ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਇੱਕ ਤੋਂ ਬਾਅਦ ਇੱਕ ਮੁਕੱਦਮਾ ਰੱਦ ਹੋਣ ਦੇ ਬਾਵਜੂਦ ਆਪਣੀ ਜ਼ਿਦ ਛੱਡਣ ਦਾ ਨਾਮ ਨਹੀਂ ਲੈ ਰਹੇ। ਟਰੰਪ ਦੀ ਪ੍ਰਚਾਰ ਟੀਮ ਵੱਲੋਂ ਅਮਰੀਕਾ ਦੀ ਸੁਪਰੀਮ ਕੋਰਟ ‘ਚ ਇਕ ਨਵੀਂ ਪਟੀਸ਼ਨ ਦਾਇਰ ਕਰਦਿਆਂ ਪੈਨਸਿਲਵੇਨੀਆ ਦੇ ਚੋਣ ਨਤੀਜੇ ਖਾਰਜ ਕਰਨ ਦੀ ਮੰਗ ਕੀਤੀ ਗਈ ਹੈ ਪਰ ਕਾਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਬਿਨ੍ਹਾਂ ਕਿਸੇ ਠੋਸ ਸਬੂਤ ਤੋਂ ਦਾਇਰ ਇਹ ਪਟੀਸ਼ਨ ਵੀ ਰੱਦ ਹੋ ਜਾਵੇਗੀ।
ਟਰੰਪ ਦੇ ਵਕੀਲ ਰੂਡੀ ਜੂਲੀਆਨੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਟੀਸ਼ਨ ਰਾਹੀਂ ਜੋਅ ਬਾਇਡਨ ਦੀ ਜਿੱਤ ‘ਤੇ ਮੋਹਰ ਲਾਉਣ ਵਾਲੇ ਇਲੈਕਟਰਜ਼ ਨੂੰ ਲਾਂਭੇ ਕਰਦਿਆਂ ਪੈਨਸਿਲਵੇਨੀਆ ਅਸੈਂਬਲੀ ਨੂੰ ਨਵੇਂ ਇਲੈਕਟਰਜ਼ ਨਿਯੁਕਤ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਹੈ। ਅਦਾਲਤ ਨੂੰ ਇਸ ਸਬੰਧੀ ਤੁਰੰਤ ਫ਼ੈਸਲਾ ਸੁਣਾਉਣ ਲਈ ਵੀ ਕਿਹਾ ਗਿਆ ਹੈ ਤਾਂ ਕਿ 6 ਜਨਵਰੀ ਨੂੰ ਅਮਰੀਕੀ ਸੰਸਦ ਵਿਚ ਜੋਅ ਬਾਇਡਨ ਦੀ ਜਿੱਤ ਸਬੰਧੀ ਰਸਮੀ ਐਲਾਨ ਤੋਂ ਪਹਿਲਾਂ ਸਾਰੀ ਕਾਰਵਾਈ ਮੁਕੰਮਲ ਹੋ ਜਾਵੇ।
ਉਧਰ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਨਵੀਂ ਪਟੀਸ਼ਨ ਦਾ ਫ਼ੈਸਲਾ ਟਰੰਪ ਦੇ ਹੱਕ ਵਿਚ ਹੋਣ ਤੋਂ ਬਾਅਦ ਵੀ ਜੋਅ ਬਾਇਡਨ ਦੀ ਜਿੱਤ ਤੇ ਕੋਈ ਅਸਰ ਨਹੀਂ ਪਵੇਗਾ।