ਨਵੀਂ ਦਿੱਲੀ: ਦਿੱਲੀ ਪੁਲਿਸ ਵੱਲੋਂ ਕਿਸਾਨਾਂ ਦੇ ਧਰਨੇ ਵਾਲੀਆਂ ਥਾਵਾਂ ਦੇ ਆਲੇ ਦੁਆਲੇ ਪੱਕੀ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਜਿਸ ‘ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਣੇ ਸਾਰੀਆਂ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਲੀ ਪੁਲਿਸ ਨੂੰ ਅੱਜ ਸ਼ਾਮ ਪੰਜ ਵਜੇ ਤਕ ਦਾ ਅਲਟੀਮੇਟਮ ਦਿੱਤਾ ਸੀ, ਕਿ ਪੁਲਿਸ ਇਹਨਾਂ ਰੋਕਾਂ ਨੂੰ ਹਟਾਵੇ ਨਹੀਂ ਤਾਂ ਸਾਡੀ ਜਥੇਬੰਦੀ ਵੱਲੋਂ ਪੁਲਿਸ ਦੀਆਂ ਰੋਕਾਂ ਨੂੰ ਤੋੜ ਦਿੱਤਾ ਜਾਵੇਗਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇਸ ਚਿਤਾਵਨੀ ਤੋਂ ਬਾਅਦ ਦਿੱਲੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਥੇਬੰਦੀ ਦੇ ਇਸ ਬਿਆਨ ਤੋਂ ਬਾਅਦ ਅੱਜ ਸਵੇਰੇ-ਸਵੇਰੇ ਹੀ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਟਿਕਰੀ ਬਾਰਡਰ ‘ਤੇ ਪਹੁੰਚੇ। ਇਸ ਦੌਰਾਨ ਪੁਲਿਸ ਅਫ਼ਸਰਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਸਾਰੇ ਬੈਰੀਕੇਡ ਹਟਾ ਦੇਣਗੇ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਲੀ ਪੁਲਿਸ ਨਾਲ ਸਹਿਮਤੀ ਜਤਾਈ ਪਰ ਨਾਲ ਹੀ ਕੱਲ ਸ਼ਾਮ ਤਕ ਦਾ ਮੁੜ ਤੋਂ ਅਲਟੀਮੇਟਮ ਦੇ ਦਿੱਤਾ ਕਿ ਸਾਰੀਆਂ ਰੋਕਾਂ ਹਟਾ ਦਿੱਤੀਆਂ ਜਾਣ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਇਸ ਦੌਰਾਨ ਸਰਕਾਰ ਨੇ ਸਰਹੱਦਾਂ ‘ਤੇ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪਹਿਲਾਂ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਸੀ। ਜਿਸ ਦਾ ਪੂਰੀ ਦੁਨੀਆਂ ‘ਚ ਵਿਰੋਧ ਹੋਇਆ ਸੀ। ਹੁਣ ਕਿਸਾਨਾਂ ਨੇ ਇਲਜ਼ਾਮ ਲਾਏ ਹਨ ਕਿ ਦਿੱਲੀ ਪੁਲਿਸ ਬੈਰੀਕੇਡਿੰਗ ਕਰਕੇ ਉਹਨਾਂ ਨੂੰ ਇੱਕ ਕਿਸਮ ਦਾ ਲੋਕਾਂ ਨਾਲੋਂ ਵੱਖ ਕਰ ਰਹੀ ਹੈ।