ਜਲੰਧਰ : ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ‘ਤੇ ਪੁਲਿਸ ਨੇ ਇਕ ਹੋਰ ਮਾਮਲਾ ਦਰਜ ਕਰ ਲਿਆ ਹੈ। ਹਰਜੀਤ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਦਾ ਚਾਚਾ ਹਰਜੀਤ ਸਿੰਘ ਤੇ ਡਰਾਈਵਰ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਸਵੇਰੇ ਚਾਰ ਵਜੇ ਮਹਿਤਪੁਰ ਦੇ ਗੁਰਦੁਆਰੇ ਨੇੜਿਓਂ ਉਧੋਵਾਲ ਨੂੰ ਜਾਣ ਵਾਲੀ ਸੜਕ ਤੋਂ ਗਿ੍ਰਫ਼ਤਾਰ ਕੀਤਾ ਹੈ। ਹਰਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਰੇਂਡਰ ਕੀਤਾ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਅਸਲ ’ਚ ਉਸ ਨੇ ਲਗਪਗ 29 ਘੰਟੇ ਤਕ ਪਿੰਡ ਉਧੋਵਾਲ ਦੇ ਸਰਪੰਚ ਮਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਪਿਸਤੌਲ ਦੇ ਜ਼ੋਰ ’ਤੇ ਬੰਧਕ ਬਣਾ ਕੇ ਰੱਖਿਆ ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਦੀ ਕਾਰਵਾਈ ਸ਼ੁਰੂ ਹੋਣ ਦੇ ਬਾਅਦ ਅੰਮ੍ਰਿਤਪਾਲ ਤੇ ਉਸ ਦਾ ਚਾਚਾ ਹਰਜੀਤ ਸਿੰਘ ਵੱਖ-ਵੱਖ ਹੋ ਗਏ ਜਿਸ ਦੇ ਬਾਅਦ ਹਰਜੀਤ ਸਿੰਘ ਜਲੰਧਰ ਦੇ ਪਿੰਡ ਉਧੋਵਾਲ ਦੇ ਸਰਪੰਚ ਦੇ ਘਰ ਜਾ ਕੇ ਲੁਕ ਗਿਆ। ਇਥੇ ਉਸ ਨੇ ਪੂਰੇ ਪਰਿਵਾਰ ਨੂੰ ਪਿਸਤੋਲ ਦੀ ਨੋਕ ‘ਤੇ ਬੰਧਕ ਬਣਾਇਆ ਤੇ ਇਕ ਕਮਰੇ ਵਿਚ ਬੰਦ ਕਰ ਦਿੱਤਾ। ਲਗਭਗ 30 ਘੰਟੇ ਉਹ ਉਸ ਘਰ ਵਿਚ ਰਹੇ।
ਸਰਪੰਚ ਦੇ ਘਰ ’ਚ ਸਾਰਿਆਂ ਨੂੰ ਬੰਧਕ ਬਣਾਉਣ ਤੋਂ ਬਾਅਦ ਚਾਚਾ ਹਰਜੀਤ ਨੇ ਸਰਪੰਚ ਦਾ ਟੀਵੀ ਚਾਲੂ ਕਰਵਾਇਆ ਅਤੇ ਖਬਰਾਂ ਜ਼ਰੀਏ ਪਤਾ ਲਗਾਉਂਦਾ ਰਿਹਾ ਕਿ ਬਾਹਰ ਕੀ ਹੋ ਰਿਹਾ ਹੈ, ਪੁਲਿਸ ਨੇ ਨਾਕੇ ਕਿੱਥੇ-ਕਿੱਥੇ ਹਨ। ਇਸ ਦੌਰਾਨ ਉਸ ਨੇ ਕਈ ਫੋਨ ਕਰ ਕੇ ਸਾਥੀਆਂ ਨੂੰ ਨਾਕਾਬੰਦੀ ਵਾਲੀਆਂ ਸੜਕਾਂ ’ਤੇ ਨਾ ਜਾਣ ਦੀਆਂ ਹਦਾਇਤਾਂ ਵੀ ਦਿੱਤੀਆਂ। ਐਤਵਾਰ ਦੇਰ ਰਾਤ ਹਰਜੀਤ ਸਿੰਘ ਨੇ ਡਰਾਈਵਰ ਸਣੇ ਆਤਮਸਮਰਪਣ ਕਰ ਦਿੱਤਾ ਸੀ। ਸਰਪੰਚਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਹਰਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.