ਹਰਿਆਣਾ: ਦਿੱਲੀ ਵਿੱਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਵਧਦਾ ਜਾ ਰਿਹਾ ਹੈ। ਲੋਹੜੀ ਤੋਂ ਬਾਅਦ ਹੁਣ ਕਿਸਾਨ 26 ਜਨਵਰੀ ਨੂੰ ਪਰੇਡ ਦੀਆਂ ਤਿਆਰੀਆਂ ‘ਚ ਜੁੱਟ ਗਏ ਹਨ। ਇਸ ਤਹਿਤ ਹਰਿਆਣਾ ਵਿਚ ਇਕ ਵੱਡਾ ਨੈੱਟਵਰਕ ਤਿਆਰ ਕੀਤਾ ਗਿਆ ਹੈ। ਜੋ ਦਿੱਲੀ ਵਿੱਚ ਪਰੇਡ ਮੌਕੇ ਸ਼ਾਮਲ ਹੋਵੇਗਾ। ਜੀਂਦ ਵਿੱਚ ਕਿਸਾਨਾਂ ਅਤੇ ਖਾਪ ਪੰਚਾਇਤਾਂ ਨੇ ਮਿਲ ਕੇ ਇੱਕ ਵੱਡੀ ਰਣਨੀਤੀ ਤਿਆਰ ਕੀਤੀ ਹੈ।
ਜਿਸ ਤਹਿਤ ਹਰ ਛੋਟੇ ਪਿੰਡ ਵਿੱਚੋਂ 6-6 ਟਰੈਕਟਰ ਦਿੱਲੀ ਨੂੰ ਜਾਣਗੇ ਅਤੇ ਵੱਡੇ ਪਿੰਡਾਂ ਵਿੱਚੋਂ 11-11 ਟਰੈਕਟਰ ਦਿੱਲੀ ਨੂੰ ਰਵਾਨਾ ਕੀਤੇ ਜਾਣਗੇ। ਇਨ੍ਹਾਂ ਟਰੈਕਟਰਾਂ ਦੇ ਮਗਰ 2-2 ਟਰਾਲੀਆਂ ਜੁੜੀਆਂ ਹੋਣਗੀਆਂ। ਜਿਸ ਵਿੱਚ ਖਾਣ ਪੀਣ ਦਾ ਸਾਮਾਨ ਅਤੇ ਠਹਿਰਣ ਦੀ ਪੂਰੀ ਵਿਵਸਥਾ ਕੀਤੀ ਜਾਵੇਗੀ। ਹਰ ਇੱਕ ਟਰਾਲੀ ਵਿੱਚ ਪੁਰਸ਼ ਅਤੇ ਮਹਿਲਾਵਾਂ ਨੂੰ ਮਿਲਾ ਕੇ 11 ਸਵਾਰੀਆਂ ਹੋਣਗੀਆਂ। ਅਤੇ ਇਸ ਟਰੈਕਟਰ ਪਰੇਡ ਦੀ ਹਰਿਆਣਾ ਤੋਂ ਮਹਿਲਾਵਾਂ ਅਗਵਾਈ ਕਰਨਗੀਆਂ।
ਇਸੇ ਤਰ੍ਹਾਂ ਜੀਂਦ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਵਿੱਚ ਵੀ ਕਿਸਾਨਾਂ ਅਤੇ ਖਾਪ ਪੰਚਾਇਤਾਂ ਨੇ ਸੰਪਰਕ ਸਾਧਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਤੋਂ ਲੱਖਾਂ ਦੀ ਗਿਣਤੀ ਵਿੱਚ ਲੋਕ ਪਹੁੰਚਣਗੇ ਅਤੇ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਦਿੱਲੀ ਕੁਝ ਦਿਨ ਪਹਿਲਾਂ ਹੀ ਕੂਚ ਕਰਨਗੇ। ਦੂਸਰੇ ਪਾਸੇ ਪੰਜਾਬ ਵਿੱਚ ਵੀ ਪਰੇਡ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਲੋਹੜੀ ਵਾਲੇ ਦਿਨ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕਿਸਾਨਾਂ ਨੇ ਟਰੈਕਟਰ ਮਾਰਚ ਕਰਕੇ ਪਰੇਡ ਦੀ ਰਿਹਰਸਲ ਕੀਤੀ।