ਵਰਲਡ ਡੈਸਕ :- ਲੰਬੀ ਉਡੀਕ ਤੋਂ ਬਾਅਦ ਡਬਲਯੂਐੱਚਓ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਫੈਲਣ ਦਾ ਪਤਾ ਨਹੀਂ ਲੱਗ ਸਕਿਆ। ਡਬਲਯੂਐੱਚਓ ਦੀ ਜਾਂਚ ਰਿਪੋਰਟ ‘ਚ ਵਿਗਿਆਨੀਆਂ ਨੇ ਦੱਸਿਆ ਹੈ ਕਿ ਵਾਇਰਸ ਦੇ ਲੈਬ ‘ਚ ਬਣਨ ਦੇ ਸਬੂਤ ਨਹੀਂ ਮਿਲੇ। ਕੋਰੋਨਾ ਵਾਇਰਸ ਚਮਗਿੱਦੜ ਤੋਂ ਜਾਨਵਰਾਂ ‘ਚ ਤੇ ਫਿਰ ਉਨ੍ਹਾਂ ਤੋਂ ਮਨੁੱਖਾਂ ‘ਚ ਫੈਲਣ ਦਾ ਖ਼ਦਸ਼ਾ ਹੈ।
ਦੱਸ ਦਈਏ ਡਬਲਯੂਐੱਚਓ ਦੀ ਟੀਮ ਆਖ਼ਰੀ ਰੂਪ ਨਾਲ ਕਿਸੇ ਵੀ ਫ਼ੈਸਲੇ ‘ਤੇ ਨਹੀਂ ਪਹੁੰਚੀ ਰਿਪੋਰਟ ‘ਚ ਸਾਰੇ ਸਵਾਲ ਜਵਾਬ ਤੋਂ ਰਹਿਤ ਹਨ। ਰਿਪੋਰਟ ਮੁਤਾਬਕ ਵੁਹਾਨ ‘ਚ ਤਿੰਨ ਲੈਬਾਂ ਕੰਮ ਕਰ ਰਹੀਆਂ ਹਨ। ਸਾਰੀਆਂ ਲੈਬਾਂ ਆਧੁਨਿਕ ਹਨ ਤੇ ਉੱਚ ਪੱਧਰ ਦੇ ਸੁਰੱਖਿਆ ਮਾਪਦੰਡ ਹਨ। ਕੋਰੋਨਾ ਵਾਇਰਸ ਫੈਲਣ ਦੇ ਸ਼ੁਰੂਆਤੀ ਦੌਰ ‘ਚ ਇੱਥੇ ਕਿਸੇ ਨੂੰ ਵੀ ਸਾਹ ਸਬੰਧੀ ਬਿਮਾਰੀ ਨਹੀਂ ਹੋਈ। ਲੈਬ ਦਾ ਕੋਈ ਵੀ ਸਟਾਫ ਕੋਰੋਨਾ ਪਾਜ਼ੇਟਿਵ ਵੀ ਨਹੀਂ ਹੋਇਆ ਸੀ।
ਇਸਤੋਂ ਇਲਾਵਾ ਅਮਰੀਕਾ ਨੇ ਪਿਛਲੇ ਹਫ਼ਤੇ ਹੀ ਇਹ ਉਮੀਦ ਪ੍ਰਗਟਾਈ ਸੀ ਕਿ ਰਿਪੋਰਟ ‘ਚ ਜਿਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ, ਉਨ੍ਹਾਂ ‘ਚ ਅੱਗੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਲਈ ਜ਼ਰੂਰਤ ਪਵੇ ਤਾਂ ਜਾਂਚ ਟੀਮ ਨੂੰ ਮੁੜ ਚੀਨ ਜਾਣਾ ਚਾਹੀਦਾ ਹੈ।