ਵਾਸ਼ਿੰਗਟਨ:- ਅਮਰੀਕਾ ਦੇ ਬਾਇਡਨ ਪ੍ਰਸ਼ਾਸਨ ਨੇ ਅੰਤਰਰਾਸ਼ਟਰੀ ਵਿਵਸਥਾ ਨੂੰ ਚੌਪਟ ਕਰਨ ਲਈ ਚੀਨ ਨੂੰ ਘੇਰਨ ਦੀ ਗੱਲ ਕਹੀ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਕਿਹਾ ਕਿ ਇਸ ਲਈ ਬੀਜਿੰਗ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਬਲਿੰਕਨ ਨੇ ਆਪਣੇ ਚੀਨੀ ਹਮਰੁਤਬਾ ਯਾਂਗ ਜੇਇਚੀ ਨਾਲ ਗੱਲਬਾਤ ‘ਚ ਇਹ ਸਖ਼ਤ ਸੰਦੇਸ਼ ਦੇਣ ਦੇ ਨਾਲ ਹੀ ਚੀਨ ਦੇ ਸ਼ਿਨਜਿਆਂਗ, ਤਿੱਬਤ ਤੇ ਹਾਂਗਕਾਂਗ ‘ਚ ਮਨੁੱਖੀ ਅਧਿਕਾਰ ਉਲੰਘਣਾ ਦੇ ਮੁੱਦੇ ਨੂੰ ਵੀ ਚੁੱਕਿਆ। ਦੋਵਾਂ ਨੇਤਾਵਾਂ ਵਿਚਾਲੇ ਫੋਨ ‘ਤੇ ਇਹ ਗੱਲਬਾਤ ਬੀਤੇ ਸ਼ੁੱਕਰਵਾਰ ਹੋਈ। 20 ਜਨਵਰੀ ਨੂੰ ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਪਿੱਛੋਂ ਦੋਵਾਂ ਦੇਸ਼ਾਂ ‘ਚ ਇਹ ਪਹਿਲੀ ਉੱਚ ਪੱਧਰੀ ਗੱਲਬਾਤ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਰਾਈਸ ਨੇ ਕਿਹਾ ਕਿ ਬਲਿੰਕਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸ਼ਿਨਜਿਆਂਗ, ਤਿੱਬਤ ਤੇ ਹਾਂਗਕਾਂਗ ਸਮੇਤ ਸਾਰੇ ਮਨੁੱਖੀ ਅਧਿਕਾਰਾਂ ਤੇ ਲੋਕਤੰਤਿਰਕ ਮੁੱਲਾਂ ਲਈ ਅਮਰੀਕਾ ਖੜ੍ਹਾ ਰਹੇਗਾ। ਨਾਲ ਹੀ ਚੀਨ ‘ਤੇ ਦਬਾਅ ਬਣਾਇਆ ਜਾਵੇਗਾ ਕਿ ਉਹ ਅੰਤਰਰਾਸ਼ਟਰੀ ਭਾਈਚਾਰੇ ਨਾਲ ਮਿਲ ਕੇ ਮਿਆਂਮਾਰ ‘ਚ ਤਖ਼ਤਾ ਪਲਟ ਦੀ ਨਿੰਦਾ ਕਰੇ।
ਹਾਂਗਕਾਂਗ ‘ਚ ਦਮਨਕਾਰੀ ਰਾਸ਼ਟਰੀ ਸੁਰੱਖਿਆ ਕਾਨੂੰਨ ਥੌਪਣ ‘ਤੇ ਵੀ ਬੀਜਿੰਗ ਦੀ ਨਿੰਦਾ ਹੋ ਰਹੀ ਹੈ। ਚੀਨ ਨੇ ਮਿਆਂਮਾਰ ਵਿਚ ਫ਼ੌਜੀ ਤਖ਼ਤਾ ਪਲਟ ਦਾ ਵਿਰੋਧ ਵੀ ਨਹੀਂ ਕੀਤਾ ਹੈ।
ਇਸ ਦੇਸ਼ ਦੀ ਫ਼ੌਜ ਨਾਲ ਉਸ ਦੇ ਕਰੀਬੀ ਸਬੰਧ ਦੱਸੇ ਜਾਂਦੇ ਹਨ। ਚੀਨੀ ਵਿਦੇਸ਼ ਮੰਤਰੀ ਨਾਲ ਗੱਲਬਾਤ ‘ਚ ਬਲਿੰਕਨ ਨੇ ਕਿਹਾ ਕਿ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਆਪਣੇ ਸਾਂਝੇ ਮੁੱਲਾਂ ਤੇ ਹਿੱਤਾਂ ਦੀ ਰੱਖਿਆ ਕਰੇਗਾ। ਤਾਇਵਾਨ ਸਟ੍ਰੇਟ ਸਮੇਤ ਹਿੰਦ-ਪ੍ਰਸ਼ਾਂਤ ਖੇਤਰ ਦੀ ਸਥਿਰਤਾ ਨੂੰ ਖ਼ਤਰਾ ਪੈਦਾ ਕਰਨ ਦੇ ਯਤਨਾਂ ਲਈ ਚੀਨ ਨੂੰ ਜਵਾਬਦੇਹ ਬਣਾਇਆ ਜਾਵੇਗਾ।