ਰਾਜਸਥਾਨ : ਖੇਤੀ ਕਾਨੂੰਨ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਅੱਜ ਆਪਣਾ ਅੰਦੋਲਨ ਹੋਰ ਤੇਜ਼ ਕਰਨਗੀਆਂ। ਜਿਸ ਦੇ ਤਹਿਤ ਅੱਜ ਤੋਂ ਰਾਜਸਥਾਨ ਵਿੱਚ ਸਾਰੇ ਟੋਲ ਪਲਾਜ਼ਾ ਫ੍ਰੀ ਕਰਵਾਏ ਜਾਣਗੇ। ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੋ ਦਿਨ ਪਹਿਲਾਂ ਕੀਤੀ ਗਈ ਮੀਟਿੰਗ ਵਿੱਚ ਲਿਆ ਗਿਆ ਸੀ। ਜਿਸ ਦੇ ਤਹਿਤ ਰਾਜਸਥਾਨ ਵਿੱਚ ਵੀ ਵੱਡੀ ਗਿਣਤੀ ਦੇ ਅੰਦਰ ਕਿਸਾਨ ਇਕੱਠਾ ਹੋਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਵੱਲੋਂ ਰਾਜਸਥਾਨ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਧਰਨਾ ਦਿੱਤਾ ਜਾਵੇਗਾ ਅਤੇ ਹਰ ਗੱਡੀ ਨੂੰ ਫ੍ਰੀ ਵਿੱਚ ਹੀ ਲੰਘਾਇਆ ਜਾਵੇਗਾ। ਪੰਜਾਬ ਅਤੇ ਹਰਿਆਣਾ ਵਿੱਚ ਪਹਿਲਾਂ ਤੋਂ ਹੀ ਕਿਸਾਨ ਟੋਲ ਪਲਾਜ਼ਿਆਂ ‘ਤੇ ਧਰਨਾ ਦੇ ਰਹੇ ਹਨ। ਜਿਸ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਕਿਸੇ ਵੀ ਗੱਡੀ ਤੋਂ ਟੋਲ ਟੈਕਸ ਨਹੀਂ ਲਿਆ ਜਾ ਰਿਹਾ।
ਸੰਯੁਕਤ ਕਿਸਾਨ ਮੋਰਚੇ ਨੇ ਇਹ ਵੀ ਫ਼ੈਸਲਾ ਲਿਆ ਸੀ ਕਿ 14 ਫਰਵਰੀ ਨੂੰ ਪੁਲਵਾਮਾ ਹਮਲੇ ਦੀ ਸਾਲਗਿਰ੍ਹਾ ਮੌਕੇ ਸ਼ਹੀਦ ਹੋਏ ਜਵਾਨਾਂ ਅਤੇ ਸ਼ਹੀਦ ਕਿਸਾਨਾਂ ਲਈ ਕੈਂਡਲ ਮਾਰਚ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੇ ਫੈਸਲਾ ਲਿਆ ਕਿ 16 ਫਰਵਰੀ ਨੂੰ ਸਰ ਛੋਟੂ ਰਾਮ ਦੀ ਜਯੰਤੀ ਮੌਕੇ ਏਕਤਾ ਨੂੰ ਦਰਸਾਉਂਦਾ ਸ਼ੋਅ ਕੀਤਾ ਜਾਵੇਗਾ। ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਡੈੱਡਲਾਕ ਦੀ ਸਥਿਤੀ ਬਣੀ ਹੋਈ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਪਰ ਸਰਕਾਰ ਇਹਨਾਂ ਵਿੱਚ ਸੋਧਾਂ ਕਰਨ ਲਈ ਹੀ ਤਿਆਰ ਹੈ। ਜਿਸ ਨੂੰ ਦੇਖਦੇ ਹੋਏ ਅੱਜ ਰਾਜਸਥਾਨ ਵਿੱਚ ਟੋਲ ਪਲਾਜ਼ਾ ਫ੍ਰੀ ਕਰਵਾਏ ਜਾਣਗੇ।