨਾ ‘ਸਿੱਖ ਜਾਗਰੂਕਤਾ ਮਹੀਨੇ’ ਵਜੋਂ ਮਨਾਇਆ ਜਾਵੇਗਾ। ਇਸ ਸਬੰਧੀ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਸੂਬੇ ਇਲੀਨੋਇਸ ‘ਚ ਅਪ੍ਰੈਲ ਨੂੰ ‘ਸਿੱਖ ਸ਼ਲਾਘਾ ਅਤੇ ਜਾਗਰੂਕਤਾ ਮਹੀਨੇ ਦੇ ਵਜੋਂ ਮਾਨਤਾ ਦੇਣ ਦੇ ਪ੍ਰਸਤਾਵ ਨੂੰ ਸੰਸਦੀ ਰਿਕਾਰਡ ਵਿੱਚ ਸ਼ਾਮਲ ਕਰ ਲਿਆ ਹੈ।
ਇਸ ਮੌਕੇ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਸਿੱਖ ਅਮਰੀਕੀ ਭਾਈਚਾਰੇ ਦੇ ਖਿਲਾਫ ਨਫ਼ਰਤੀ ਅਪਰਾਧ ਅਤੇ ਹਿੰਸਕ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਕਾਰਨ ਸਿੱਖਾਂ ਦੀ ਪਛਾਣ ਜਗ ਜ਼ਾਹਰ ਕਰਨ ਲਈ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਾਨਤਾ ਦੇਣੀ ਜ਼ਰੂਰੀ ਬਣ ਗਈ ਹੈ। ਦੱਸ ਦਈਏ ਹਾਲ ਹੀ ‘ਚ 15 ਅਪ੍ਰੈਲ ਨੂੰ ਇੰਡੀਆਨਾਪੋਲਿਸ ‘ਚ ਸਥਿਤ ਫੈਡਰਲ ਐਕਸਪ੍ਰੈਸ ਕੇਂਦਰ ‘ਤੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਵਿੱਚ ਤਿੰਨ ਔਰਤਾਂ ਸਣੇ 4 ਸਿੱਖਾਂ ਦੀ ਮੌਤ ਹੋ ਗਈ।
ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਸਿੱਖਾਂ ਨੇ 125 ਸਾਲ ਪਹਿਲਾਂ ਅਮਰੀਕਾ ਵਿੱਚ ਪਹਿਲੀ ਵਾਰ ਕਦਮ ਰੱਖਿਆ ਸੀ, ਜਿੱਥੇ ਉਨਾਂ ਨੇ ਕੈਲੀਫੋਰਨੀਆ ਦੇ ਖੇਤਾਂ ਅਤੇ ਵਾਸ਼ਿੰਗਟਨ ਦੀਆਂ ਲੱਕੜ ਦੀਆਂ ਮਿੱਲਾਂ ਵਿੱਚ ਕੰਮ ਕੀਤਾ ਸੀ। ਇਸ ਦੌਰਾਨ ਉਨਾਂ ਨੂੰ ਤਸ਼ੱਦਦ ਤੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ, ਪਰ ਇਸ ਦੇ ਬਾਵਜੂਦ ਆਪਣੀ ਮਿਹਨਤ ਤੇ ਲਗਨ ਦੇ ਦਮ ‘ਤੇ ਇਹ ਸਿੱਖ ਅਮਰੀਕਾ ‘ਚ ਫੌਜ ਸਣੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ। ਆਪਣੇ ਕਾਰੋਬਾਰ ਕਰਕੇ ਸਥਾਨਕ ਲੋਕਾਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾ ਰਹੇ ਹਨ। ਫਿਰ ਵੀ ਇਨ੍ਹਾਂ ਨਾਲ ਭੇਦਭਾਵ ਤੋਂ ਨਫ਼ਰਤੀ ਘਟਨਾਵਾਂ ਵਾਪਰਦੀਆਂ ਹਨ। ਇਸ ਲਈ ਇਲੀਨੋਇਸ ਸੂਬੇ ‘ਚ ਅਪ੍ਰੈਲ ਮਹੀਨੇ ਨੂੰ ‘ਸਿੱਖ ਜਾਗਰੂਕਤਾ ਮਹੀਨੇ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ।